
ਪੁੱਡਾ ਦੇ ਮੌਜੂਦਾ ਤੇ ਸੇਵਾਮੁਕਤ ਕਰਮਚਾਰੀਆਂ ਦੀ 11 ਮੈਂਬਰੀ ਕਮੇਟੀ ਦਾ ਗਠਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਦੇ ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਾਂਝੀ ਮੀਟਿੰਗ ਪੁੱਡਾ ਭਵਨ ਮੁਹਾਲੀ ਵਿਖੇ ਹੋਈ। ਜਿਸ ਵਿੱਚ ਪੁੱਡਾ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਕਰਮਚਾਰੀਆਂ ਦੇ ਸੁਝਾਅ ਉੱਤੇ ਸਮੱਸਿਆਵਾਂ ਦੇ ਸਥਾਈ ਹੱਲ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਮੌਕੇ ਸਰਬਸੰਮਤੀ ਨਾਲ ਤਿਲਕ ਰਾਜ ਵਿਆਸ ਨੂੰ ਚੇਅਰਮੈਨ, ਪ੍ਰਿਥੀ ਸਿੰਘ ਨੂੰ ਕਾਨੂੰਨੀ ਸਲਾਹਕਾਰ, ਇੰਜ. ਹਰਮਿੰਦਰ ਸਿੰਘ ਨੂੰ ਪ੍ਰਧਾਨ, ਇੰਜ. ਸੁਰਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵੀਰ ਕੌਰ ਨੂੰ ਜਨਰਲ ਸਕੱਤਰ, ਸੁਰਿੰਦਰ ਕੌਰ ਨੂੰ ਸੰਯੁਕਤ ਸਕੱਤਰ, ਭੁਪਿੰਦਰ ਸਿੰਘ ਨੂੰ ਦਫ਼ਤਰ ਸਕੱਤਰ, ਬਲਵੀਰ ਸਿੰਘ ਭਿਓਰਾ ਨੂੰ ਮੁੱਖ ਬੁਲਾਰਾ, ਇੰਜ. ਸਤਵਿੰਦਰ ਸਿੰਘ ਨੂੰ ਜਥੇਬੰਦਕ ਸਕੱਤਰ, ਇੰਜ. ਜਗਮੇਲ ਸਿੰਘ ਨੂੰ ਵਿੱਤ ਸਕੱਤਰ ਅਤੇ ਇੰਜ. ਸੁਖਪਾਲ ਸਿੰਘ ਨੂੰ ਪੈੱ੍ਰਸ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਇੰਜ. ਹਰਮਿੰਦਰ ਸਿੰਘ ਨੇ ਕਿਹਾ ਕਿ ਪੁੱਡਾ ਦੇ ਬਹੁਤ ਸਾਰੇ ਕਰਮਚਾਰੀਆਂ ਦੀਆਂ ਤਰੱਕੀਆਂ ਅਤੇ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪਿਛਲੇ ਬਕਾਏ ਕਾਫ਼ੀ ਸਮੇਂ ਤੋਂ ਠੰਢੇ ਬਸਤੇ ਵਿੱਚ ਪਏ ਹਨ ਅਤੇ ਸਬੰਧਤ ਕਰਮਚਾਰੀ ਆਪਣੇ ਬਕਾਏ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਦੇ ਹੱਲ ਲਈ ਜਲਦੀ ਹੀ ਨਵੀਂ ਕਮੇਟੀ ਦਾ ਇਕ ਸਾਂਝਾ ਵਫ਼ਦ ਪੰਜਾਬ ਸਰਕਾਰ ਅਤੇ ਪੁੱਡਾ ਦੇ ਉੱਚ ਅਧਿਕਾਰੀਆਂ ਨੂੰ ਮਿਲੇਗਾ।