
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿੱਚ ਸੁਧਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਵਧੇਰੇ ਸੁਧਾਰ ਹੈ। ਬੁੱਧਵਾਰ ਨੂੰ ਉਨ੍ਹਾਂ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਸਾਬਕਾ ਮੁੱਖ ਮੰਤਰੀ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦੀ ਪਹਿਲੀ ਮੰਜ਼ਲ ’ਤੇ ਸਥਿਤ ਆਈਸੀਯੂ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਸੀ। ਜਿੱਥੇ ਇਲਾਜ ਤੋਂ ਬਾਅਦ ਹੁਣ ਉਨ੍ਹਾਂ ਦੀ ਤਬੀਅਤ ਪਹਿਲਾਂ ਨਾਲੋਂ ਕਾਫ਼ੀ ਠੀਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਫੋਰਟਿਸ ਹਸਪਤਾਲ ਦੀ ਮੈਡੀਕਲ ਟੀਮ ਦੀ ਸਖ਼ਤ ਮਿਹਨਤ ਸਦਕਾ ਵੱਡੇ ਬਾਦਲ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਆਇਆ ਹੈ। ਬਾਦਲ ਪਰਿਵਾਰ ਅਤੇ ਪਾਰਟੀ ਵਰਕਰਾਂ ਲਈ ਇਹ ਚੰਗਾ ਸੁਨੇਹਾ ਹੈ ਕਿ ਭਲਕੇ ਐਤਵਾਰ ਨੂੰ ਉਨ੍ਹਾਂ (ਬਾਦਲ) ਨੂੰ ਆਈਸੀਯੂ ’ਚੋਂ ਦੁਬਾਰਾ ਪ੍ਰਾਈਵੇਟ ਵਾਰਡ ਵਿੱਚ ਸ਼ਿਫ਼ਟ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਵੱਡੇ ਬਾਦਲ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਸਕਦੀ ਹੈ ਅਤੇ ਉਹ ਘਰ ਜਾ ਸਕਦੇ ਹਨ। ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਫੋਨ ’ਤੇ ਗੱਲਬਾਤ ਕਰਕੇ ਵੱਡੇ ਬਾਦਲ ਦਾ ਹਾਲ ਚਾਲ ਪੁੱਛਿਆ ਸੀ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਸੀ। ਸੁਖਬੀਰ ਬਾਦਲ ਵੀ ਬੀਤੇ ਕੱਲ੍ਹ ਦੇਰ ਰਾਤ ਤੱਕ ਫੋਰਟਿਸ ਹਸਪਤਾਲ ਵਿੱਚ ਆਪਣੇ ਪਿਤਾ ਕੋਲ ਰਹੇ ਅਤੇ ਡਾਕਟਰਾਂ ਨਾਲ ਗੱਲ ਕਰਕੇ ਵੱਡੇ ਬਾਦਲ ਦੀ ਸਿਹਤ ਅਤੇ ਇਲਾਜ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ।
ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਬਾਦਲ ਪਰਿਵਾਰ ਵੱਲੋਂ ਲੰਘੇ ਐਤਵਾਰ ਉਨ੍ਹਾਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਸੀ। ਜਿੱਥੇ ਪਿਛਲੇ ਦਿਨੀਂ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਵੱਡੇ ਬਾਦਲ ਨੂੰ ਪ੍ਰਾਈਵੇਟ ਵਾਰਡ ’ਚੋਂ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ। ਵੱਡੇ ਬਾਦਲ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ ਅਤੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।