ਪੰਜਾਬ ਵਿੱਚ ਕਰੋਨਾਵਾਇਰਸ ਦੇ ਟੈਸਟ ਕਰਨ ਵਾਲੀ ਪਹਿਲੀ ਜਾਅਲੀ ਲੈਬਾਰਟਰੀ ਸੀਲ

ਸਿਹਤ ਵਿਭਾਗ ਤੇ ਪੁਲੀਸ ਦੀ ਸਾਂਝੀ ਟੀਮ ਵੱਲੋਂ ਛੱਜੂਮਾਜਰਾ ’ਚ ਛਾਪੇਮਾਰੀ, ਮਾਲਕ ਗ੍ਰਿਫ਼ਤਾਰ

ਕਰੋਨਾਵਾਇਰਸ ਦੇ ਟੈਸਟ ਕਰਨ ਦਾ ਕੀਤਾ ਜਾ ਰਿਹਾ ਸੀ ਦਾਅਵਾ, ਸ਼ਿਕਾਇਤ ਮਿਲਣ ’ਤੇ ਕੀਤੀ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਜ਼ਿਲ੍ਹਾ ਸਿਹਤ ਵਿਭਾਗ ਮੁਹਾਲੀ ਨੇ ਪੁਲੀਸ ਦੀ ਮਦਦ ਨਾਲ ਖਰੜ ਦੇ ਛੱਜੂਮਾਜਰਾ ਵਿਖੇ ਪੈਂਦੀ ਇਕ ਲੈਬ ਵਿਚ ਛਾਪਾ ਮਾਰਿਆ ਜਿੱਥੇ ਕਰੋਨਾਵਾਇਰਸ ਦਾ ਟੈਸਟ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਸਿਹਤ ਵਿਭਾਗ ਨੇ ਸਬੰਧਤ ਜਾਅਲੀ ਲੈਬ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਨੇ ਲੈਬ ਦੇ ਮਾਲਕ ਨੂੰ ਲੋਕਾਂ ਨੂੰ ਗੁਮਰਾਹ ਕਰਨ ਅਤੇ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਸਹਾਇਕ ਸਿਵਲ ਸਰਜਨ ਡਾ. ਕੁਲਦੀਪ ਸਿੰਘ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ। ਜਿਸ ਨੇ ਅੱਜ ਸ਼ਾਮ ਵਿਵੇਕ ਚੱਕਰਵਰਤੀ ਪਾਥ ਲੈਬ ਵਿੱਚ ਅਚਨਚੇਤ ਚੈਕਿੰਗ ਕੀਤੀ ਅਤੇ ਦੇਖਿਆ ਕਿ ਲੈਬਾਰਟਰੀ ਵਿੱਚ ਲੱਗੇ ਹੋਏ ਪੋਸਟਰਾਂ ’ਤੇ ਕਰੋਨਾਵਾਇਰਸ ਦਾ ਚਾਰ ਹਜ਼ਾਰ ਰੁਪਏ ਵਿੱਚ ਟੈਸਟ ਕਰਨ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਕਰਨ ’ਤੇ ਲੈਬ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਟੈਸਟ ਦੀ ਪ੍ਰਵਾਨਗੀ ਲਈ ਸਬੰਧਤ ਅਧਿਕਾਰੀਆਂ ਕੋਲ ਅਰਜ਼ੀ ਦਿੱਤੀ ਹੋਈ ਹੈ ਪਰ ਉਹ ਮੌਕੇ ’ਤੇ ਕੋਈ ਠੋਸ ਦਸਤਾਵੇਜ਼ ਨਹੀਂ ਦਿਖਾ ਸਕਿਆ।
ਸਿਵਲ ਸਰਜਨ ਨੇ ਕਿਹਾ ਕਿ ਕੋਈ ਵੀ ਵਿਅਕਤੀ, ਨਿੱਜੀ ਹਸਪਤਾਲ ਜਾਂ ਲੈਬ ਫਿਲਹਾਲ ਕਰੋਨਾਵਾਇਰਸ ਦਾ ਟੈਸਟ ਨਹੀਂ ਕਰ ਸਕਦੇ ਹਨ। ਇਸ ਖ਼ਿੱਤੇ ਵਿੱਚ ਸਿਰਫ਼ ਪੀਜੀਆਈ ਇਹ ਨੋਡਲ ਟੈਸਟ ਲੈਬ ਹੈ। ਜਿੱਥੇ ਕਰੋਨਾਵਾਇਰਸ ਅਤੇ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਟੈਸਟ ਲਈ ਪ੍ਰਵਾਨਗੀ ਸਿਰਫ਼ ਭਾਰਤ ਸਰਕਾਰ ਦੇ ਸਕਦੀ ਹੈ ਅਤੇ ਫਿਲਹਾਲ ਕਿਸੇ ਨਿੱਜੀ ਹਸਪਤਾਲ ਨੂੰ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੈਬ ਵਿੱਚ ਚਾਰ ਹਜ਼ਾਰ ਰੁਪਏ ਵਿਚ ਉਕਤ ਟੈਸਟ ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ। ਏਐਸਆਈ ਅਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…