ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਸਥਿਰ, ਪੁੱਤ ਤੇ ਨੂੰਹ ਵੀ ਹਸਪਤਾਲ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਵਿੱਚ ਹੌਲੀ ਹੌਲੀ ਸੁਧਾਰ ਆ ਰਿਹਾ ਹੈ। ਪਿਛਲੇ ਦਿਨੀਂ ਉਨ੍ਹਾਂ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਸਾਬਕਾ ਮੁੱਖ ਮੰਤਰੀ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਹਿਲੀ ਮੰਜ਼ਲ ’ਤੇ ਸਥਿਤ ਆਈਸੀਯੂ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਸੀ। ਜਿੱਥੇ ਇਲਾਜ ਤੋਂ ਬਾਅਦ ਹੁਣ ਉਨ੍ਹਾਂ ਦੀ ਤਬੀਅਤ ਪਹਿਲਾਂ ਨਾਲੋਂ ਠੀਕ ਦੱਸੀ ਜਾ ਰਹੀ ਹੈ।
ਹਾਲਾਂਕਿ ਬੀਤੇ ਕੱਲ੍ਹ ਵੱਡੇ ਬਾਦਲ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਆਉਣ ਅਤੇ ਐਤਵਾਰ ਨੂੰ ਉਨ੍ਹਾਂ (ਬਾਦਲ) ਨੂੰ ਆਈਸੀਯੂ ’ਚੋਂ ਦੁਬਾਰਾ ਪ੍ਰਾਈਵੇਟ ਵਾਰਡ ਵਿੱਚ ਸ਼ਿਫ਼ਟ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਅਗਲੇ ਇੱਕ ਦੋ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਸਕਦੀ ਹੈ ਅਤੇ ਉਹ ਘਰ ਜਾ ਸਕਦੇ ਹਨ। ਪ੍ਰੰਤੂ ਹਾਲੇ ਵੀ ਸਾਬਕਾ ਮੁੱਖ ਮੰਤਰੀ ਆਈਸੀਯੂ ਵਿੱਚ ਹੀ ਦਾਖ਼ਲ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਸਿਆਸੀ ਰੁਝੇਵਿਆਂ ਨੂੰ ਅੱਜ ਛੱਡ ਕੇ ਫੋਰਟਿਸ ਹਸਪਤਾਲ ਪਹੁੰਚੇ ਅਤੇ ਕਾਫ਼ੀ ਸਮਾਂ ਵੱਡੇ ਬਾਦਲ ਕੋਲ ਰਹੇ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਨੇ ਮੈਡੀਕਲ ਟੀਮ ਵਿੱਚ ਸ਼ਾਮਲ ਡਾਕਟਰਾਂ ਨਾਲ ਗੱਲ ਕਰਕੇ ਬਾਦਲ ਦੀ ਸਿਹਤ ਅਤੇ ਇਲਾਜ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਬਾਦਲ ਪਰਿਵਾਰ ਲਗਾਤਾਰ ਡਾਕਟਰਾਂ ਦੇ ਸੰਪਰਕ ਵਿੱਚ ਹੈ ਅਤੇ ਪਲ-ਪਲ ਦੀ ਖ਼ਬਰ ਲਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਬਾਦਲ ਪਰਿਵਾਰ ਵੱਲੋਂ ਪਿਛਲੇ ਐਤਵਾਰ ਉਨ੍ਹਾਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਸੀ। ਜਿੱਥੇ ਇਲਾਜ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਵੱਡੇ ਬਾਦਲ ਨੂੰ ਪ੍ਰਾਈਵੇਟ ਵਾਰਡ ’ਚੋਂ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ। ਵੱਡੇ ਬਾਦਲ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਫੋਨ ’ਤੇ ਗੱਲਬਾਤ ਕਰਕੇ ਵੱਡੇ ਬਾਦਲ ਦਾ ਹਾਲ ਚਾਲ ਪੁੱਛਿਆ ਸੀ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਅਕਾਲੀ ਦਲ, ਲੰਬਾ ਸਮਾਂ ਭਾਜਪਾ ਦਾ ਭਾਈਵਾਲ ਰਿਹਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਤੋਂ ਲੈ ਕੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਾਦਲ ਪਰਿਵਾਰ ਦੇ ਚੰਗੇ ਸਬੰਧ ਰਹੇ ਹਨ ਪ੍ਰੰਤੂ ਪਿੱਛੇ ਜਿਹੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ ਲੇਕਿਨ ਇਸ ਦੇ ਬਾਵਜੂਦ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅੱਜ ਵੀ ਵੱਡੇ ਬਾਦਲ ਨੂੰ ਪੂਰਾ ਸਤਿਕਾਰ ਦਿੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …