ਜੰਗਲਾਤ ਵਰਕਰਾਂ ਵੱਲੋਂ ਵਣ ਮੰਤਰੀ ਦੇ ਹਲਕੇ ਵਿੱਚ ਰੋਸ ਰੈਲੀ ਤੇ ਝੰਡਾ ਮਾਰਚ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਸਬੰਧਤ ਹੱਕ-ਸੱਚ ਦੀ ਲੜਾਈ ਲੜਨ ਵਾਲੀ ਕਰਮਚਾਰੀਆਂ ਦੀ ਸਿਰਮੌਰ ਸੰਸਥਾ ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿੱਤ ਸਕੱਤਰ ਸ਼ਿਵ ਕੁਮਾਰ ਰੂਪਨਗਰ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ, ਚੇਅਰਮੈਨ ਵਿਰਸਾ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਕੱਚੇ ਕਾਮਿਆਂ ਨੂੰ ਪੰਜਾਬ ਵਿੱਚ ਹਕੂਮਤ ਚਲਾਉਣ ਵਾਲੀਆਂ ਸਰਕਾਰਾਂ ਜਿਵੇਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਅਤੇ ਫਿਰ ਕਾਂਗਰਸ ਸਰਕਾਰ ਨੇ ਸਿਰਫ਼ ਲਾਰੇ ਲਗਾ ਕੇ ਡੰਗ ਟਪਾ ਲਿਆ ਗਿਆ।
ਆਗੂਆਂ ਨੇ ਕਿਹਾ ਕਿ ਪੁਰਾਣੀ ਰਵਾਇਤੀ ਪਾਰਟੀਆਂ ਨੇ ਸੰਘਰਸ਼ ਦੇ ਮੱਦੇਨਜ਼ਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਨੀਤੀ ਬਣਾਉਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਲੇਕਿਨ ਸੱਤਾ ਪਰਿਵਰਤਨ ਤੋਂ ਬਾਅਦ ਨਵੀਂ ਸਰਕਾਰ ਇਹ ਕਹਿ ਕੇ ਪਲੋਸਦੀ ਰਹੀ ਕਿ ਉਹ ਪਹਿਲੀ ਸਰਕਾਰ ਤੋਂ ਵੀ ਵਧੀਆ ਨੀਤੀ ਬਣਾ ਕੇ ਉਨ੍ਹਾਂ ਦਾ ਮਸਲਾ ਹੱਲ ਕਰਾਂਗੇ। ਲੇਕਿਨ ਹੁਣ ਤੱਕ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਵੀ ਪੱਲੇ ਨਹੀਂ ਪਿਆ।
ਜਸਵਿੰਦਰ ਸਿੰਘ ਸੌਜਾ, ਬਲਵੀਰ ਚੀਮਾ ਤਰਨਤਾਰਨ, ਸਤਿਨਾਮ ਸਿੰਘ ਸੰਗਰੂਰ, ਪਵਨ ਹੁਸ਼ਿਆਰਪੁਰ, ਸੱਤ ਨਾਰਾਇਣ ਮਾਨਸਾ ਅਤੇ ਸੁਖਦੇਵ ਸਿੰਘ ਜਲੰਧਰ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੱਚੇ ਕਰਮਚਾਰੀਆਂ ਨੂੰ ਬਹੁਤ ਉਮੀਦਾਂ ਸਨ ਪਰ ਨਵੇਂ ਮੁੱਖ ਮੰਤਰੀ ਵੀ ਉਨ੍ਹਾਂ ਪਹਿਲੀਆਂ ਸਰਕਾਰਾਂ ਵਾਂਗ ਝੂਠੇ ਲਾਰੇ ਲਗਾਉਣ ਦੇ ਰਾਹ ਪੈ ਗਏ। ਜਿਸ ਕਾਰਨ ਕੱਚੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
ਦਰਸ਼ਨ ਲੁਧਿਆਣਾ, ਰਵੀ ਕਾਂਤ ਰੂਪਨਗਰ, ਸ਼ੇਰ ਸਿੰਘ ਸਰਹਿੰਦ, ਕੇਵਲ ਗੜ੍ਹਸ਼ੰਕਰ, ਸੁਲੱਖਣ ਸਿੰਘ ਮੁਹਾਲੀ, ਜਸਵਿੰਦਰ ਸਿੰਘ ਸੰਗਰੂਰ ਅਤੇ ਛੱਤਬੀੜ ਚਿੜੀਆਘਰ ਤੋਂ ਛਿੰਦਰਪਾਲ ਸਿੰਘ ਨੇ ਕਿਹਾ ਕਿ ਜਥੇਬੰਦੀ ਵੱਲੋਂ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਉੱਚ ਅਧਿਕਾਰੀਆਂ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਮੀਟਿੰਗਾਂ ਵਿੱਚ ਵਿਚਾਰੀਆਂ ਜਾਂਦੀਆਂ ਰਹੀਆਂ ਮੰਗਾਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਹੁਣ ਹੁਕਮਰਾਨਾਂ ਦੇ ਝੂਠੇ ਲਾਰਿਆਂ ਤੋਂ ਅੱਕੇ ਕੱਚੇ ਮੁਲਾਜ਼ਮਾਂ ਵੱਲੋਂ 17 ਜੂਨ ਨੂੰ ਵਣ ਮੰਤਰੀ ਦੇ ਹਲਕੇ ਭੋਆ (ਪਠਾਨਕੋਟ) ਵਿੱਚ ਸੂਬਾ ਪੱਧਰੀ ਰੋਸ ਰੈਲੀ ਉਪਰੰਤ ਪੂਰੇ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਜਸਪਾਲ ਹਰੀਕੇ, ਮਲਕੀਤ ਸਿੰਘ ਮੁਕਤਸਰ, ਅੰਮ੍ਰਿਤਪਾਲ ਸਿੰਘ ਬਠਿੰਡਾ, ਮਨਿੰਦਰ ਸਿੰਘ ਸਿਸਵਾਂ, ਲਛਮਣ ਸਿੰਘ, ਬਲਰਾਜ ਸਿੰਘ ਪਠਾਨਕੋਟ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…