
ਜੰਗਲਾਤ ਮੰਤਰੀ ਵੱਲੋਂ ਖੈਰ ਲੱਕੜ ਚੋਰੀ ਮਾਮਲੇ ਵਿੱਚ ਪ੍ਰਮੁੱਖ ਮੁੱਖ ਵਣਪਾਲ ਨੂੰ 7 ਦਿਨਾਂ ’ਚ ਰਿਪੋਰਟ ਦੇਣ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਸਤੰਬਰ:
ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ, ਜ਼ਿਲ੍ਹਾ ਰੂਪਨਗਰ ਜ਼ਿਲ੍ਹੇ ਅਧੀਨ ਪੈਂਦੇ ਦੇ ਪਿੰਡ ਪਹਾੜਪੁਰ ਤੇ ਸਮਲਾਹ ਜੰਗਲ ਖੇਤਰ ਵਿੱਚੋਂ ਖੈਰ ਦੀ ਲੱਕੜ ਚੋਰੀ ਕੀਤੇ ਜਾਣ ਦੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਪ੍ਰਮੁੱਖ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ ਨੂੰ ਇਸ ਮਾਮਲੇ ਦੀ ਜਾਂਚ ਰਿਪੋਰਟ 7 ਦਿਨਾਂ ’ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਸ. ਧਰਮਸੋਤ ਨੇ ਕਿਹਾ ਕਿ ਪ੍ਰਮੁੱਖ ਮੁੱਖ ਵਣਪਾਲ ਨੂੰ ਉਕਤ ਸਬੰਧਤ ਖੇਤਰ ’ਚ ਲੱਕੜ ਚੋਰੀ ਦੇ ਮਾਮਲੇ ਦੀ ਨਿੱਜੀ ਤੌਰ ’ਤੇ ਜਾਂਚ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਲੱਕੜ ਚੋਰੀ ਦੇ ਮਾਮਲੇ ’ਚ ਸ਼ਾਮਲ ਕਿਸੇ ਵਿਅਕਤੀ ਜਾਂ ਕਿਸੇ ਵੀ ਤਰ੍ਹਾਂ ਦੀ ਸਿੱਧੀ ਜਾਂ ਅਸਿੱਧੀ ਮਦਦ ਕਰਨ ਦੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।
ਸ੍ਰੀ ਧਰਮਸੋਤ ਨੇ ਸੂਬੇ ਦੇ ਸਮੁੱਚੇ ਜੰਗਲਾਤ ਖੇਤਰਾਂ ’ਚ ਦਿਨ ਤੇ ਰਾਤ ਸਮੇਂ ਗਸ਼ਤ ਵਧਾਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜੰਗਲਾਤ ਦੀ ਲੱਕੜ ਦੀ ਚੋਰੀ ਅਤੇ ਨਜਾਇਜ਼ ਕਟਾਈ ਰੋਕਣ ਜ਼ਿੰਮੇਵਾਰੀ ਸਬੰਧਤ ਖੇਤਰ ਦੇ ਜੰਗਲਾਤ ਅਧਿਕਾਰੀਆਂ ਦੀ ਹੈ ਅਤੇ ਉਹ ਆਪਣੇ ਅਧੀਨ ਪੈਂਦੇ ਖੇਤਰ ’ਚ ਲੋੜੀਂਦੇ ਕਦਮ ਚੁੱਕਣੇ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੰਗਲਾਤ ਅਧਿਕਾਰੀ ਨੂੰ ਲੱਕੜ ਦੀ ਗੈਰ ਕਾਨੂੰਨੀ ਚੋਰੀ ਰੋਕਣ ਲਈ ਰਾਤ ਤੇ ਦਿਨ ਦੀ ਗਸ਼ਤ ਵਧਾਉਣ ਨੂੰ ਯਕੀਨੀ ਬਣਾਉਣ। ਸ੍ਰੀ ਧਰਮਸੋਤ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ’ਚੋਂ ਹਰ ਤਰ੍ਹਾਂ ਦੇ ਮਾਫੀਏ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।