ਜੰਗਲਾਤ ਵਿਭਾਗ: ਕਿਸੇ ਤਣ ਪੱਤਣ ਨਹੀਂ ਲੱਗੀ ਪੈਨਲ ਮੀਟਿੰਗ, ਲਾਰੇ ਹੀ ਪੱਲੇ ਪਏ

ਜੰਗਲਾਤ ਵਿਭਾਗ ’ਚ ਫੈਲੇ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਉੱਠਿਆ, ਮੰਤਰੀ ਨੇ ਕਾਰਵਾਈ ਦਾ ਭਰੋਸਾ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 12 ਸਤੰਬਰ:
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਅੱਜ ਪੈਨਲ ਮੀਟਿੰਗ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਣ ਭਵਨ ਵਿਖੇ ਹੋਈ। ਜਿਸ ਵਿੱਚ ਜੰਗਲਾਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਬਾਰੇ ਚਰਚਾ ਕੀਤੀ ਗਈ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਜੋਧਾ ਨਗਰੀ, ਜਨਰਲ ਸਕੱਤਰ ਬਲਬੀਰ ਸਿੰਘ ਸੀਬੀਆ, ਸੀਨੀਅਰ ਮੀਤ ਪ੍ਰਧਾਨ ਹਰਜੀਤ ਕੌਰ ਸਮਰਾਲਾ ਨੇ ਦੱਸਿਆ ਕਿ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਲਈ ਜੋ ਨੀਤੀ ਮਈ 2023 ’ਚ ਬਣਾਈ ਗਈ ਸੀ। ਉਸ ਵਿੱਚ ਬਹੁਤ ਸਾਰੀਆਂ ਖ਼ਾਮੀਆਂ ਦਾ ਏਜੰਡਾ ਰੱਖਦਿਆਂ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਨੀਤੀ ਤਹਿਤ ਹੁਣ ਤੱਕ ਇੱਕ ਵੀ ਕਰਮਚਾਰੀ ਪੱਕਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪੜ੍ਹਾਈ, ਸਰਵਿਸ ਬ੍ਰੇਕ, ਦਰਜਾ ਚਾਰ ਪੋਸਟਾਂ ’ਤੇ 58 ਸਾਲ ਆਦਿ ਸ਼ਰਤਾਂ ਸਬ ਕਮੇਟੀ ਵੱਲੋਂ ਤੈਅ ਕੀਤੀਆਂ ਗਈਆਂ ਹਨ। ਮੰਤਰੀ ਨੇ ਸਬ ਕਮੇਟੀ ਨਾਲ ਦੁਬਾਰਾ ਗੱਲ ਕਰਨ ਦਾ ਭਰੋਸਾ ਦਿੱਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਸੁਪਰੀਮ ਕੋਰਟ ਦੇ ਉਮਾ ਦੇਵੀ ਫ਼ੈਸਲੇ ਨੂੰ ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਮੁੱਖ ਕਾਨੂੰਨੀ ਅੜਿੱਕਾ ਮੰਨਦੀ ਸੀ ਪ੍ਰੰਤੂ ਉੱਚ ਅਦਾਲਤ ਨੇ ਇਹ ਕਾਨੂੰਨੀ ਅੜਿੱਕਾ ਵੀ ਦੂਰ ਕਰ ਦਿੱਤਾ ਹੈ। ਹਾਈ ਕੋਰਟ ਨੇ ਵੱਖ-ਵੱਖ ਅਦਾਲਤੀ ਫ਼ੈਸਲਿਆਂ ਵਿੱਚ ਸਪੱਸ਼ਟ ਕੀਤਾ ਹੈ ਕਿ 10 ਸਾਲ ਸੇਵਾਵਾਂ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ। ਮੁਲਾਜ਼ਮ ਆਗੂਆਂ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਉਲਟਾ ਪੰਜਾਬ ਸਰਕਾਰ ਨੇ ਇਸ ਫ਼ੈਸਲੇ ਵਿਰੁੱਧ ਅਪੀਲ ਦਾਇਰ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੀ ਅਪੀਲ ਵਾਪਸ ਲਵੇ ਅਤੇ ਹਾਈ ਕੋਰਟ ਦੇ ਫ਼ੈਸਲੇ ਮੁਤਾਬਕ ਸਾਰੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ।
ਮੀਟਿੰਗ ਵਿੱਚ ਸੀਨੀਆਰਤਾ ਸੂਚੀ ’ਚੋਂ ਬਾਹਰ ਰਹਿ ਗਏ ਵਰਕਰਾਂ ਦੇ ਰਿਕਾਰਡ ਵਿੱਚ ਤਰੁੱਟੀਆਂ ਦੂਰ ਕਰਨ ਅਤੇ ਸਪਲੀਮੈਂਟਰੀ ਲਿਸਟ ਤਿਆਰ ਕਰਨ ਦਾ ਫ਼ੈਸਲਾ ਹੋਇਆ। ਕਿਰਤ ਕਾਨੂੰਨਾਂ ਮੁਤਾਬਕ ਸਾਰੇ ਮੁਲਾਜ਼ਮਾਂ ਦੇ ਮਾਸਿਕ 30 ਦਿਨ ਗਿਣ ਕੇ 240 ਦਿਨ ਮੰਨੇ ਜਾਣ। ਵਿਭਾਗ ਦੇ ਅਧਿਕਾਰੀ ਵਾਰ ਵਾਰ ਕਿਰਤ ਵਿਭਾਗ ਦੀਆਂ ਹਦਾਇਤਾਂ ਦਾ ਜ਼ਿਕਰ ਕਰਦੇ ਹੋਏ ਕੋਈ ਠੋਸ ਫ਼ੈਸਲਾ ਨਹੀਂ ਲੈ ਸਕੇ। ਮੰਤਰੀ ਨੇ ਬੀਬੀਐਮਬੀ ਦੀ ਮੈਨੇਜਮੈਂਟ ਵੱਲੋਂ ਕੱਚੇ ਮੁਲਾਜ਼ਮਾਂ ਸਬੰਧੀ ਬਣਾਈਆਂ ਨੀਤੀਆਂ ਨੂੰ ਵਾਚਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਵਰਕਰਾਂ ਦੀਆਂ ਤਨਖ਼ਾਹਾਂ, ਮਨਰੇਗਾ ਵਰਕਰਾਂ ਤੋਂ ਵਿਭਾਗ ਦੇ ਕੰਮ ਨਾ ਕਰਵਾਉਣ, ਵਿਭਾਗ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਗਈ। ਮੰਤਰੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਨਰਸਰੀ ਵਿੱਚ ਨਰੇਗਾ ਵਰਕਰਾਂ ਤੋਂ ਕੰਮ ਨਹੀਂ ਲਿਆ ਜਾਵੇਗਾ ਅਤੇ ਜੋ ਅਧਿਕਾਰੀ ਭ੍ਰਿਸ਼ਟਾਚਾਰ ਕਰਦੇ ਹਨ ਜਾਂ ਤਨਖ਼ਾਹਾਂ ਲੇਟ ਕਰਦੇ ਹਨ। ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਮੁੱਖ ਵਣਪਾਲ ਰਮਨ ਕਾਂਤ ਮਿਸ਼ਰਾ, ਪੀਸੀਸੀਐਫ਼ ਧਰਮਿੰਦਰ ਸ਼ਰਮਾ, ਸੁਪਰਡੈਂਟ ਇੰਦਰਜੀਤ ਸਿੰਘ ਸਮੇਤ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਆਗੂ ਮਲਾਗਰ ਸਿੰਘ ਖਮਾਣੋਂ, ਜਗਦੀਸ਼ ਸਿੰਘ ਫਾਜ਼ਿਲਕਾ, ਰਾਮ ਕੁਮਾਰ ਅਬੋਹਰ, ਗੁਰਪ੍ਰੀਤ ਸਿੰਘ ਮੋਗਾ, ਜਗਸੀਰ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…