nabaz-e-punjab.com

ਅੌਰਤ ਨੂੰ ਮਰਨ ਲਈ ਮਜਬੂਰ ਕਰਨ ਦਾ ਮਾਮਲਾ: ਮੁਹਾਲੀ ਅਦਾਲਤ ਵੱਲੋਂ ਭੈਣ ਤੇ ਜੀਜੇ ਨੂੰ 4-4 ਸਾਲ ਕੈਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕਰੀਬ ਤਿੰਨ ਸਾਲ ਪੁਰਾਣੇ ਇੱਕ ਅੌਰਤ ਨੂੰ ਤੰਗ ਪ੍ਰੇਸ਼ਾਨ ਕਰਕੇ ਮਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਮ੍ਰਿਤਕ ਅੌਰਤ ਦੀ ਸਕੀ ਭੈਣ ਪਰਮਜੀਤ ਕੌਰ ਅਤੇ ਜੀਜਾ ਗੁਰਦੀਪ ਸਿੰਘ ਵਾਸੀ ਰਾਮ ਦਰਬਾਰ, ਚੰਡੀਗੜ੍ਹ ਨੂੰ ਦੋਸ਼ੀ ਕਰਾਰ ਦਿੰਦੇ ਹੋਏ 4-4 ਸਾਲ ਕੈਦ ਅਤੇ 10-10 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧੀ ਮ੍ਰਿਤਕ ਅੌਰਤ ਦੇ ਪਤੀ ਰਵਿੰਦਰ ਸ਼ਰਮਾ ਨੇ ਜ਼ੀਰਕਪੁਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੀ ਪਤਨੀ ਕਮਲਜੀਤ ਕੌਰ 25 ਮਈ 2015 ਨੂੰ ਆਪਣੇ ਪੇਕੇ ਘਰ ਰਾਮ ਦਰਬਾਰ, ਚੰਡੀਗੜ੍ਹ ਵਿੱਚ ਰਹਿਣ ਲਈ ਗਈ ਹੋਈ ਸੀ। ਪੇਕੇ ਘਰੋਂ ਵਾਪਸ ਆ ਕੇ ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਅਤੇ ਜੀਜਾ ਗੁਰਦੀਪ ਸਿੰਘ ਨੇ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਉਸ ਨਾਲ ਕਾਫੀ ਮਾੜਾ ਵਰਤਾਉ ਕੀਤਾ ਗਿਆ ਹੈ।
ਰਵਿੰਦਰ ਸ਼ਰਮਾ ਦੀ ਸ਼ਿਕਾਇਤ ਅਨੁਸਾਰ ਪੇਕੇ ਘਰ ਤੋਂ ਆ ਕੇ ਉਸ ਦੀ ਪਤਨੀ ਕਾਫੀ ਪ੍ਰੇਸ਼ਾਨ ਰਹਿੰਦੀ ਸੀ ਅਤੇ ਵਾਰ ਵਾਰ ਆਪਣੀ ਭੈਣ ਵੱਲੋਂ ਮਾਰੇ ਤਾਹਨੇ ਕਾਰਨ ਖ਼ੁਦਕੁਸ਼ੀ ਕਰਨ ਦੀਆਂ ਗੱਲਾਂ ਕਰਦੀ ਸੀ। ਉਸ ਵੱਲੋਂ ਆਪਣੀ ਪਤਨੀ ਨੂੰ ਕਾਫੀ ਨੂੰ ਸਮਝਾਇਆ ਵੀ ਸੀ। ਅਗਲੇ ਦਿਨ ਉਹ ਆਪਣੇ ਕੰਮ ’ਤੇ ਚਲਾ ਗਿਆ। ਉਸ ਨੂੰ ਕਰੀਬ 9 ਵਜੇ ਫੋਨ ਆਇਆ ਕਿ ਕਮਲਜੀਤ ਕੌਰ ਕਾਫੀ ਪ੍ਰੇਸ਼ਾਨ ਹੈ ਅਤੇ ਆਪਣੀ ਜ਼ਿੰਦਗੀ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੀ ਸੀ। ਉਸ ਨੇ ਘਰ ਪਹੁੰਚ ਕੇ ਦੇਖਿਆ ਕਿ ਉਸ ਦੀ ਪਤਨੀ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਉਹ ਤੁਰੰਤ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੂੰ ਮ੍ਰਿਤਕਾ ਕੋਲੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਸੀ। ਜ਼ੀਰਕਪੁੋਰ ਪੁਲੀਸ ਨੇ 28 ਮਈ 2015 ਨੂੰ ਮ੍ਰਿਤਕ ਅੌਰਤ ਦੀ ਭੈਣ ਪਰਮਜੀਤ ਕੌਰ ਅਤੇ ਉਸ ਦੇ ਪਤੀ ਗੁਰਦੀਪ ਸਿੰਘ ਦੇ ਖ਼ਿਲਾਫ਼ ਧਾਰਾ 306, 34 ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚਲ ਰਹੀ ਸੀ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…