
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਵਿਗੜੀ, ਆਈਸੀਯੂ ’ਚ ਦਾਖ਼ਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਆਸੀ ਰੁਝੇਵੇਂ ਛੱਡ ਕੇ ਫੋਰਟਿਸ ਹਸਪਤਾਲ ਪਹੁੰਚੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਅੱਜ ਉਨ੍ਹਾਂ ਨੂੰ ਇੱਥੋਂ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ਦੇ ਆਈਸੀਯੂ ਵਿੱਚ ਸ਼ਿਫ਼ਟ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਆਪਣੇ ਸਾਰੇ ਸਿਆਸੀ ਰੁਝੇਵੇਂ ਛੱਡ ਕੇ ਦੁਪਹਿਰ ਸਮੇਂ ਫੋਰਟਿਸ ਹਸਪਤਾਲ ਵਿੱਚ ਪਹੁੰਚੇ ਅਤੇ ਆਪਣੇ ਪਿਤਾ ਦਾ ਹਾਲਚਾਲ ਪੁੱਛਿਆ। ਉਹ ਇੱਥੇ ਕਰੀਬ ਡੇਢ ਦੋ ਘੰਟੇ ਰੁਕੇ। ਉਨ੍ਹਾਂ ਨੇ ਵੱਡੇ ਬਾਦਲ ਦੇ ਇਲਾਜ ਵਿੱਚ ਜੁਟੇ ਡਾਕਟਰਾਂ ਅਤੇ ਮੈਡੀਕਲ ਟੀਮ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਫੋਰਟਿਸ ਹਸਪਤਾਲ ਆ ਕੇ ਆਪਣੇ ਸਹੁਰਾ ਸਾਹਿਬ ਦਾ ਹਾਲਚਾਲ ਪੁੱਛ ਕੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਾ ਹੋਣ ਕਾਰਨ ਲੰਘੇ ਐਤਵਾਰ ਬਾਦਲ ਪਰਿਵਾਰ ਵੱਲੋਂ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਨੇ ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਵੱਡੇ ਬਾਦਲ ਹੂਰਾਂ ਨੂੰ ਪ੍ਰਾਈਵੇਟ ਵਾਰਡ ਵਿੱਚ ਦਾਖ਼ਲ ਕਰ ਲਿਆ। ਪਿਛਲੇ 5 ਦਿਨਾਂ ਤੋਂ ਇੱਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ ਦਿਲ ਦੀ ਬਿਮਾਰੀ ਤੋਂ ਪੀੜਤ ਦੱਸੇ ਜਾ ਰਹੇ ਹਨ ਅਤੇ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਹੈ। ਬੀਤੇ ਦਿਨੀਂ ਉਨ੍ਹਾਂ (ਬਾਦਲ) ਦੀ ਤਬੀਅਤ ਅਚਾਨਕ ਵਿਗੜਨ ਲੱਗੀ ਤਾਂ ਪਹਿਲਾਂ ਸਾਬਕਾ ਮੁੱਖ ਮੰਤਰੀ ਨੂੰ ਪੀਜੀਆਈ ਲਿਜਾਉਣ ਦੀ ਗੱਲ ਆਖੀ ਸੀ ਪ੍ਰੰਤੂ ਬਾਅਦ ਵਿੱਚ ਫੋਰਟਿਸ ਹਸਪਤਾਲ ਵਿੱਚ ਬਿਹਤਰ ਇਲਾਜ ਨੂੰ ਤਰਜੀਹ ਦਿੱਤੀ ਗਈ। ਇਸ ਤਰ੍ਹਾਂ ਇੱਥੇ ਹੀ ਉਨ੍ਹਾਂ ਨੂੰ ਹਸਪਤਾਲ ਦੀ ਪਹਿਲੀ ਮੰਜ਼ਲ ’ਤੇ ਸਥਿਤ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ। ਸੂਤਰਾਂ ਦੀ ਜਾਣਕਾਰੀ ਅਨੁਸਾਰ ਵੱਡੇ ਬਾਦਲ ਬੇਸੁੱਧ ਦੱਸੇ ਜਾ ਰਹੇ ਹਨ।
ਉਧਰ, ਬਾਦਲ ਪਰਿਵਾਰ ਵੱਲੋਂ ਹਸਪਤਾਲ ਵਿੱਚ ਜ਼ਿਆਦਾ ਭੀੜ ਭੜੱਕਾ ਨਾ ਹੋਵੇ, ਇਸ ਲਿਹਾਜ਼ ਨਾਲ ਸਾਬਕਾ ਮੁੱਖ ਮੰਤਰੀ ਦੀ ਇਲਾਜ ਪ੍ਰਕਿਰਿਆ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੇ ਇੱਥੇ ਦਾਖ਼ਲ ਹੋਣ ਬਾਰੇ ਬਹੁਤ ਹੀ ਘੱਟ ਵਿਅਕਤੀਆਂ ਨੂੰ ਜਾਣਕਾਰੀ ਹੈ।