ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖਾਂ ਦਾ ਪੱਕਾ ਮੋਰਚਾ ਜਾਰੀ, ਚੜੂਨੀ ਤੇ ਡਕੌਂਦਾ ਗਰੁੱਪ ਦੇ ਕਿਸਾਨ ਵੀ ਪਹੁੰਚੇ

ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਪੰਜਾਬੀ ਗਾਇਕ ਘੁੰਮਣ ਨੇ ਵੀ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਆਗੂ ਗੁਰਦੀਪ ਸਿੰਘ, ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਅਮਨਦੀਪ ਸਿੰਘ, ਮਾਸਟਰ ਦਵਿੰਦਰ ਸਿੰਘ, ਕਿਸਾਨ ਜਥੇਬੰਦੀ ਉਗਰਾਹਾਂ ਛੱਡ ਕੇ ਆਏ ਜਸਵਿੰਦਰ ਸਿੰਘ ਲੌਂਗੋਵਾਲ ਨੇ ਆਪਣੇ ਸਮਰਥਕਾਂ ਨਾਲ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਅਤੇ ਸਮਰਥਨ ਦੇਣ ਦਾ ਐਲਾਨ ਕੀਤਾ। ਇੰਜ ਹੀ ਪੰਜਾਬੀ ਗਾਇਕ ਜੋਬਨ ਘੁੰਮਣ ਨੇ ਵੀ ਹਮਾਇਤ ਦੇਣ ਦੀ ਗੱਲ ਆਖੀ। ਜਦੋਂਕਿ ਕਿਸਾਨ ਯੂਨੀਅਨ ਲੱਖੋਵਾਲ, ਏਕਤਾ ਸਿੱਧੂਪੁਰ, ਕ੍ਰਾਂਤੀਕਾਰੀ ਅਤੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਕਿਸਾਨ ਪੱਕੇ ਟੈਂਟ ਲਗਾ ਕੇ ਬੈਠ ਗਏ ਹਨ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਪੱਕਾ ਮੋਰਚਾ ਲਗਾ ਕੇ ਜਿਵੇਂ ਕਿਸਾਨਾਂ ਨੇ ਖੇਤੀ ਕਾਲੇ ਕਾਨੂੰਨ ਵਾਪਸ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਗਿਆ ਸੀ, ਓਵੇਂ ਹੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਹੁਕਮਰਾਨਾਂ ’ਤੇ ਦਬਾਅ ਪਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਜੋ ਵੀ ਸੇਵਾ ਲਗਾਈ ਜਾਵੇਗੀ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ।
ਇਸ ਮੌਕੇ ਬਾਪੂ ਗੁਰਚਰਨ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ, ਬਲਵਿੰਦਰ ਸਿੰਘ, ਵਕੀਲ ਦਿਲਸ਼ੇਰ ਸਿੰਘ ਤੇ ਗੁਰਸ਼ਰਨ ਸਿੰਘ, ਪਾਲ ਸਿੰਘ ਫਰਾਂਸ, ਰੁਪਿੰਦਰ ਸਿੰਘ, ਪਿੱਪਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਧਰ, ਅੱਜ ਸਮਾਗਮ ਵਿੱਚ ਰੋਜ਼ਾਨਾ ਵਾਂਗ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਸਾਰਾ ਦਿਨ ਵੱਖ-ਵੱਖ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਜੋਸ਼ੀਲੀਆਂ ਵਾਰਾਂ ਗਾਈਆਂ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…