
ਮੁਹਾਲੀ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਦੇਖ ਕੇ ਸਾਬਕਾ ਅਕਾਲੀ ਕੌਂਸਲਰਾਂ ਦੀ ਨੀਂਦ ਹਰਾਮ
ਕਾਂਗਰਸੀ ਮੰਤਰੀ ਵੱਲੋਂ ਕੀਤਾ ਵਿਕਾਸ ਦੇਖ ਕੇ ਅਕਾਲੀ ਕੌਂਸਲਰਾਂ ਨੇ ਕਬੂਤਰ ਵਾਂਗ ਬੰਦ ਕੀਤੀਆਂ ਅੱਖਾਂ
ਖ਼ੁਦ ਧੱਕੇਸ਼ਾਹੀਆਂ ਕਰਨ ਵਾਲੇ ਅਕਾਲੀ ਕੌਂਸਲਰ ਹੁਣ ਕਾਂਗਰਸੀ ਮੰਤਰੀ ਦੇ ਵਿਕਾਸ ਨੂੰ ਕਰ ਰਹੇ ਅਣਦੇਖਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸ਼ਹਿਰ ਵਿੱਚ ਕਰੋੜਾਂ ਰੁਪਇਆਂ ਦੇ ਕੀਤੇ ਗਏ ਵਿਕਾਸ ਕਾਰਜਾਂ ਨੂੰ ਅੱਖੀਂ ਦੇਖ ਕੇ ਵੀ ਮੁਹਾਲੀ ਸ਼ਹਿਰ ਦੇ ਅਕਾਲੀ ਕੌਂਸਲਰਾਂ ਨੇ ਕਬੂਤਰ ਵਾਂਗ ਅੱਖਾਂ ਬੰਦ ਕਰ ਲਈਆਂ ਹਨ ਜੋ ਕਿ ਅਕਾਲੀ ਕੌਂਸਲਰਾਂ ਦੀ ਆਉਂਦੀਆਂ ਚੋਣਾਂ ਵਿੱਚ ਹਾਰ ਨੂੰ ਦੇਖਦਿਆਂ ਬੁਖਲਾਹਟ ਦਾ ਨਤੀਜਾ ਹੈ। ਜੇਕਰ ਅਕਾਲੀ ਕੌਂਸਲਰਾਂ ਲਈ ਇਹ ਕਿਹਾ ਜਾਵੇ ਕਿ ‘ਵਖਤੋਂ ਖੰੂਝੀ ਡੰੂਮਣੀ, ਗਾਵੇ ਆਲ਼ ਪਤਾਲ਼’ ਤਾਂ ਵੀ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਹ ਵਿਚਾਰ ਅੱਜ ਇੱਥੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਵਾਰਡਬੰਦੀ ਕਮੇਟੀ ਮੈਂਬਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਜਸਬੀਰ ਸਿੰਘ ਮਣਕੂ (ਦੋਵੇਂ ਸਾਬਕਾ ਕੌਂਸਲਰ), ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਕਾਂਗਰਸ, ਯੂਥ ਆਗੂ ਐਡਵੋਕੇਟ ਨਰਪਿੰਦਰ ਸਿੰਘ ਰੰਗੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੀਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸਿੱਧੂ ਦੇ ਯਤਨਾਂ ਸਦਕਾ ਹੀ ਸ਼ਹਿਰ ਮੋਹਾਲੀ ਵਿੱਚ ਮੈਡੀਕਲ ਕਾਲਜ ਬਣਨਾ ਸੰਭਵ ਹੋ ਸਕਿਆ ਹੈ ਜਿੱਥੇ ਕਿ ਕਾਲਜ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਹੁਣ 600 ਬੈੱਡਾਂ ਦਾ ਨਵਾਂ ਹਸਪਤਾਲ ਵੀ ਬਣਨ ਜਾ ਰਿਹਾ ਹੈ। ਫੇਜ਼-6 ਸਥਿਤ ਸਿਵਲ ਹਸਪਤਾਲ ਨੂੰ ਸ਼ਿਫ਼ਟ ਕਰਕੇ ਸ਼ਹਿਰ ਵਿੱਚ ਕਿਸੇ ਹੋਰ ਥਾਂ ’ਤੇ ਬਣਾਇਆ ਜਾ ਰਿਹਾ ਹੈ। ਫੇਜ਼ 3ਬੀ1 ਵਾਲੀ ਸਰਕਾਰੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ 10 ਕਰੋੜ ਰੁਪਏ ਦੀ ਲਾਗਤ ਨਾਲ 50 ਬੈੱਡਾਂ ਦਾ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਦਾ ਨੀਂਹ ਪੱਥਰ ਆਉਣ ਵਾਲੇ ਕੁਝ ਦਿਨਾਂ ਵਿੱਚ ਸ੍ਰੀ ਸਿੱਧੂ ਵੱਲੋਂ ਰੱਖਿਆ ਜਾਵੇਗਾ।
ਸ਼ਹਿਰ ਵਿੱਚ ਦਰੱਖ਼ਤਾਂ ਦੀ ਛੰਗਾਈ ਕਰਨ ਲਈ ਸ੍ਰ. ਸਿੱਧੂ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ 37 ਲੱਖ ਰੁਪਏ ਦੀ ਲਾਗਤ ਵਿੱਚ ਦੋ ਟਰੀ-ਪਰੂਨਿੰਗ ਮਸ਼ੀਨਾਂ ਨਗਰ ਨਿਗਮ ਨੂੰ ਲਿਆ ਕੇ ਦਿੱਤੀਆਂ। ਇਹ ਪਹਿਲੀ ਵਾਲੀ ਵਾਰੀ ਹੋਇਆ ਹੈ ਕਿ ਸ੍ਰੀ ਸਿੱਧੂ ਨੇ ਸ਼ਹਿਰ ਮੋਹਾਲੀ ਦੀਆਂ ਰੈਜ਼ੀਡੈਂਟਸ ਤੇ ਵੈੱਲਫ਼ੇਅਰ ਐਸੋਸੀਏਸ਼ਨਾਂ ਨੂੰ 50 ਲੱਖ ਰੁਪਏ ਦੀਆਂ ਗਰਾਂਟਾਂ ਲੋਕ ਭਲਾਈ ਦੇ ਕੰਮਾਂ ਲਈ ਵੰਡੀਆਂ। ਸ਼ਹਿਰ ਵਿੱਚ ਹੋਰ ਵਿਕਾਸ ਕਾਰਜਾਂ ਦੇ ਲਈ ਸਰਕਾਰ ਕੋਲੋਂ 15 ਕਰੋੜ ਰੁਪਏ ਦੀ ਗਰਾਂਟ ਲਿਆਂਦੀ। ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਵਿੱਚ 19 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਵਾਲਾ ਟਿਊਬਵੈੱਲ ਲਗਾ ਦਿੱਤਾ ਗਿਆ ਹੈ। ਕਈ ਸਾਲਾਂ ਤੋਂ ਰੁਕਿਆ ਹੋਇਆ ਕਜੌਲੀ ਵਾਟਰ ਵਰਕਸ ਪ੍ਰੋਜੈਕਟ ਦੇ ਟਰੀਟਮੈਂਟ ਪਲਾਂਟ ਦਾ ਕੰਮ 115 ਕਰੋੜ ਦੀ ਲਾਗਤ ਨਾਲ ਚਾਲੂ ਕਰਵਾਇਆ ਗਿਆ ਅਤੇ ਉੱਥੋਂ ਸ਼ਹਿਰ ਲਈ ਗਮਾਡਾ ਰਾਹੀਂ 60 ਕਰੋੜ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਸਾਢੇ 14 ਕਰੋੜ ਰੁਪਏ ਦੇ ਵਾਟਰ ਸਪਲਾਈ ਅਪਗ੍ਰੇਡੇਸ਼ਨ ਕਰਵਾਉਣ ਦੀ ਸਕੀਮ ਨੂੰ ਮਨਜ਼ੂਰੀ ਦਿਵਾਈ ਜਿਸ ਨਾਲ ਸ਼ਹਿਰ ਵਿੱਚ 5 ਨਵੇਂ ਬੂਸਟਰ ਸਟੇਸ਼ਨ ਸਥਾਪਿਤ ਹੋਣ ਜਾ ਰਹੇ ਹਨ। ਜਿਨ੍ਹਾਂ ਨਾਲ ਸ਼ਹਿਰ ਵਿੱਚ ਪਾਣੀ ਦਾ ਪ੍ਰੈਸ਼ਰ ਉਪਰਲੀਆਂ ਮੰਜ਼ਿਲਾਂ ਉਤੇ ਪਹੁੰਚਾਇਆ ਜਾ ਸਕੇਗਾ। ਪੁਰਾਣੇ ਟਰੀਟਮੈਂਟ ਪਲਾਂਟਾਂ ਦੀ ਮਸ਼ੀਨਰੀ ਵੀ ਬਦਲ ਕੇ ਨਵੀਂ ਲਗਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ। ਅਦਾਲਤੀ ਕਬਜ਼ਾ ਖਾਲੀ ਹੋਣ ਤੋਂ ਬਾਅਦ ਖਸਤਾ ਹਾਲਤ ਵਿੱਚ ਪਿਆ।
ਫੇਜ਼-3ਬੀ1 ਦੇ ਕਮਿਊਨਿਟੀ ਸੈਂਟਰ ਦੀ ਇਮਾਰਤ ਨੂੰ ਢਾਹ ਕੇ ਅਤਿ ਆਧੁਨਿਕ ਢੰਗ ਦਾ ਬਣਾਇਆ ਜਾ ਰਿਹਾ ਹੈ ਜਿਸ ਦਾ ਨੀਂਹ ਪੱਥਰ ਵੀ ਕੈਬਨਿਟ ਮੰਤਰੀ ਸ੍ਰ. ਸਿੱਧੂ ਵੱਲੋਂ ਥੋੜ੍ਹੇ ਦਿਨਾਂ ਵਿੱਚ ਰੱਖਿਆ ਜਾ ਰਿਹਾ ਹੈ। ਸ਼ਹਿਰ ਮੋਹਾਲੀ ਦੇ ਲੋਕਾਂ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਮੰਗ ਨੀਡ ਬੇਸਡ ਪਾਲਿਸੀ ਉਤੇ ਵੀ ਕੰਮ ਚੱਲ ਰਿਹਾ ਹੈ ਅਤੇ ਗਮਾਡਾ ਨਾਲ ਇਹ ਮਸਲਾ ਅੰਤਿਮ ਪੜਾਅ ਉਤੇ ਹੈ। ਉਕਤ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਹੀ ਸ਼ਹਿਰ ਦੀਆਂ ਰੈਜ਼ੀਡੈਂਸ਼ੀਅਲ ਸੋਸਾਇਟੀਆਂ ਵਿੱਚ ਵਿਕਾਸ ਕਾਰਜਾਂ ਲਈ ਲੋਕਲ ਬਾਡੀਜ਼ ਵਿਭਾਗ ਪੰਜਾਬ ਤੋਂ ਮਨਜ਼ੂਰੀ ਲੈ ਕੇ ਧਾਰਾ 82 ਤਹਿਤ ਪੈਸਾ ਖਰਚ ਕਰਨ ਲਈ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੋਂ ਪਹਿਲਾਂ ਇਨ੍ਹਾਂ ਰੈਜ਼ੀਡੈਂਸ਼ੀਅਲ ਸੋਸਾਇਟੀਆਂ ਵਿੱਚ ਨਗਰ ਨਿਗਮ ਵੱਲੋਂ ਕੋਈ ਵਿਕਾਸ ਕਾਰਜ ਨਹੀਂ ਕੀਤੇ ਜਾਂਦੇ ਸਨ ਜੋ ਕਿ ਹੁਣ ਮੰਤਰੀ ਸਿੱਧੂ ਦੇ ਯਤਨਾਂ ਸਦਕਾ ਸੰਭਵ ਹੋ ਸਕੇ ਹਨ।
ਉਨ੍ਹਾਂ ਕਿਹਾ ਕਿ ਇਹ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਹਰਮਨ ਪਿਆਰਤਾ ਦਾ ਨਤੀਜਾ ਹੈ ਕਿ ਲੋਕਾਂ ਦੇ ਹਰਮਨ ਪਿਆਰੇ ਆਗੂ ਸ੍ਰ. ਬਲਬੀਰ ਸਿੰਘ ਸਿੱਧੂ ਵਿਰੋਧੀ ਧਿਰ ਅਕਾਲੀ,-ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਚੋਣਾਂ ਜਿੱਤ ਕੇ ਐਮ.ਐਲ.ਏ. ਬਣਦੇ ਰਹੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਮੋਹਾਲੀ ਨੂੰ ਜ਼ਿਲ੍ਹਾ ਬਣਾਉਣ ਤੋਂ ਲੈ ਕੇ ਹੁਣ ਤੱਕ ਕਾਇਆ ਕਲਪ ਸਿਰਫ਼ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਕਾਰਜਕਾਲ ਵਿੱਚ ਹੀ ਹੁੰਦੀ ਰਹੀ ਹੈ, ਅਕਾਲੀਆਂ ਨੇ ਤਾਂ ਹਮੇਸ਼ਾਂ ਫੋਕੇ ਦਮਗਜੇ ਹੀ ਮਾਰੇ ਹਨ। ਉਨ੍ਹਾਂ ਕਿਹਾ ਕਿ ਆਪਣੇ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਖ਼ੁਦ ਧੱਕੇਸ਼ਾਹੀਆਂ ਕਰਨ ਵਾਲੇ ਅਕਾਲੀ ਕੌਂਸਲਰਾਂ ਨੂੰ ਹੁਣ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੀਤੇ ਗਏ ਵਿਕਾਸ ਕਾਰਜ ਵੀ ਧੱਕੇਸ਼ਾਹੀਆਂ ਜਾਪਣ ਲੱਗ ਪਏ ਹਨ। ਇਹੋ ਇਨ੍ਹਾਂ ਅਕਾਲੀ ਕੌਂਸਲਰਾਂ ਦੀ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਦੀ ਤੇਜ਼ ਗਤੀ ਨੂੰ ਦੇਖ ਕੇ ਅਕਾਲੀ ਕੌਂਸਲਰਾਂ ਵਿੱਚ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਬੁਖਲਾਹਟ ਹੋ ਰਹੀ ਹੈ। ਜਿਉਂ ਜਿਉਂ ਵਿਕਾਸ ਦੀ ਗਤੀ ਤੇਜ਼ ਹੋ ਰਹੀ ਹੈ, ਤਿਉਂ ਤਿਉਂ ਅਕਾਲੀ ਕੌਂਸਲਰਾਂ ਦੇ ਦਿਲਾਂ ਦੀ ਹਾਰ ਵਾਲੇ ਪਾਸਿਓਂ ਧੜਕਣ ਤੇਜ਼ ਹੋ ਰਹੀ ਹੈ, ਜਿਸ ਦਾ ਜਵਾਬ ਸ਼ਹਿਰ ਦੇ ਲੋਕੀਂ ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਕੌਂਸਲਰਾਂ ਨੂੰ ਹਰਾ ਕੇ ਦੇਣਗੇ।