
ਜੰਗਲਾਤ ਵਿਭਾਗ ਭ੍ਰਿਸ਼ਟਾਚਾਰ: ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਗਿਲਜ਼ੀਆਂ ਦਾ ਭਤੀਜਾ ਦਲਜੀਤ ਸਿੰਘ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਪਿਛਲੀ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਲਈ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਠੇਕੇਦਾਰਾਂ ਤੋਂ ਪੈਸੇ ਵਸੂਲਣ ਲਈ ਵਿਚੋਲੇ ਵਜੋਂ ਕੰਮ ਕਰਦਾ ਸੀ। ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ, ਗੈਰ-ਕਾਨੂੰਨੀ ਮਾਈਨਿੰਗ, ਟ੍ਰੀ ਗਾਰਡਾਂ ਦੀ ਖਰੀਦ, ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨਾ, ਹਾਈਵੇਅ ਨੇੜੇ ਵਪਾਰਕ ਅਦਾਰਿਆਂ ਲਈ ਸੜਕਾਂ ਬਣਾਉਣ ਲਈ ਕੋਈ ਇਤਰਾਜ ਨਹੀਂ ਸਰਟੀਫਿਕੇਟ ਜਾਰੀ ਕਰਨਾ ਅਤੇ ਵਿਭਾਗ ਦੇ ਹੋਰ ਕੰਮਾਂ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਕਰਨ ਵਿੱਚ ਵੀ ਉਸਦੀ ਸ਼ਮੂਲੀਅਤ ਸੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਦਲਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਕਈ ਸੁਰਾਗ ਤੇ ਸਬੂਤ ਮੌਜੂਦ ਹੋਣ ਵਾਲੀ ਡਾਇਰੀ ਬਰਾਮਦ ਕੀਤੀ ਹੈ। ਇਸ ਸਬੰਧ ਵਿੱਚ ਜੰਗਲਾਤ ਠੇਕੇਦਾਰ ਹਰਮਿੰਦਰ ਸਿੰਘ ਹੈਮੀ ਨੂੰ ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਕਬੂਲ ਕੀਤਾ ਸੀ ਕਿ ਉਸ ਨੇ ਮੋਹਾਲੀ ਜਿਲੇ ਦੇ ਪਿੰਡ ਨਾਡਾ ਵਿਖੇ ਖੈਰ ਦੇ ਦਰੱਖਤ ਕੱਟਣ ਦਾ ਪਰਮਿਟ ਜਾਰੀ ਕਰਨ ਬਦਲੇ ਕੁਲਵਿੰਦਰ ਸਿੰਘ ਰਾਹੀਂ 5 ਲੱਖ ਦੀ ਰਿਸ਼ਵਤ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਉਸ ਨੇ ਇਸ ਵਿਭਾਗ ਦੇ ਰੇਂਜ ਅਫਸਰ, ਬਲਾਕ ਅਫਸਰ ਅਤੇ ਗਾਰਡ ਨੂੰ ਵੀ ਰਿਸ਼ਵਤ ਦਿੱਤੀ ਸੀ।
ਉਨਾਂ ਦੱਸਿਆ ਕਿ ਬਿਊਰੋ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ਸਮੇਤ ਹੋਰ ਅਧਿਕਾਰੀਆਂ/ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਐਫ਼ਆਈਆਰ ਨੰਬਰ 07 ਮਿਤੀ 06-06-2022 ਤਹਿਤ ਇਨਾਂ ਮੰਤਰੀਆਂ, ਅਧਿਕਾਰੀਆਂ, ਕਰਮਚਾਰੀਆਂ ਤੇ ਨਿੱਜੀ ਵਿਅਕਤੀਆਂ ਵੱਲੋਂ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਮਾਮਲਾ ਦਰਜ ਕੀਤਾ ਹੈ। ਇਸ ਕੇਸ ਦੀ ਜਾਂਚ ਦੌਰਾਨ ਸਾਧੂ ਸਿੰਘ ਧਰਮਸੋਤ ਜਾਂ ਹੋਰ ਮੁਲਜਮਾਂ ਨੂੰ 07-06-2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਨਿਆਂਇਕ ਹਿਰਾਸਤ ਵਿੱਚ ਹਨ।
ਬੁਲਾਰੇ ਨੇ ਖੁਲਾਸਾ ਕੀਤਾ ਕਿ ਗਿਲਜ਼ੀਆਂ ਦੇ ਸਤੰਬਰ 2021 ਵਿੱਚ ਜੰਗਲਾਤ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਜੰਗਲਾਤ ਵਿਭਾਗ ਵਿੱਚ ਸਰਕਾਰੀ ਫੰਡਾਂ ਦੀ ਹੇਰਾਫੇਰੀ ਅਤੇ ਸਰਕਾਰੀ ਫੰਡਾਂ ਦੀ ਗਬਨ ਦੇ ਉਪਰੋਕਤ ਦੋਸਾਂ ਦੀ ਜਾਂਚ ਦੌਰਾਨ ਜ਼ੁਬਾਨੀ ਸਬੂਤਾਂ ਸਮੇਤ ਦਸਤਾਵੇਜੀ ਅਤੇ ਤਕਨੀਕੀ ਸਬੂਤ ਹਾਸਲ ਕੀਤੇ ਗਏ ਹਨ। ਵਿਜੀਲੈਂਸ ਬਿਊਰੋ ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਦਰਸਾਉਂਦੀ ਹੈ ਕਿ ਗਿਲਜ਼ੀਆਂ ਦਾ ਭਤੀਜਾ ਦਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਿਭਾਗ ਦੇ ਮੰਤਰੀ ਦੀ ਤਰਫੋਂ ਸਰਕਾਰੀ ਅਤੇ ਗੈਰ-ਸਰਕਾਰੀ ਮਾਮਲਿਆਂ ਵਿੱਚ ਸਿੱਧੇ ਤੌਰ ’ਤੇ ਦਖ਼ਲ ਦਿੰਦਾ ਸੀ।
ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਆਪਣੇ ਨਿੱਜੀ ਹਿੱਤਾਂ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਸਿੱਧੇ ਤੌਰ ’ਤੇ ਹਦਾਇਤਾਂ ਜਾਰੀ ਕਰਦਾ ਰਿਹਾ ਸੀ। ਇਸ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਾਈਵੇਟ ਠੇਕੇਦਾਰਾਂ ਨਾਲ ਹੋਈ ਗੱਲਬਾਤ ਅਤੇ ਵਟਸਐਪ ਚੈਟ ਹਾਸਲ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਗਤ ਸਿੰਘ ਗਿਲਜ਼ੀਆਂ ਦੇ ਮੰਤਰੀ ਵਜੋਂ ਕਾਰਜਕਾਲ ਦੌਰਾਨ ਉਨਾਂ ਦੇ ਭਤੀਜੇ ਨੇ ਸਰਕਾਰੀ ਅਦਾਇਗੀਆਂ ਕਰਨ ਲਈ ਸਿੱਧੇ ਤੌਰ ‘ਤੇ ਆਪਣਾ ਪ੍ਰਭਾਵ ਵਰਤਣ ਤੋਂ ਇਲਾਵਾ ਵਿਭਾਗ ਵੱਲੋਂ ਟ੍ਰੀ ਗਾਰਡ ਖਰੀਦਣ, ਗੈਰ-ਕਾਨੂੰਨੀ ਮਾਈਨਿੰਗ ਲਈ ਪਰਮਿਟ ਜਾਰੀ ਕਰਨ ਅਤੇ ਖੈਰ ਦੇ ਦਰੱਖਤਾਂ ਦੀ ਕਟਾਈ ਵਿੱਚ ਵੀ ਆਪਣਾ ਦਖਲ ਦਿੰਦਾ ਰਿਹਾ।
ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਵੀ ਦਲਜੀਤ ਸਿੰਘ ਹੋਰ ਸ਼ੱਕੀ/ਦੋਸ਼ੀ ਵਿਅਕਤੀਆਂ/ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਹਦਾਇਤਾਂ ਦੇ ਰਿਹਾ ਸੀ ਜਿਸ ਨਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਪ੍ਰਭਾਵਿਤ ਹੋ ਰਹੀ ਸੀ। ਤਫਤੀਸ਼ ਦੌਰਾਨ ਉਸ ਦੇ ਮੁਲਜਮ ਸਾਬਤ ਹੋਣ ਕਰਕੇ ਅੱਜ ਮਿਤੀ 13-07-2022 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।