
ਆਪ ਦੀ ਸਰਕਾਰ ਬਣਨ ’ਤੇ ਹਰ ਲੋੜਵੰਦ ਲਈ ਖੋਲ੍ਹਿਆ ਜਾਵੇਗਾ ਸਰਕਾਰੀ ਖ਼ਜ਼ਾਨੇ ਦਾ ਮੂੰਹ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਹੂੰਝਾਫੇਰ ਜਿੱਤ ਹਾਸਲ ਕਰੇਗੀ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਆਪ ਦੀ ਬਣੇਗੀ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਇਨਸਾਫ਼ ਲਈ ਧਰਨੇ, ਰੈਲੀਆਂ ਕਰਨ ਅਤੇ ਉੱਚੀ-ਉੱਚੀ ਚੀਕਾਂ ਮਾਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਸਰਕਾਰੀ ਖ਼ਜ਼ਾਨੇ ਦੀ ਲੁੱਟ ਨੂੰ ਬੰਦ ਕਰਕੇ ਖ਼ਜ਼ਾਨੇ ਦਾ ਮੂੰਹ ਆਮ ਲੋਕਾਂ ਵੱਲ ਖੋਲ੍ਹਿਆ ਜਾਵੇਗਾ।
ਸ੍ਰੀ ਕੁਲਵੰਤ ਸਿੰਘ ਮੁਹਾਲੀ ਦੇ ਵੱਖ-ਵੱਖ ਪਿੰਡਾਂ ਚੋਣ ਮੀਟਿੰਗਾਂ ਕੀਤੀਆਂ ਅਤੇ ਸ਼ਹਿਰੀ ਖੇਤਰ ਘਰ-ਘਰ ਜਾ ਕੇ ਵਿਕਾਸ ਦੇ ਨਾਂਅ ’ਤੇ ਵੋਟਾਂ ਮੰਗੀਆਂ। ਉਨ੍ਹਾਂ ਮੁਹਾਲੀ ਵਾਸੀਆਂ ਨੂੰ ਨਵੀਂ ਇਬਾਰਤ ਲਿਖਣ ਲਈ ਬਿਨਾਂ ਕਿਸੇ ਡਰ, ਲਾਲਚ ਅਤੇ ਸਿਫ਼ਾਰਸ਼ ਤੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਨਦੇਹੀ ਨਾਲ ਚੋਣਾਂ ਲੜ ਰਹੀ ਹੈ ਅਤੇ ‘ਆਪ’ ਕੋਲ ਪੰਜਾਬ ਦੇ ਵਿਕਾਸ ਲਈ ਰੋਡਮੈਪ ਤਿਆਰ ਹੈ। ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਤੇ ਪੈਰਾ ਮੈਡੀਕਲ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਲੋੜਵੰਦ ਆਪਣਾ ਇਲਾਜ ਕਰਵਾ ਸਕਣ।
ਕੁਲਵੰਤ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੇ ਦਿੱਲੀ ਮਾਡਲ ਤੋਂ ਪ੍ਰਭਾਵਿਤ ਹੋ ਕੇ ਲੋਕ ਆਪ ਮੁਹਾਰੇ ‘ਆਪ’ ਦੀਆਂ ਚੋਣ ਮੀਟਿੰਗਾਂ ਵਿੱਚ ਸ਼ਮੂਲੀਅਤ ਕਰ ਰਹੇ ਹਨ, ਜਦੋਂਕਿ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਇਕੱਠ ਕਰਨ ਲਈ ਕਾਫ਼ੀ ਕੁੱਝ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣਾ ਮਨ ਬਣਾ ਚੁੱਕੇ ਹਨ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਉਣੀ ਹੈ।