nabaz-e-punjab.com

ਕਾਸ਼! ਅਗਲੇ ਪੰਜ ਸਾਲਾਂ ਦੇ ਲਾਲਚ ਵਸ ਹੀ ਪੰਜਾਬ ਦਾ ਕੁਝ ਸੰਵਾਰ ਦੇਣ ਕੈਪਟਨ ਅਮਰਿੰਦਰ ਸਿੰਘ: ਅਮਨ ਅਰੋੜਾ

‘ਆਪ’ ਵਿਧਾਇਕ ਅਰੋੜਾ ਵੱਲੋਂ ਕੈਪਟਨ ਅਮਰਿੰਦਰ ਦੀ ਅਗਲੀ ਸਿਆਸੀ ਪਾਰੀ ਦਾ ਖੁੱਲ੍ਹੀ ਚਿੱਠੀ ਰਾਹੀਂ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਨਵੰਬਰ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਖੁੱਲੀ ਚਿੱਠੀ ਲਿਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਵਲੋਂ 2022 ‘ਚ ਵੀ ਅਪਣਾ ਸਿਆਸੀ ਸਫਰ ਜਾਰੀ ਰੱਖਣ ਦੇ ਫੈਸਲੇ ਦਾ ਇਹ ਕਹਿੰਦੇ ਹੋਏ ਸਵਾਗਤ ਕੀਤਾ ਹੈ ੱਕਿ ਸ਼ਾਇਦ ਅਗਲੇ ਪੰਜ ਸਾਲ ਲੈਣ ਦੀ ਖਾਤਰ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਅਖਤਿਆਰ ਕੀਤੇ ਲਾਹਪਰਵਾਹਾ ਵਾਲੇ ਵਤੀਰੇ ਨੂੰ ਤਿਆਗ ਦੇਣਗੇ। ਅਗਲੇ ਸਾਲਾਂ ਦੇ ਲਾਲਚ ਵਸ ਮੁੱਖ ਮੰਤਰੀ ਸ਼ਾਇਦ ਪੰਦਾਬ ਦੀ ਨਿੱਘਰ ਚੁੱਕੀ ਸਿਹਤ ਅਤੇ ਲੋਕ ਮਸਲਿਆਂ ਨੂੰ ਗੰਭੀਰਤਾ ਨਾਲ ਲੈਣ ਲੱਗ ਜਾਣ ਅਤੇ ਉਹ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦਿਨ ਰਾਤ ਇਕ ਕਰ ਦੇਣ ਜਿੰਨਾਂ ਤੋਂ ਯੂ-ਟਰਨ ਮਾਰ ਚੁੱਕੇ ਹਨ।
ਆਪਣੀ ਚਿੱਠੀ ਵਿੱਚ ਅਮਨ ਅਰੋੜਾ ਲਿਖਦੇ ਹਨ…
ਅੱਜ ਮੈਂ ਜਿੱਥੇ ਤੁਹਾਡੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾਂ ਕਰਦਾ ਹਾਂ, ਉਥੇ ਹੀ ਤੁਹਾਡੇ ਵੱਲੋਂ ਬੀਤੇ ਦਿਨੀ 2022 ਵਿੱਚ ਵੀ ਆਪਣੀ ਵਿਰੋਧੀ ਪਾਰਟੀ ਦਾ ਵਿਧਾਇਕ ਅਤੇ ਨੁਮਾਇੰਦਾ ਹੋਣ ਦਾ ਪਹਿਲਾਂ ਪੰਜਾਬ, ਪੰਜਾਬੀਅਤ, ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਅਰਥਚਾਰੇ ਆਦਿ ਦਾ ਚਿੰਕਰ ਹੋਣ ਦੇ ਨਾ ਤੇ ਇਹ ਖੁੱਲੀ ਚਿੱਠੀ ਲਿਖ ਰਿਹਾ ਹਾਂ।
ਬੇਸ਼ੱਕ ਅਗਲੀ ਸਿਆਸੀ ਪਾਰੀ ਜਾਰੀ ਰੱਖਣ ਦਾ ਤੁਹਾਡਾ ਆਪਣਾ ਨਿੱਜੀ ਫੈਸਲਾ ਅਤੇ ਤੁਹਾਡੀ ਪਾਰਟੀ ਦਾ ਅੰਦਰੂਨੀ ਮਸਲਾ ਹੈ। ਮੇਰਾ ਅਤੇ ਮੇਰੀ ਪਾਰਟੀ ਦਾ ਇਸ ਨਾਲ ਕੋਈ ਸਰੋਕਾਰ ਨਹੀਂ, ਪਰ ਫਿਰ ਵੀ ਮੈਂ ਇਸ ਦਾ ਸਵਾਗਤ ਕਰਦਾ ਹਾਂ, ਕਿਉਕਿ ਤੁਹਾਡੇ ਇਸ ਫੈਸਲੇ ਨਾਲ ਪੰਜਾਬ ਦਾ ਕੁਝ ਨਾ ਕੁਝ ਭਲਾ ਹੋਣ ਦੀ ਆਸ ਹੈ। ਮੇਰੀਆਂ ਨਜਰਾਂ ‘ਚ ਭਾਵੇਂ ਤੁਹਾਡੇ ਇਸ ਫੈਸਲੇ ਨੇ ਤੁਹਾਨੂੰ ਵੀ ਉਹਨਾਂ ਬਹੁਗਿਣਤੀ ਸਵਾਰਥ ਪ੍ਰੇਰਿਤ ਸਿਆਸੀ ਲੀਡਰਾਂ ‘ਚ ਸੁਮਾਰ ਕਰ ਦਿੱਤੀ ਹੈ, ਜੋ ਪੰਜਾਬ ਦੇ ਹਿੱਤਾਂ ਦੀ ਦੁਹਾਈ ਦੇ ਕੇ ਆਪਣੇ ਹੀ ਨਿੱਜੀ ਹਿੱਤ ਸੰਵਾਰਨ ‘ਤੇ ਕੇਂਦਰਿਤ ਰਹਿੰਦੇ ਹਨ। ਤੁਹਾਡੇ ਇਸ ਫੈਸਲੇ ‘ਤੇ ਮੈਨੂੰ ਕੋਈ ਹੈਰਾਨੀ ਵੀ ਨਹੀਂ ਹੋਈ, ਕਿਉਕਿ ਜਿਵੇਂ ਤੁਸੀ ਅਤੇ ਤੁਹਾਡੀ ਕਾਂਗਰਸ ਪਾਰਟੀ ਦੀ ਸਰਕਾਰ ਘਰ-ਘਰ ਸਰਕਾਰੀ ਨੌਕਰੀ, ਕਿਸਾਨਾਂ ਅਤੇ ਮਜਦੂਰਾਂ ਦਾ ਪੂਰਾ ਕਰਜਾ ਮੁਆਫੀ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ‘ਚ ਡੋਬਣ ਅਤੇ ਪੰਜਾਬ ਨੂੰ ਕੰਗਾਲ ਕਰਨ ਵਾਲਿਆਂ ਨੂੰ ਬਣਦੀ ਸਜਾ ਦੇਣ ਵਰਗੇ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਯੂ-ਟਰਨ ਮਾਰ ਚੁੱਕੇ ਹੋ ਅਤੇ ਉਲਟਾ ਉਨਾਂ ਦੀ ਢਾਲ ਬਣਦੇ ਨਜਰ ਆ ਰਹੇ ਹੋ, ਉਸੇ ਤਰਾਂ ਆਖਰੀ ਚੋਣ ਦੀ ਗੱਲ ਕਰਕੇ ਹੁਣ ਅਗਲੀ ਸਿਆਸੀ ਪਾਰੀ ਵਾਲੇ ਬਿਆਨ ‘ਤੇ ਯੂ-ਟਰਨ ਨਾਲ ਮੈਨੂੰ ਕੋਈ ਅਚੰਭਾ ਨਹੀਂ ਹੋਇਆ। ਪਰ ਫਿਰ ਵੀ ਤੁਹਾਡੇ ਇਸ ਫੈਸਲੇ ਨੂੰ ਸਕਾਰਾਤਮਕ ਪੱਖੋਂ ਦੇਖਦੇ ਹੋਏ ਇਸਦਾ ਸਵਾਗਤ ਕਰਨ ਦੇ ਕੁਝ ਕਾਰਨ ਹਨ।
ਅੱਜ ਜਿੱਥੇ ਪੰਜਾਬ ਦੇ ਸਾਰੇ ਵਰਗ ਗਲੀ-ਮੁਹੱਲੇ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਤੁਹਾਡੀ ਬੇਸ਼ੁਮਾਰ ਬਹੁਮਤ ਨਾਲ ਬਣੀ ਸਰਕਾਰ ਅਤੇ ਤੁਹਾਡੀ ਨਿੱਜੀ ਕਾਰਜਸ਼ੈਲੀ, ਜਿਵੇਂ ਕਿ ਚੋਣ ਵਾਅਦਿਆਂ ਤੋਂ ਮੁਨਕਰ ਹੋਣਾ, ਇਹਨਾਂ ਅੱਠ ਮਹੀਨਿਆਂ ‘ਚ ਮੁੱਖ ਮੰਤਰੀ ਵਜੋਂ ਪੰਜਾਬ ‘ਚ ਮਹਿਜ ਦੋ-ਚਾਰ ਵਾਰ ਫੜਨਾ, ਪੰਜਾਬ ਦੇ ਵਿਧਾਇਕਾਂ, ਸੰਸਦ ਮੈਂਬਰਾਂ ਸਮੇਤ ਦਿੱਲੀ ਦੇ ਮੁੱਖ ਮੰਤਰੀ ਤੱਕ ਮੁਲਾਕਾਤ ਦਾ ਸਮਾਂ ਨਾ ਦੇਣਾ, ਆਪਣੀਆਂ ਸਮੱਸਿਆਵਾਂ ਅਤੇ ਹੱਕ-ਹਕੂਕਾਂ ਲਈ ਨਿੱਤ ਸੜਕਾਂ ਉਤੇ ਉਤਰੇ ਫਰਿਆਦੀਆਂ ਅਤੇ ਅੰਦੋਲਨਕਾਰੀਆਂ, ਆਂਗਣਵਾੜੀ ਵਰਕਰਾਂ ਆਦਿ ਦੀ ਪਰਵਾਹ ਨਾ ਕਰਨਾ, ਨਿੱਤ ਵਧ ਰਹੀਆਂ ਕਿਸਾਨ ਅਤੇ ਖੇਤ ਮਜਦੂਰਾਂ ਦੀਆਂ ਆਤਮ-ਹੱਤਿਆਵਾਂ ਨੂੰ ਰੋਕਣ ਲਈ ਸੰਜੀਦਾ ਕਦਮ ਚੁੱਕਣ ਦੀ ਥਾਂ ਉਨਾਂ ਵੱਲ ਪਿੱਠ ਕਰ ਲੈਣ ਵਾਲੇ ਗੈਰ-ਜਿੰਮੇਵਾਰ ਵਤੀਰੇ ਨੇ ਤੁਹਾਡੀ ਨਿੱਜੀ ਕਾਰਜਸ਼ੈਲੀ ਉਪਰ ਪ੍ਰਸ਼ਨ ਚਿੰਨ ਲਾਏ ਹਨ। ਇਹ ਮੰਨਿਆ ਜਾਣ ਲੱਗ ਪਿਆ ਹੈ ਕਿ ਭਾਰੀ ਭਰਕਮ ਬਹੁਮਤ ਵਾਲੀ ਸਰਕਾਰ ਦੇ ਮੁੱਖੀ ਦੀ ਐਨੀ ਨਿਰਾਸ਼ਾਜਨਕ ਕਾਰਜਸ਼ੈਲੀ ਦੀ ਵਜਾ ਤੁਹਾਡੀ ਆਖਰੀ ਸਿਆਸੀ ਪਾਰੀ ਹੈ।
ਕਿਉਂਕਿ ਲੋਕਤੰਤਰ ਦੇ ਮਾਲਕ ਲੋਕ ਹੁੰਦੇ ਹਨ, ਮੁੱਖ ਮੰਤਰੀ ਵਜੋਂ ਤੁਹਾਡੀ ਕਾਰਗੁਜਾਰੀ ਦਾ ਫੈਸਲਾਕੁੰਨ ਮੁਲਾਂਕਣ ਵੀ 2022 ‘ਚ ਪੰਜਾਬ ਦੀ ਜਨਤਾ ਨੇ ਹੀ ਕਰਨਾ ਹੈ, ਇਸ ਕਰਕੇ ਹੀ ਮੈਂ ਤੁਹਾਡੀ ਅਗਲੀ ਸਿਆਸੀ ਪਾਰੀ ਜਾਰੀ ਰਹਿਣ ਦੀ ਕਾਮਨਾ ਅਤੇ ਇਸ ਸੰਬੰਧੀ ਤੁਹਾਡੇ ਪ੍ਰਗਟਾਏ ਦਾ ਸਵਾਗਤ ਕਰਦਾ ਹਾਂ। ਤੁਹਾਡੇ ਇਸ ਫੈਸਲੇ ਨਾਲ ਇਕ ਸਾਰਥਕ ਉਮੀਦ ਬੱਝੀ ਹੈ, ਕਿ ਸ਼ਾਇਦ ਅਗਲੇ ਪੰਜ ਸਾਲ ਲੈਣ ਖਾਤਰ ਤੁਸੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਅਖਤਿਆਰ ਕੀਤਾ ਲਾਪਰਵਾਹੀ ਵਾਲਾ ਵਤੀਰਾ ਤਿਆਗ ਦੇਵੋਗੇ। ਸੂਬੇ ਦੀ ਨਿੱਘਰ ਚੁੱਕੀ ਸਿਹਤ ਅਤੇ ਲੋਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲਵੋਗੇ। ਸਾਰੇ ਚੋਣ ਵਾਅਦੇ ਇੰਨ-ਵਿੰਨ ਪੂਰੇ ਕਰਨ ਲਈ ਦਿਨ ਰਾਤ ਇਕ ਕਰ ਦਿਓਗੇ। ਇਸ ਲਈ ਮੈਂ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਹਰ ਵਰਗ ਦਾ ਭਲਾ ਹੋਣ ਦੀ ਉਮੀਦ ਨਾਲ ਤੁਹਾਡੇ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…