
ਡੀਜੀਪੀ ਵੱਲੋਂ ਸੁਰੱਖਿਆ ਦੀ ਸਮੀਖਿਆ ਲਈ ਰਾਜ ਪੱਧਰੀ ਕਮੇਟੀ ਦਾ ਗਠਨ
ਅਮਰਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਮਾਰਚ:
ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਰਾਜ ਪੁਲਿਸ ਵੱਲੋਂ ਵੱਖ-ਵੱਖ ਵਿਅਕਤੀਆਂ ਨੂੰ ਪ੍ਰਦਾਨ ਕਰਵਾਈ ਗਈ ਸੁਰੱਖਿਆ ਦੀ ਸਮੀਖਿਆ ਲਈ ਡੀ.ਜੀ.ਪੀ. (ਕਾਨੂੰਨ ਤੇ ਵਿਵਸਥਾ) ਸ੍ਰੀ ਹਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕ ਰਾਜ ਪੱਧਰੀ ਸਮੀਖਿਆ ਕਮੇਟੀ ਦਾ ਗਠਨ ਕੀਤਾ ਹੈ। ਸਰਕਾਰੀ ਬੁਲਾਰੇ ਅਨੁਸਾਰ ਉਕਤ ਕਮੇਟੀ ਦੇ ਹੋਰਨਾਂ ਮੈਂਂਬਰਾਂ ਵਿੱਚ ਏ.ਡੀ.ਜੀ.ਪੀ. (ਇੰਟੈਲੀਜੈਂਸ) ਸ੍ਰੀ ਦਿਨਕਰ ਗੁਪਤਾ, ਏ.ਡੀ.ਜੀ.ਪੀ. (ਸੁਰੱਖਿਆ) ਸ੍ਰੀ ਬੀ.ਕੇ. ਬਾਵਾ ਨੂੰ ਮੈਂਬਰ ਸਕੱਤਰ ਅਤੇ ਆਈ.ਜੀ.ਪੀ. (ਸਪੈਸ਼ਲ ਪ੍ਰੋਟੈਕਸ਼ਨ ਯੂਨਿਟ) ਸ੍ਰੀ ਪ੍ਰਮੋਦ ਬਾਨ ਨੂੰ ਸ਼ਾਮਲ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਕਮੇਟੀ ਸੰਵਿਧਾਨਕ ਅਤੇ ਜਨਤਕ ਪਤਵੰਤਿਆਂ ਅਤੇ ਅਧਿਕਾਰੀਆਂ ਦੇ ਨਾਲ-ਨਾਲ ਵਿਅਕਤੀਗਤ ਪੱਧਰ ’ਤੇ ਮਿਲੀ ਸੁਰੱਖਿਆ ਦੀ ਵਿਆਪਕ ਸਮੀਖਿਆ ਕਰੇਗੀ। ਉਨ੍ਹਾਂ ਦੱਸਿਆ ਕਿ ਉਕਤ ਕਮੇਟੀ ਵਰਗ ਵਾਰ ਆਪਣੀਆਂ ਢੁਕਵੀਆਂ ਸਿਫ਼ਾਰਿਸ਼ਾਂ ਨਾਲ ਆਪਣੀ ਰਿਪੋਰਟ 24 ਮਾਰਚ, 2017 ਤੱਕ ਡੀ.ਜੀ.ਪੀ. ਨੂੰ ਸੌਂਪੇਗੀ।