ਪੰਜਾਬ ਤੇ ਪੰਥ ਦੇ ਭਲੇ ਲਈ ਸੁਖਬੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਛੱਡੇ: ਰਵੀਇੰਦਰ ਸਿੰਘ

ਬਾਦਲਾਂ ਵੱਲੋਂ ਸਿੱਖੀ ਸਿਧਾਂਤ ਤਿਆਗਣ ਨਾਲ ਵੰਸ਼ਵਾਦ ਉੱਭਰਿਆ: ਰਵੀਇੰਦਰ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 4 ਜੁਲਾਈ:
ਸਿੱਖ ਪੰਥ ਦੀਆਂ ਪ੍ਰਤੀਨਿਧ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਬੜਾ ਮਾਣਮੱਤਾ ਇਤਿਹਾਸ ਹੈ ਪਰ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਿੱਖੀ ਸਿਧਾਂਤ, ਗੁਰੂ ਸਾਹਿਬਾਨ ਦਾ ਫ਼ਲਸਫ਼ਾ ਤਿਆਗਣ ਅਤੇ ਮੌਕਾਪ੍ਰਸਤੀ ਦੀ ਸਿਆਸਤ ਕਰਦਿਆਂ ਪਰਿਵਾਰਵਾਦ ਉਭਾਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਕੁਨਬਾ ਪਾਲਣ ਦੌਰਾਨ ਆਪਣੇ ਫ਼ਰਜ਼ੰਦ ਸੁਖਬੀਰ ਸਿੰਘ ਬਾਦਲ ਨੂੰ ਸਤਾ ਦੀ ਚਾਬੀ ਸੌਂਪੀ ਜਾ ਸਕੇ। ਇਹ ਪ੍ਰਗਟਾਵਾ ਅਕਾਲੀ ਦਲ (1920) ਦੇ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਕੀਤਾ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਸੁਖਬੀਰ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਵਿੱਚ ਪੈਦਾ ਹੋਏ ਵਾਦ-ਵਿਵਾਦ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖੀ ਸਿਧਾਂਤ ਖ਼ਤਮ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭ ਦੀਆਂ ਤਿੰਨ ਸੀਟਾਂ ਅਤੇ ਲੋਕ ਸਭਾ ਦੀ ਮਹਿਜ਼ ਇੱਕ ਸੀਟ ਤੱਕ ਸਿਮਟ ਕੇ ਰਹਿ ਗਿਆ ਹੈ। ਅਜਿਹੇ ਸਿਆਸੀ ਹਾਲਾਤਾਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਨੈਤਿਕਤਾ ਦੇ ਆਧਾਰ ’ਤੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਥਾਂ ਵੇਹਰਣ ਨੂੰ ਤਰਜੀਹ ਦਿੱਤੀ ਹੈ, ਜਿਸ ਦਾ ਕੌਮ ਵਿੱਚ ਭਾਰੀ ਰੋਹ ਹੈ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਵੀ ਸੁਖਬੀਰ ਜੁੰਡਲੀ ਨੇ ਬਸਪਾ ਦੀ ਹਮਾਇਤ ਦਾ ਐਲਾਨ ਕਰਕੇ ਪੰਥ ਨਾਲ ਗ਼ੱਦਾਰੀ ਕੀਤੀ ਹੈ।
ਸਾਬਕਾ ਸਪੀਕਰ ਨੇ ਦੋਸ਼ ਲਾਹਿਆ ਕਿ ਬਾਦਲਾਂ ਨੇ ਆਪਣੇ ਰਾਜ ਵਿੱਚ ਸਭ ਪੰਥਕ ਮਸਲੇ ਵਿਸਾਰ ਦਿੱਤੇ ਅਤੇ ਪੰਜਾਬ ਨਾਲ ਸਬੰਧਤ ਕੌਮੀ ਮਸਲਿਆਂ ਤੋਂ ਮੂੰਹ ਮੋੜ ਲਿਆ। ਜਿਸ ਦੇ ਸਿੱਟੇ ਵਜੋਂ ਪੰਜਾਬ ਆਰਥਿਕ ਤੌਰ ’ਤੇ ਨਿੱਘਰ ਗਿਆ ਅਤੇ ਰਾਜਸੀ ਤੌਰ ’ਤੇ ਅਸਥਿਰ ਹੋ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਿਰਫ਼ ਅਹੁਦਾ ਹੀ ਨਹੀਂ ਛੱਡ ਰਿਹਾ ਬਲਕਿ ਅਕਾਲੀ ਦਲ ਦੇ ਵੱਕਾਰ ਨੂੰ ਢਾਹ ਲਾ ਰਿਹਾ ਹੈ। ਉਨ੍ਹਾਂ ਪੰਜਾਬ ਤੇ ਪੰਥ ਦੇ ਭਵਿੱਖ ਲਈ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਪਰਿਵਾਰ ਦੇ ਵੰਸ਼ਵਾਦ ਨੂੰ ਖ਼ਤਮ ਕਰਨ ਲਈ ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…