ਪੰਥਕ ਅਕਾਲੀ ਲਹਿਰ ਵੱਲੋਂ ਜ਼ਿਲ੍ਹਾ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਗਠਨ

ਅਕਾਲੀ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਅਹੁਦੇਦਾਰਾਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਲਈ ਸਰਗਰਮ ਧਾਰਮਿਕ ਜਥੇਬੰਦੀ ਪੰਥਕ ਅਕਾਲੀ ਲਹਿਰ ਵੱਲੋਂ ਅੱਜ ਜ਼ਿਲ੍ਹਾ ਮੁਹਾਲੀ ਦੇ ਯੂਥ ਵਿੰਗ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। ਸਤਨਾਮ ਸਿੰਘ ਟਾਂਡਾ ਨੂੰ ਕਨਵੀਨਰ ਦੀ ਜ਼ਿੰਮੇਵਾਰੀ ਦੇਣ ਸਮੇਤ ਹੋਰ ਕਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਸਬੰਧੀ ਅੱਜ ਬਲੌਂਗੀ ਵਿਖੇ ਹੋਈ ਮੀਟਿੰਗ ਦੌਰਾਨ ਪੰਥਕ ਅਕਾਲੀ ਲਹਿਰ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਜ਼ਿਲ੍ਹਾ ਯੂਥ ਵਿੰਗ ਦੇ ਕਨਵੀਨਰ ਸਤਨਾਮ ਸਿੰਘ ਟਾਂਡਾ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਪੜੋਲ ਤੇ ਕੰਵਰਪਾਲ ਸਿੰਘ ਬਿੱਲਾ ਮਾਣਕਪੁਰ ਸ਼ਰੀਫ਼, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੁੜਕਾ, ਜਨਰਲ ਸਕੱਤਰ ਗੁਰਦੀਪ ਸਿੰਘ ਕਰੋਰਾਂ, ਜਨਰਲ ਸਕੱਤਰ ਸਰਵਜੀਤ ਸਿੰਘ ਛੱਜੂਮਾਜਰਾ, ਤਾਲਮੇਲ ਸਕੱਤਰ ਅਮਨਪ੍ਰੀਤ ਸਿੰਘ ਬੜਮਾਜਰਾ ਤੇ ਜਸਕਰਨ ਸਿੰਘ ਖਰੜ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਅਤੇ ਸਮੁੱਚੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ।
ਸਾਬਕਾ ਜਥੇਦਾਰ ਨੇ ਯੂਥ ਵਿੰਗ ਦੇ ਅਹੁਦੇਦਾਰਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਨੌਜਵਾਨਾਂ ਅਤੇ ਸਮੁੱਚੀ ਸੰਗਤ ਨੂੰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਲਾਤਾਂ ਅਤੇ ਗੁਰਧਾਮਾਂ ਵਿੱਚ ਮਰਿਆਦਾ ਬਹਾਲੀ ਬਾਰੇ ਜਾਗਰੂਕ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਰੱਖਣ ਲਈ ਕਾਇਮ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਸਿਧਾਂਤਾਂ ਤੇ ਮਰਿਆਦਾ ਨੂੰ ਤੋੜ ਕੇ ਆਪਣੀ ਨਿੱਜੀ ਜਾਗੀਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਲਿਹਾਜ਼ਾ ਸਿੱਖ ਸੰਗਤ ਨੂੰ ਧਾਰਮਿਕ ਆਜ਼ਾਦੀ ਲਈ ਲਾਮਬੰਦ ਕਰਨ ਲਈ ਪੰਥਕ ਅਕਾਲੀ ਲਹਿਰ ਦਾ ਗਠਨ ਕਰਨ ਦੀ ਲੋੜ ਪਈ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਨੌਜਵਾਨ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੇ ਜ਼ਿਲ੍ਹਾ ਯੂਥ ਵਿੰਗ ਦੇ ਗਠਨ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ’ਤੇ ਪਹਿਰ ਦੇਣ ਦੀ ਅਪੀਲ ਕੀਤੀ। ਲਹਿਰ ਦੇ ਸਰਗਰਮ ਆਗੂ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਪ੍ਰਭਜੋਤ ਸਿੰਘ ਖਰੜ, ਬਲਵਿੰਦਰ ਸਿੰਘ ਪਟਵਾਰੀ ਤੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪੰਥਕ ਅਕਾਲ ਲਹਿਰ ਯੂਥ ਵਿੰਗ ਦੀਆਂ ਹੋਰ ਜ਼ਿਲ੍ਹਾ ਪੱਧਰੀ ਨਿਯੁਕਤੀਆਂ ਸਮੇਤ ਸਰਕਲ, ਪਿੰਡ ਪੱਧਰ ’ਤੇ ਬੂਥ ਕਮੇਟੀਆਂ ਵੀ ਬਣਾਈਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …