Nabaz-e-punjab.com

ਬੇਘਰਿਆਂ ਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਨਿਵੇਕਲੇ ਪ੍ਰਾਜੈਕਟ ਦਾ ਰਸਮੀ ਆਗਾਜ਼

ਮੁਹਾਲੀ ਦੇ ਫੇਜ਼-6 ਵਿੱਚ ਸਥਿਤ ਰੈਣ ਬਸੇਰੇ ਨੂੰ ਪਾਇਲਟ ਪ੍ਰਾਜੈਕਟ ਵਜੋਂ ਅਪਣਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਨੇ ਅੱਜ ਇੱਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਅਤੇ ਪੰਜਾਬ, ਹਰਿਆਣਾ ਅਤੇ ਯੂਟੀ ਚੰਡੀਗੜ੍ਹ ਦੀਆਂ ਸਟੇਟ ਲੀਗਲ ਸਰਵਿਸਿਜ਼ ਅਥਾਰਟੀਆਂ ਦੇ ਮੁੱਖ ਸਰਪ੍ਰਸਤ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਅਗਵਾਈ ਵਿੱਚ ਬੇਘਰਿਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਇੱਕ ਨਿਵੇਕਲਾ ਪ੍ਰਾਜੈਕਟ ‘ਹੋਲਡਿੰਗ ਹੈਂਡਸ ਐਂਡ ਰੀਚਿੰਗ ਟੂ ਦੈੱਮ’ ਦਾ ਆਗਾਜ਼ ਕੀਤਾ। ਇਸ ਮੌਕੇ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਮਹੇਸ਼ ਗਰੋਵਰ ਅਤੇ ਹਾਈ ਕੋਰਟ ਦੀ ਜੱਜ ਜਸਟਿਸ ਸ੍ਰੀਮਤੀ ਦਯਾ ਚੌਧਰੀ ਅਤੇ ਜ਼ਿਲ੍ਹਾ ਤੇ ਸੈਸ਼ਨ ਵਿਵੇਕ ਪੁਰੀ ਵੀ ਹਾਜ਼ਰ ਸਨ। ਇਸ ਪਾਇਲਟ ਪ੍ਰਾਜੈਕਟ ਤਹਿਤ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਇੱਥੋਂ ਦੇ ਫੇਜ਼-6 ਵਿੱਚ ਸਥਿਤ ਰੈਣ ਬਸੇਰੇ ਨੂੰ ਅਪਣਾਇਆ ਗਿਆ ਹੈ। ਇਸ ਦੇ ਤਹਿਤ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਸਾਰੇ ਜ਼ਿਲ੍ਹਿਆਂ ਵਿੱਚ ਹੈਂਡ ਹੋਲਡਿੰਗਜ਼ ਟੀਮਾਂ ਦਾ ਗਠਨ ਕਰੇਗੀ ਅਤੇ ਬੇਘਰਿਆਂ ਲਈ ਰੈਣ ਬਸੇਰੇ ਅਤੇ ਮੌਜੂਦਾ ਹਸਪਤਾਲਾਂ ਨੂੰ ਅਪਣਾਇਆ ਜਾਵੇਗਾ। ਅੱਜ ਇੱਥੇ ਸ਼ਾਮੀ ਸਮਾਰੋਹ ਦੌਰਾਨ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਨੇ ਇੱਕ ਵੈੱਬ ਪੋਰਟਲ ਵੀ ਸ਼ੁਰੂ ਕੀਤਾ। ਜਿਸ ਵਿੱਚ ਕੋਈ ਵੀ ਵਿਅਕਤੀ ਜਿਸ ਨੂੰ ਸਹਾਇਤਾ ਦੀ ਲੋੜ ਹੈ, ਉਸ ਬਾਰੇ ਜਾਣਕਾਰੀ ਪਾ ਸਕਦਾ ਹੈ। ਇਸ ਵਿੱਚ ਦਿਮਾਗੀ ਤੌਰ ’ਤੇ ਪ੍ਰੇਸ਼ਾਨ, ਬੇਘਰੇ ਵਿਅਕਤੀਆਂ, ਦਿਵਿਆਂਗ ਵਿਅਕਤੀਆਂ, ਕੈਦੀਆਂ ਦੇ ਬੱਚਿਆਂ, ਜਿਣਸੀ ਅਪਰਾਧਾਂ ਦੀਆਂ ਸ਼ਿਕਾਰ ਅੌਰਤਾਂ, ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਅੌਰਤਾਂ, ਬਜ਼ੁਰਗ ਨਾਗਰਿਕ, ਭਿਖਾਰੀ ਅਤੇ ਲਾਪਤਾ ਬੱਚੇ ਆਸਰਾ ਲੈ ਸਕਦੇ ਹਨ।
ਪੰਜਾਬ ਸਟੇਟ ਲੀਗਲ ਸਰਵਿਸਜ਼ਿ ਅਥਾਰਟੀ ਦੀ ਮੈਂਬਰ ਸਕੱਤਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਉਦਮ ਤਹਿਤ ਬੇਘਰਿਆਂ ਅਤੇ ਸੜਕਾਂ ’ਤੇ ਰੁਲਣ ਵਾਲਿਆਂ ਨੂੰ ਆਸਰਾ ਦਿੱਤਾ ਜਾਵੇਗਾ। ਇਨ੍ਹਾਂ ਰੈਣ ਬਸੇਰਿਆਂ ਵਿੱਚ ਪੈਰਾ ਲੀਗਲ ਵਲੰਟੀਅਰ ਤਾਇਨਾਤ ਕੀਤੇ ਜਾਣਗੇ ਤਾਂ ਜੋ ਲੋੜਵੰਦਾਂ ਨੂੰ ਸਮੇਂ ਸਿਰ ਇਨ੍ਹਾਂ ਘਰਾਂ ਵਿੱਚ ਪਹੁੰਚਾਇਆ ਜਾ ਸਕੇ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ੍ਰੀਮਤੀ ਮੋਨਿਕਾ ਲਾਂਬਾ ਨੇ ਦੱਸਿਆ ਕਿ ਹੈਂਡ ਹੋਲਡਿੰਗ ਟੀਮਾਂ ਸਬੰਧਤ ਜ਼ਿਲ੍ਹਿਆਂ ਵਿੱਚ ਲੋੜਵੰਦ ਵਿਅਕਤੀਆਂ ਦੀ ਮਦਦ ਕਰਨਗੀਆਂ। ਉਨ੍ਹਾਂ ਦੱਸਿਆ ਕਿ ਲੀਗਲ ਸਰਵਿਸ ਅਥਾਰਟੀਆਂ ਅੌਰਤਾਂ, ਬੱਚਿਆਂ ਅਤੇ ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਮੁਹੱਈਆ ਕਰ ਰਹੀਆਂ ਹਨ। ਇਸ ਤੋਂ ਇਲਾਵਾ ਬੱਚਿਆਂ, ਬਜ਼ੁਰਗਾਂ, ਤੇਜ਼ਾਬੀ ਹਮਲੇ ਦੇ ਪੀੜਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੰਤਵ ਦੀ ਪੂਰਤੀ ਲਈ ਕਾਨੂੰਨੀ ਸਹਾਇਤਾ ਲਈ ਵਕੀਲ ਅਤੇ ਪੈਰਾ ਲੀਗਲ ਵਲੰਟੀਅਰ ਕੰਮ ਕਰ ਰਹੇ ਹਨ। ਪਿੰਡਾਂ ਵਿੱਚ ਵੀ ਕਾਨੂੰਨੀ ਸਾਹਇਤਾ ਲਈ ਕੇਂਦਰ ਬਣਾਏ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ, ਸੰਯੁਕਤ ਕਮਿਸ਼ਨਰ ਡਾ. ਕਨੂੰ ਥਿੰਦ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਸਮੇਤ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…