ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਚੋਣ ਪਟੀਸ਼ਨ ਦਾਖ਼ਲ

ਚੋਣ ਦੌਰਾਨ ਕਥਿਤ ਧਾਂਦਲੀ ਹੋਣ ਤੇ ਜਾਅਲੀ ਵੋਟਾਂ ਭੁਗਤਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ-10 ਤੋਂ ਚੋਣ ਹਾਰੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਐਸਡੀਐਮ ਕੋਲ ਚੋਣ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਵਾਰਡ ਨੰਬਰ-10 ਦੀ ਚੋਣ ਦੌਰਾਨ ਘਪਲੇਬਾਜ਼ੀ ਕੀਤੇ ਜਾਣ, ਜਾਅਲੀ ਵੋਟਾਂ ਭੁਗਤਾਉਣ ਅਤੇ ਪੋਲਿੰਗ ਸਟਾਫ਼ ਤੇ ਸੱਤਾਧਾਰੀ ਧਿਰ ਦੇ ਉਮੀਦਵਾਰ ਦੀ ਮਦਦ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਇਸ ਚੋਣ ਨੂੰ ਰੱਦ ਕਰਕੇ ਵਾਰਡ ਵਿੱਚ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸ੍ਰੀ ਕਾਹਲੋਂ ਵੱਲੋਂ ਆਪਣੇ ਵਕੀਲ ਰਾਹੀਂ ਦਾਖ਼ਲ ਕੀਤੀ ਗਈ ਇਸ ਪਟੀਸ਼ਨ ਵਿੱਚ ਬੂਥ ਨੰਬਰ-32 ਦੇ ਪ੍ਰੋਜਾਈਡਿੰਗ ਅਫ਼ਸਰ ਤਰਲੋਚਨ ਸਿੰਘ ਨੂੰ ਵੀ ਪਾਰਟੀ ਬਣਾਇਆ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਵਾਰਡ ਨੰਬਰ-10 ਤੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਤੇ ਮੇਅਰ ਦੇ ਅਹੁਦੇ ਦੇ ਉਮੀਦਵਾਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਰਮਜੀਤ ਸਿੰਘ ਕਾਹਲੋਂ ਨੂੰ ਹਰਾਇਆ ਸੀ। ਪੋਲਿੰਗ ਵਾਲੇ ਦਿਨ (14 ਫਰਵਰੀ ਨੂੰ) ਮਤਦਾਨ ਦੌਰਾਨ ਵੀ ਇੱਥੇ ਕਾਫ਼ੀ ਰੌਲਾ ਪੈਂਦਾ ਰਿਹਾ ਹੈ ਅਤੇ ਸ੍ਰੀ ਕਾਹਲੋਂ ਨੇ ਜਾਅਲੀ ਵੋਟਾਂ ਪਵਾਉਣ ਅਤੇ ਮਤਦਾਨ ਦੌਰਾਨ ਉਨ੍ਹਾਂ ਦੇ ਪੋਲਿੰਗ ਏਜੰਟ ਨੂੰ ਜ਼ਬਰਦਸਤੀ ਬਹਾਰ ਕੱਢਣ ਦਾ ਦੋਸ਼ ਲਗਾਉਂਦਿਆਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ। ਜਿਸ ਕਾਰਨ ਵਾਰਡ ਨੰਬਰ-10 ਦੇ ਦੋ ਬੂਥਾਂ ’ਤੇ 17 ਫਰਵਰੀ ਨੂੰ ਦੁਬਾਰਾ ਵੋਟਾਂ ਪਈਆਂ ਸਨ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਦਾ ਨਤੀਜਾ ਵੀ 18 ਫਰਵਰੀ ਨੂੰ ਐਲਾਨਿਆ ਗਿਆ ਸੀ।
ਸ੍ਰੀ ਕਾਹਲੋਂ ਨੇ ਕਿਹਾ ਕਿ ਨਗਰ ਨਿਗਮ ਦੀ ਚੋਣ ਦੌਰਾਨ ਸੱਤਾਧਾਰੀਆਂ ਵੱਲੋਂ ਨਿਯਮ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦਿਆਂ ਲੋਕਤੰਤਰ ਦਾ ਘਾਣ ਕੀਤਾ ਗਿਆ ਅਤੇ ਇਹ ਸਾਰੀ ਕਾਰਵਾਈ ਚੋਣ ਸਟਾਫ਼ ਦੀ ਸਹਿਮਤੀ ਨਾਲ ਕੀਤੀ ਗਈ। ਇਸ ਦੌਰਾਨ ਨਾਂ ਸਿਰਫ਼ ਮਰੇ ਹੋਏ ਵਿਅਕਤੀਆਂ ਦੀਆਂ ਵੋਟਾਂ ਭੁਗਤਾਈਆਂ ਗਈਆਂ ਬਲਕਿ ਅਜਿਹੇ ਵੋਟਰ ਜਿਹੜੇ ਵਿਦੇਸ਼ ਜਾਂ ਕਿਤੇ ਹੋਰ ਥਾਂ ਜਾ ਕੇ ਵੱਸ ਗਏ ਹਨ, ਉਨ੍ਹਾਂ ਦੀਆਂ ਵੋਟਾਂ ਵੀ ਭੁਗਤਾਈਆਂ ਗਈਆਂ ਹਨ ਅਤੇ ਚੋਣਾਂ ਦੌਰਾਨ ਕਥਿਤ ਤੌਰ ’ਤੇ ਧਾਂਦਲੀ ਕੀਤੀ ਗਈ। ਜਿਸ ਦੀ ਪੁਸ਼ਟੀ ਡੀਸੀ ਮੁਹਾਲੀ ਨੇ ਚੋਣ ਕਮਿਸ਼ਨ ਦਫ਼ਤਰ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਵੀ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਇਨ੍ਹਾਂ ਜਾਅਲੀ ਚੋਣਾਂ ਦੀ ਕਾਰਵਾਈ ਖੁੱਲ੍ਹੇਆਮ ਕੀਤੀ ਗਈ ਅਤੇ ਇਸ ਵਿੱਚ ਚੋਣ ਸਟਾਫ਼ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸੱਤਾਧਾਰੀਆਂ ਦੀ ਇਸ ਧੱਕੇਸ਼ਾਹੀ ਦਾ ਲਗਾਤਾਰ ਵਿਰੋਧ ਕਰਦੇ ਰਹਿਣਗੇ ਅਤੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਪਟੀਸ਼ਨ ’ਤੇ ਹੋਈ ਕਾਰਵਾਈ ਬਾਹਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਕੀਲ ਵੱਲੋਂ ਪਟੀਸ਼ਨ ਦਾਖ਼ਲ ਕਰ ਦਿੱਤੀ ਗਈ ਹੈ ਅਤੇ ਇਸ ’ਤੇ ਛੇਤੀ ਹੀ ਸੁਣਵਾਈ ਸ਼ੁਰੂ ਹੋ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …