Share on Facebook Share on Twitter Share on Google+ Share on Pinterest Share on Linkedin ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੁੜ ਸਿਹਤ ਵਿਗੜੀ, ਛੋਟੇ ਬਾਦਲ ਤੇ ਬੀਬਾ ਬਾਦਲ ਵੀ ਪਹੁੰਚੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਅਚਾਨਕ ਫਿਰ ਤੋਂ ਵਿਗੜ ਗਈ ਦੱਸੀ ਜਾ ਰਹੀ ਹੈ। ਪਿਛਲੇ ਦਿਨੀਂ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਸਾਬਕਾ ਮੁੱਖ ਮੰਤਰੀ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਮੈਡੀਕਲ ਆਈਸੀਯੂ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਸੀ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਤਬੀਅਤ ਵਿੱਚ ਪਹਿਲਾਂ ਨਾਲੋਂ ਹੌਲੀ ਹੌਲੀ ਸੁਧਾਰ ਹੋ ਰਿਹਾ ਸੀ ਲੇਕਿਨ ਹੁਣ ਫਿਰ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੋਣ ਬਾਰੇ ਪਤਾ ਲੱਗਾ ਹੈ। ਉਧਰ, ਜਲੰਧਰ ਜ਼ਿਮਨੀ ਚੋਣ ਦੇ ਚੱਲਦਿਆਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ ਅਤੇ ਸਿਆਸੀ ਸਰਗਰਮੀਆਂ ਬੜੇ ਜ਼ੋਰਾਂ ’ਤੇ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਮੁੜ ਆਪਣੇ ਸਾਰੇ ਸਿਆਸੀ ਰੁਝੇਵੇ ਛੱਡ ਕੇ ਦੁਪਹਿਰ ਸਮੇਂ ਫੋਰਟਿਸ ਹਸਪਤਾਲ ਮੁਹਾਲੀ ਪਹੁੰਚ ਗਏ ਅਤੇ ਉਨ੍ਹਾਂ ਆਪਣੇ ਬਜ਼ੁਰਗ ਦਾ ਹਾਲਚਾਲ ਪੁੱਛਿਆ। ਪੁੱਤ-ਨੂੰਹ ਨੇ ਮੈਡੀਕਲ ਟੀਮ ਵਿੱਚ ਸ਼ਾਮਲ ਡਾਕਟਰਾਂ ਨਾਲ ਗੱਲ ਕਰਕੇ ਵੱਡੇ ਬਾਦਲ ਦੀ ਸਿਹਤ ਅਤੇ ਇਲਾਜ ਪ੍ਰਕਿਰਿਆ ਬਾਰੇ ਡਿਟੇਲ ਵਿੱਚ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਸਮਰੀ ਰਿਪੋਰਟ ਵੀ ਚੈੱਕ ਕੀਤੀ। ਬਾਦਲ ਪਰਿਵਾਰ ਨਿਰੰਤਰ ਡਾਕਟਰਾਂ ਦੇ ਸੰਪਰਕ ਵਿੱਚ ਹੈ ਅਤੇ ਪਲ-ਪਲ ਦੀ ਖ਼ਬਰ ਲਈ ਜਾ ਰਹੀ ਹੈ। ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਜੂਨੀਅਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹਸਪਤਾਲ ਵਿੱਚ ਹੀ ਵੱਡੇ ਬਾਦਲ ਕੋਲ ਮੌਜੂਦ ਸਨ। ਹਾਲਾਂਕਿ ਬੀਤੇ ਦਿਨੀਂ ਵੱਡੇ ਬਾਦਲ ਦੀ ਸਿਹਤ ਵਿੱਚ ਸੁਧਾਰ ਆਉਣ ਅਤੇ ਐਤਵਾਰ ਨੂੰ ਉਨ੍ਹਾਂ (ਬਾਦਲ) ਨੂੰ ਆਈਸੀਯੂ ’ਚੋਂ ਦੁਬਾਰਾ ਪ੍ਰਾਈਵੇਟ ਵਾਰਡ ਵਿੱਚ ਸ਼ਿਫ਼ਟ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਅਗਲੇ ਇੱਕ ਦੋ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਸਕਦੀ ਹੈ, ਪ੍ਰੰਤੂ ਹਾਲੇ ਵੀ ਸਾਬਕਾ ਮੁੱਖ ਮੰਤਰੀ ਮੈਡੀਕਲ ਆਈਸੀਯੂ ਵਿੱਚ ਹੀ ਦਾਖ਼ਲ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਬਾਦਲ ਪਰਿਵਾਰ ਵੱਲੋਂ ਪਿਛਲੇ ਐਤਵਾਰ ਉਨ੍ਹਾਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਸੀ। ਜਿੱਥੇ ਇਲਾਜ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਵੱਡੇ ਬਾਦਲ ਨੂੰ ਪ੍ਰਾਈਵੇਟ ਵਾਰਡ ’ਚੋਂ ਮੈਡੀਕਲ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ