ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਸੰਗਤ ਦੇ ਰੋਹ ਅੱਗੇ ਗੋਡੇ ਟੇਕਣ ਲਈ ਮਜਬੂਰ ਕਰਾਂਗੇ: ਕੌਮੀ ਇਨਸਾਫ਼ ਮੋਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ‘ਤੇ ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਸਿੱਖਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ।
ਕੌਮੀ ਇਨਸਾਫ਼ ਮੋਰਚਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਕੜਾਕੇ ਦੀ ਠੰਢ ਵਿੱਚ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਲੜੀਵਾਰ ਧਰਨਾ ਜਾਰੀ ਹੈ। ਪੈਰੀਫੇਰੀ ਮਿਲਕਮੈਨ ਯੂਨੀਅਨ ਨੇ ਵੀ ਸਿੱਖ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਸੰਸਥਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਇਲਾਕੇ ਦੇ ਦੋਧੀਆਂ ਵੱਲੋਂ ਰੋਜ਼ਾਨਾ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸੰਗਤ ਲਈ ਦੁੱਧ ਦੀ ਸੇਵਾ ਕੀਤੀ ਜਾਇਆ ਕਰੇਗੀ।
ਬਾਪੂ ਗੁਰਚਰਨ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਹੁਕਮਰਾਨ ਸਿੱਖਾਂ ਦੇ ਸਬਰ ਦੀ ਹੁਣ ਹੋਰ ਪ੍ਰੀਖਿਆ ਨਾ ਲੈਣ। ਉਨ੍ਹਾਂ ਐਲਾਨ ਕੀਤਾ ਕਿ ਧਰਨੇ ਵਿੱਚ ਰੋਜ਼ਾਨਾ ਪੰਥ ਦਰਦੀਆਂ ਦੀ ਆਮਦ ਵਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਿੱਖਾਂ ਦੇ ਰੋਹ ਅੱਗੇ ਗੋਡੇ ਟੇਕਣ ਲਈ ਮਜਬੂਰ ਹੋਣਾ ਪਵੇਗਾ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਦਹਾਕਿਆਂ ਤੋਂ ਸਿੱਖਾਂ ਨਾਲ ਬੇਇਨਸਾਫੀਆਂ ਕੀਤੀਆਂ ਜਾ ਰਹੀਆਂ ਹਨ।
ਨਤੀਜੇ ਵਜੋਂ ਰੋਜ਼ਾਨਾ ਪੱਕੇ ਮੋਰਚੇ ਵਿੱਚ ਸੰਗਤਾਂ ਦਾ ਇਕੱਠ ਵੱਧ ਰਿਹਾ ਹੈ ਅਤੇ ਹੁਣ ਪਿੰਡਾਂ ਦੀ ਸੰਗਤ ਦੇ ਨਾਲ-ਨਾਲ ਚੰਡੀਗੜ੍ਹ ਤੇ ਮੁਹਾਲੀ ਦੀ ਸੰਗਤ ਵਹੀਰਾਂ ਘੱਤ ਕੇ ਆਉਣ ਲੱਗੀ ਹੈ।
ਮੀਡੀਆ ਕਮੇਟੀ ਦੇ ਨੁਮਾਇੰਦੇ
ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੁੱਖ ਬੁਲਾਰਿਆਂ ਵਿੱਚ ਭਾਈ ਹਰਪਾਲ ਸਿੰਘ ਚੀਮਾ, ਅਮਰ ਸਿੰਘ ਚਾਹਲ, ਪਰਮਜੀਤ ਸਿੰਘ ਦਲ ਖਾਲਸਾ, ਤਰਸੇਮ ਸਿੰਘ ਮੋਰਾਵਾਲੀ, ਬਲਜਿੰਦਰ ਸਿੰਘ ਪਰਵਾਨਾ, ਭਾਈ ਬਲਕਾਰ ਸਿੰਘ ਪਾਤੜਾਂ, ਅਮਰੀਕ ਸਿੰਘ ਈਸੜੂ, ਬਾਬਾ ਹਰਬੰਸ ਸਿੰਘ ਰੁਪਾਲੋਂ, ਹਰਪਾਲ ਸਿੰਘ ਜਲਮਾਨਾ, ਸਟੇਜ ਸਕੱਤਰ ਦੀ ਭੂਮਿਕਾ ਪਾਲ ਸਿੰਘ ਫਰਾਂਸ, ਜਸਵਿੰਦਰ ਸਿੰਘ ਆਕਾਲ ਯੂਥ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਉਧਰ, ਮੁਹਾਲੀ ਵਿੱਚ ਇੱਕ ਸਮਾਗਮ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੱਤਰਕਾਰਾਂਨਾਲ ਗੱਲਬਾਤ ਦੌਰਾਨ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਬਹੁਤ ਗੱਲਾਂ ਹੋ ਚੁੱਕੀਆਂ ਹਨ ਅਤੇ ਹੁਣ ਵੇਲਾ ਐਕਸ਼ਨ ਲੈਣ ਦਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਬਹੁਤ ਜਲਦੀ ਇਸ ਸਬੰਧੀ ਸਖ਼ਤ ਐਕਸ਼ਨ ਲੈਣ ਜਾ ਰਹੀ ਹੈ।

ਨਿਹੰਗ ਸਿੰਘ ਜਥੇਬੰਦੀ (96 ਕਰੋੜੀ) ਦੀਆਂ ਲਾਡਲੀਆਂ ਫੌਜਾਂ ਭਲਕੇ 16 ਜਨਵਰੀ ਨੂੰ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇੰਜ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਸਿੱਖਾਂ ਖਾਸ ਕਰਕੇ ਨੌਜਵਾਨਾਂ ਨੂੰ ਸੋਮਵਾਰ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…