ਅਪਰਾਧੀਆਂ ਦੇ ਹੁਕਮ ਮੰਨਣ ਵਾਲੇ ਡੀਜੀਪੀ ਚਟੋਪਾਧਿਆਏ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ: ਸੁਖਬੀਰ ਬਾਦਲ

ਕਿਹਾ ਕਿ ਟੇਪਾਂ ਨੇ ਸਾਬਤ ਕੀਤਾ ਨਸ਼ਾ ਤਸਕਰਾਂ ਨਾਲ ਮਿਲ ਕੇ ਕੰਮ ਕਰ ਰਹੇ ਸੀ ਡੀਜੀਪੀ

ਜਦੋਂ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੱਧੂ ਨੂੰ ਚਟੋਪਾਧਿਆਏ ਦੇ ਕੰਮਾਂ ਬਾਰੇ ਪਤਾ ਸੀ ਤਾਂ ਹੁਣ ਚੁੱਪ ਕਿਉਂ?

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਥਿਤ ਤੌਰ ’ਤੇ ਅਪਰਾਧੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਦੇ ਹੱਕ ਪਿੰਡ ਬੜੀ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਇਕ ਪ੍ਰਮੁੱਖ ਅਖ਼ਬਾਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡੀਜੀਪੀ ਬਾਰੇ ਮਾਮਲੇ ਨੂੰ ਬੇਨਕਾਬ ਕਰ ਕੇ ਸਚਾਈ ਸਾਹਮਣੇ ਲਿਆਂਦੀ ਗਈ ਹੈ।
ਉਨ੍ਹਾਂ ਕਿਹਾ ਕਿ ਟੇਪਾਂ ਸਾਹਮਣੇ ਆ ਗਈਆਂ ਹਨ ਕਿ ਉੱਚ ਪੁਲੀਸ ਅਧਿਕਾਰੀ ਜਗਦੀਸ਼ ਭੋਲਾ ਨਸ਼ਾ ਮਾਮਲੇ ਦੇ ਕਥਿਤ ਮੁਲਜ਼ਮ ਨਾਲ ਗੱਲ ਕੀਤੀ ਅਤੇ ਇਕ ਅਪਰਾਧੀ ਨੇ ਪੁਲੀਸ ਅਧਿਕਾਰੀ ਨੂੰ ਕੁਝ ਪੁਲੀਸ ਅਫ਼ਸਰਾਂ ਦੀ ਬਦਲੀ ਕਰਨ, ਕੁਝ ਖੁੰਖਾਰ ਕੈਦੀਆਂ ਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਸ਼ਿਫ਼ਟ ਕਰਨ ਅਤੇ ਮੁਹਾਲੀ ਵਿੱਚ ਗੈਰ ਕਾਨੂੰਨੀ ਹਿਰਾਸਤੀ ਕੇਂਦਰ ਖੋਲ੍ਹਣ ਦੀ ਹਦਾਇਤ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਜਨਤਕ ਹੋਈਆਂ ਟੇਪ ਰਿਕਾਰਡਿੰਗ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਕੇਸ ਦਾ ਨਸ਼ੇ ਦੇ ਵਪਾਰ ਨਾਲ ਸਿੱਧਾ ਸਬੰਧ ਹੈ ਪਰ ਡੀਜੀਪੀ ਤੇ ਉਸਦੇ ਸਿਆਸੀ ਆਕਾਵਾਂ ਤੇ ਹੋਰ ਕਈ ਕਾਲੀਆਂ ਭੇਡਾਂ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੋਵੇ ਅਤੇ ਡੂੰਘਾਈ ਨਾਲ ਜਾਂਚ ਕਰ ਕੇ ਸਬੰਧਤ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ।
ਸ੍ਰੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੁਲੀਸ ਮੁਖੀ ਦੇ ਨਸ਼ਾ ਸੌਦਾਗਰ ਜਗਦੀਸ਼ ਭੋਲਾ ਨਾਲ ਨੇੜਲੇ ਸਬੰਧ ਹੁਣ ਜਨਤਕ ਹੋ ਚੁੱਕੇ ਹਨ। ਇਹ ਸਪੱਸ਼ਟ ਹੋ ਗਿਆ ਹੈ ਕਿ ਪੁਲੀਸ ਅਧਿਕਾਰੀ ਨਸ਼ਾ ਤਸਕਰਾਂ ਦੇ ਨਾਲ-ਨਾਲ ਦਾਗੀ ਪੁਲੀਸ ਅਫ਼ਸਰਾਂ ਨਾਲ ਰਲ ਕੇ ਕੰਮ ਕਰ ਰਿਹਾ ਹੈ। ਇਸ ਲਈ ਉਸਦੇ ਖ਼ਿਲਾਫ਼ ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਿਯਮ ਛਿੱਕੇ ਟੰਗ ਕੇ ਚਟੋਪਾਧਿਆਏ ਨੂੰ ਡੀਜੀਪੀ ਕਿਉਂ ਨਿਯੁਕਤ ਕੀਤਾ ਸੀ ਹਾਲਾਂਕਿ ਉਹ ਇਸ ਅਹੁਦੇ ਦੇ ਯੋਗ ਵੀ ਨਹੀਂ ਸਨ। ਚੰਨੀ ਦੇ ਭਾਣਜੇ ਦੇ ਘਰੋਂ ਵੱਡੀ ਮਾਤਰਾ ਵਿੱਚ ਨਗਦੀ ਅਤੇ ਸੋਨਾ ਬਰਾਮਦ ਹੋਣ ਤੋਂ ਵੀ ਮਿਲੀਭੁਗਤ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਚੰਨੀ ਨੂੰ ਚਟੋਪਾਧਿਆਏ ਦੇ ਸਾਰੇ ਮਾਮਲੇ ਪਤਾ ਸਨ ਅਤੇ ਉਸਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸ੍ਰੀ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੁੱਛਿਆ ਕਿ ਜਿਸ ਅਫ਼ਸਰ ਨੂੰ ਉਨ੍ਹਾਂ ਦੇ ਸਿਖ਼ਰਲੀ ਅਕਾਲੀ ਲੀਡਰਸ਼ਿਪ ਦੇ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਲਈ ਨਿੱਜੀ ਤੌਰ ’ਤੇ ਚੁਣਿਆ ਸੀ, ਉਸਦੇ ਖ਼ਿਲਾਫ਼ ਪੁਖ਼ਤਾ ਸਬੂਤ ਸਾਹਮਣੇ ਆਉਣ ਮਗਰੋਂ ਹੁਣ ਉਹ ਕਿਉਂ ਚੁੱਪ ਹਨ? ਉਨ੍ਹਾਂ ਕਿਹਾ ਕਿ ਸਿੱਧੂ ਦੱਸਣ ਕਿ ਉਨ੍ਹਾਂ ਨੇ ਅਜਿਹੇ ਅਫ਼ਸਰ ਨੂੰ ਸੂਬਾ ਪੁਲੀਸ ਦੀ ਅਗਵਾਈ ਕਰਨ ਦੀ ਆਗਿਆ ਕਿਉਂ ਦਿੱਤੀ ਹਾਲਾਂਕਿ ਉਹ ਨਿੱਜੀ ਰੰਜ਼ਸ਼ਾਂ ਕੱਢਣ ਲਈ ਜਾਣਿਆ ਜਾਂਦਾ ਸੀ ਅਤੇ ਹੁਣ ਵੀ ਸਿੱਧੂ ਚਟੋਪਾਧਿਆਏ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਚੁੱਪ ਹਨ।
ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਸ਼ਹਿਰੀ ਪ੍ਰਧਾਨ ਕੰਵਲਜੀਤ ਸਿੰਘ ਰੂਬੀ, ਸੀਨੀਅਰ ਆਗੂ ਹਰਜੀਤ ਸਿੰਘ ਭੁੱਲਰ, ਗੁਰਮੀਤ ਸਿੰਘ ਸ਼ਾਮਪੁਰ, ਸੋਨੀ ਬੜੀ, ਗੁਰਪ੍ਰਤਾਪ ਸਿੰਘ ਬੜੀ, ਕੰਵਲਜੀਤ ਸਿੰਘ ਕਮਾਂ, ਬਲਵਿੰਦਰ ਸਿੰਘ ਲਖਨੌਰ, ਅਮਨ ਪੂਨੀਆ, ਬੀਬੀ ਕਸ਼ਮੀਰ ਕੌਰ, ਨਿਰਮਲ ਸਿੰਘ, ਅਜੈਪਾਲ ਮਿੱਡੂਖੇੜਾ, ਗਗਨਦੀਪ ਸਿੰਘ ਬੈਦਵਾਨ, ਜਸਵੀਰ ਜੱਸੀ ਕੁਰੜਾ, ਮੱਖਣ ਸਿੰਘ ਗੀਗੇਮਾਜਰਾ ਅਤੇ ਸਰਬਜੀਤ ਸਿੰਘ ਪਾਰਸ ਸਮੇਤ ਹੋਰ ਆਗੂ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਆਸੀ ਦੁਸ਼ਮਣੀ ਕੱਢਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਸੀ ਅਤੇ ਇਹ ਕੇਸ ਡੀਜੀਪੀ ਸਿਧਾਰਧ ਚੱਟੋਪਾਧਿਆਏ ਵੱਲੋਂਂ ਦਰਜ ਕੀਤਾ ਗਿਆ, ਜੋ ਖ਼ੁਦ ਡਰੱਗ ਮਾਫੀਆ ਨੂੰ ਸਰਪਰਸਤੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ ਮਜੀਠੀਆ ਖ਼ਿਲਾਫ਼ ਕੋਈ ਵੀ ਪੁਲੀਸ ਅਧਿਕਾਰੀ ਪਰਚਾ ਦਰਜ ਕਰਨ ਲਈ ਤਿਆਰ ਨਹੀਂ ਸੀ, ਇਸ ਲਈ ਚੰਨੀ ਨੇ ਚੱਟੋਪਾਧਿਆਏ ਨੂੰ ਡੀਜੀਪੀ ਲਗਾਇਆ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਜੋ ਅਣਗਹਿਲੀ ਹੋਈ, ਉਹ ਵੀ ਡੀਜੀਪੀ ਚੱਟੋਪਾਧਿਆਏ ਦੀ ਅਣਗਹਿਲੀ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਖ਼ੁਦ ਰੇਤ ਮਾਫੀਆ ਚਲਾਉਂਦਾ ਹੈ ਅਤੇ ਚੰਨੀ ਖ਼ਿਲਾਫ਼ ਐਫ਼ਆਈਆਰ ਦਰਜ ਹੋਣੀ ਚਾਹੀਦੀ ਹੈ। ਜਦੋਂ ਉਨ੍ਹਾਂ ਨੇ ਰੇਤ ਮਾਫੀਆ ਰੋਕਣ ਲਈ ਐਸਐਸਪੀ ਨਾਲ ਗੱਲ ਕੀਤੀ ਤਾਂ ਐਸਐਸਪੀ ਦਾ ਕਹਿਣਾ ਸੀ ਕਿ ਸੀਐਮ ਦੇ ਹੁਕਮ ਹਨ ਕਿ ਰੇਤ ਮਾਫੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨੀ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…