ਜੰਗਲਾਤ ਘੁਟਾਲਾ: ਵਿਜੀਲੈਂਸ ਵੱਲੋਂ ਇਕ ਹੋਰ ਵਿਚੋਲਾ ਗ੍ਰਿਫ਼ਤਾਰ, ਗਿਲਜ਼ੀਆਂ ਦੇ ਭਤੀਜੇ ਦਾ ਰਿਮਾਂਡ ਵਧਾਇਆ

ਦਲਜੀਤ ਦੀ ਮਰਸੀਡੀਜ਼ ਕਾਰ ’ਚੋਂ ਮਿਲੇ ਗਿਲਜੀਆਂ ਦੇ ਬਲੈਂਕ ਚੈੱਕ ਤੇ ਹੋਰ ਅਹਿਮ ਦਸਤਾਵੇਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਪਿਛਲੀ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਬਿੰਦਰ ਸਿੰਘ ਨਾਂਅ ਦੇ ਇੱਕ ਹੋਰ ਵਿਚੋਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਮੁਹਾਲੀ ਅਦਾਲਤ ਨੇ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਬਿੰਦਰ ਠੇਕੇਦਾਰਾਂ ਅਤੇ ਅਫ਼ਸਰਾਂ ਤੋਂ ਪੈਸਿਆਂ ਦੀ ਨਗਦ ਵਸੂਲੀ ਕਰਦਾ ਸੀ ਅਤੇ ਅੱਜ ਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਦਿੱਤਾ ਸੀ। ਮੰਤਰੀ ਦੇ ਭਤੀਜੇ ਦੀ ਪੁੱਛਗਿੱਛ ਦੌਰਾਨ ਰਿਸ਼ਵਤ ਲੈਣ ਸਬੰਧੀ ਹੋਏ ਅਹਿਮ ਖ਼ੁਲਾਸੇ ਤੋਂ ਬਾਅਦ ਬਿੰਦਰ ਸਿੰਘ ਨੂੰ ਮੁਹਾਲੀ ਸਥਿਤ ਵਿਜੀਲੈਂਸ ਭਵਨ ਸੈਕਟਰ-68 ਵਿੱਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਪੁੱਛਗਿੱਛ ਮਗਰੋਂ ਵਿਜੀਲੈਂਸ ਨੇ ਉਸ ਦੀ ਗ੍ਰਿਫ਼ਤਾਰੀ ਪਾ ਲਈ। ਵਿਜੀਲੈਂਸ ਨੇ ਸੰਗਤ ਸਿੰਘ ਗਿਲਜੀਆਂ ਦੀ ਭਾਲ ਵੀ ਤੇਜ਼ ਕਰ ਦਿੱਤੀ ਹੈ। ਉਸ ਦੇ ਭਤੀਜੇ ਅਤੇ ਬਿੰਦਰ ਤੋਂ ਵੀ ਗਿਲਜੀਆਂ ਦੇ ਟਿਕਾਣਿਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਧਰ, ਵਿਜੀਲੈਂਸ ਬਿਊਰੋ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਨੂੰ ਤਿੰਨ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਉਸ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਫਿਰ ਤੋਂ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਦਲਜੀਤ ਗਿਲਜੀਆਂ ਦੀ ਮਰਸੀਡੀਜ਼ ਕਾਰ ਦੀ ਤਲਾਸ਼ੀ ਦੌਰਾਨ ਗਿਲਜੀਆਂ ਦੇ ਬਲੈਂਕ ਚੈੱਕ ਅਤੇ ਕੁੱਝ ਹੋਰ ਅਹਿਮ ਦਸਤਾਵੇਜ਼ ਮਿਲੇ ਹਨ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਰਿਸ਼ਵਤਖ਼ੋਰੀ ਸਬੰਧੀ ਅਹਿਮ ਖ਼ੁਲਾਸੇ ਹੋਏ ਹਨ। ਵਿਜੀਲੈਂਸ ਅਨੁਸਾਰ ਬਿੰਦਰ ਅਤੇ ਦਲਜੀਤ, ਠੇਕੇਦਾਰਾਂ ਤੋਂ ਪੈਸਿਆਂ ਦੀ ਵਸੂਲੀ ਲਈ ਦਲਾਲੀ ਦਾ ਕੰਮ ਕਰਦੇ ਸੀ ਅਤੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਉਹ ਅਧਿਕਾਰੀਆਂ ਅਤੇ ਠੇਕੇਦਾਰਾਂ ਨਾਲ ਪੈਸਿਆਂ ਦੇ ਲੈਣ-ਦੇਣ ਲਈ ਸਿਰਫ਼ ਵਸਟਐਪ ’ਤੇ ਗੱਲ ਕਰਦੇ ਸੀ। ਇਸ ਤੋਂ ਇਲਾਵਾ ਜੰਗਲਾਤ ਅਧਿਕਾਰੀਆਂ ਦੇ ਤਬਾਦਲੇ, ਗੈਰ-ਕਾਨੂੰਨੀ ਮਾਈਨਿੰਗ, ਟ੍ਰੀ ਗਾਰਡਾਂ ਦੀ ਖ਼ਰੀਦ, ਖੈਰ ਦੇ ਦਰਖ਼ਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨਾ, ਹਾਈਵੇਅ ਨੇੜੇ ਵਪਾਰਕ ਅਦਾਰਿਆਂ ਲਈ ਸੜਕਾਂ ਬਣਾਉਣ ਲਈ ਐਨਓਸੀ ਸਰਟੀਫਿਕੇਟ ਜਾਰੀ ਕਰਨ ਸਮੇਤ ਵਿਭਾਗੀ ਕੰਮਾਂ ਵਿੱਚ ਰਿਸ਼ਵਤਖ਼ੋਰੀ ਤੇ ਭ੍ਰਿਸ਼ਟਾਚਾਰ ਕਰਨ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਸੀ। ਮੁਲਜ਼ਮਾਂ ਨੇ ਟਫੀ ਗਾਰਡਾਂ ਦੀ ਖ਼ਰੀਦ ਸਬੰਧੀ ਪ੍ਰਤੀ ਟ੍ਰੀ ਗਾਰਡ 800 ਰੁਪਏ ਮੰਤਰੀ ਹੁੰਦਿਆਂ ਗਿਲਜੀਆਂ ਨੂੰ ਦੇਣ ਦੀ ਗੱਲ ਵੀ ਕਬੂਲੀ ਹੈ।
ਵਿਜੀਲੈਂਸ ਨੇ ਉਪਰੋਕਤ ਦੋਸ਼ਾਂ ਦੀ ਜਾਂਚ ਦੌਰਾਨ ਜ਼ੁਬਾਨੀ ਸਬੂਤਾਂ ਸਮੇਤ ਦਸਤਾਵੇਜ਼ੀ ਅਤੇ ਤਕਨੀਕੀ ਸਬੂਤ ਹਾਸਲ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਹਰਮਿੰਦਰ ਸਿੰਘ ਹੈਮੀ ਨੇ ਵਿਜੀਲੈਂਸ ਕੋਲ ਕਬੂਲ ਕੀਤਾ ਸੀ ਕਿ ਉਸ ਨੇ ਮੁਹਾਲੀ ਨੇੜਲੇ ਪਿੰਡ ਨਾਡਾ ਵਿੱਚ ਖੈਰ ਦੇ ਦਰਖ਼ਤ ਕੱਟਣ ਦਾ ਪਰਮਿਟ ਜਾਰੀ ਕਰਨ ਬਦਲੇ ਗਿਲਜ਼ੀਆਂ ਦੇ ਪੀਏ ਕੁਲਵਿੰਦਰ ਸਿੰਘ ਰਾਹੀਂ 5 ਲੱਖ ਦੀ ਰਿਸ਼ਵਤ ਸਾਬਕਾ ਮੰਤਰੀ ਗਿਲਜ਼ੀਆਂ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਉਸ ਨੇ ਵਿਭਾਗ ਦੇ ਰੇਂਜ ਅਫ਼ਸਰ, ਬਲਾਕ ਅਫ਼ਸਰ ਅਤੇ ਗਾਰਡਾਂ ਨੂੰ ਵੀ ਰਿਸ਼ਵਤ ਦਿੱਤੀ ਸੀ।
ਉਧਰ, ਵਿਜੀਲੈਂਸ ਵੱਲੋਂ ਜੰਗਲਾਤ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੁਣ ਤੱਕ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਉਸ ਦੇ ਓਐਸਡੀ ਚਮਕੌਰ ਸਿੰਘ, ਮੀਡੀਆ ਸਲਾਹਕਾਰ ਕਮਲਜੀਤ ਸਿੰਘ ਖੰਨਾ, ਡੀਐਫ਼ਓ ਗੁਰਅਮਨਪ੍ਰੀਤ ਸਿੰਘ ਬੈਂਸ, ਠੇਕੇਦਾਰ ਹਰਮੋਹਿੰਦਰ ਸਿੰਘ, ਵਣ ਮੰਡਲ ਅਫ਼ਸਰ ਅਮਿਤ ਚੌਹਾਨ, ਦਲਜੀਤ ਸਿੰਘ ਗਿਲਜੀਆਂ ਅਤੇ ਬਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਸਮੇਂ ਦਲਜੀਤ ਅਤੇ ਬਿੰਦਰ ਪੁਲੀਸ ਰਿਮਾਂਡ ’ਤੇ ਹਨ ਜਦੋਂਕਿ ਬਾਕੀ ਮੁਲਜ਼ਮ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹਨ ਜਦੋਂਕਿ ਸੰਗਤ ਸਿੰਘ ਗਿਲਜ਼ੀਆਂ ਹਾਲੇ ਵੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਬੀਤੇ ਦਿਨੀਂ ਮੁਹਾਲੀ ਅਦਾਲਤ ਵੱਲੋਂ ਗਿਲਜ਼ੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦੇਣ ਤੋਂ ਬਾਅਦ ਵਿਜੀਲੈਂਸ ਨੇ ਮੁਲਜ਼ਮ ਦੀ ਭਾਲ ਤੇਜ਼ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…