Share on Facebook Share on Twitter Share on Google+ Share on Pinterest Share on Linkedin ਮੁਲਤਾਨੀ ਕੇਸ: ਸਾਬਕਾ ਡੀਜੀਪੀ ਸੈਣੀ ਗ੍ਰਿਫ਼ਤਾਰੀ ਦੇ ਡਰੋਂ ਸੁਰੱਖਿਆ ਛੱਤਰੀ ਛੱਡ ਕੇ ਫਰਾਰ ਪੰਜਾਬ ਸਰਕਾਰ ਨੇ ਸੁਮੇਧ ਸੈਣੀ ਤੋਂ ਜ਼ੈੱਡ ਪਲੱਸ ਸੁਰੱਖਿਆ ਵਾਪਸ ਨਹੀਂ ਲਈ: ਪੰਜਾਬ ਪੁਲੀਸ ਦਾ ਦਾਅਵਾ ਮੁਹਾਲੀ ਪੁਲੀਸ ਵੱਲੋਂ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਸੈਣੀ ਦੀ ਭਾਲ ਵਿੱਚ ਛਾਪੇਮਾਰੀ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ: ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਰਹੇ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਾਬਕਾ ਡੀਜੀਪੀ ਗ੍ਰਿਫ਼ਤਾਰੀ ਦੇ ਡਰੋਂ ਕਥਿਤ ਤੌਰ ’ਤੇ ਆਪਣੀ ਸੁਰੱਖਿਆ ਛੱਤਰੀ ਛੱਡ ਕੇ ਰੂਪੋਸ਼ ਹੋ ਗਏ ਹਨ। ਉਧਰ, ਸੈਣੀ ਦੀ ਪਤਨੀ ਨੇ ਪੰਜਾਬ ਦੇ ਡੀਜੀਪੀ ਨੂੰ ਅਰਜ਼ੀ ਦੇ ਕੇ ਉਨ੍ਹਾਂ ਦੇ ਪਰਿਵਾਰ ਤੋਂ ਜ਼ੈੱਡ ਪਲੱਸ ਸੁਰੱਖਿਆ ਵਾਪਸ ਲੈਣ ਦੀ ਗੱਲ ਕਰਦਿਆਂ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਇਸੇ ਦੌਰਾਨ ਮੁਹਾਲੀ ਪੁਲੀਸ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਸੈਣੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਸੈਣੀ ਦਿੱਲੀ ਵਿੱਚ ਜਾ ਕੇ ਛੁਪ ਗਿਆ ਹੈ। ਉਧਰ, ਪੰਜਾਬ ਪੁਲੀਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸੁਰੱਖਿਆ ਵਾਪਸ ਲੈਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕ ਹਾਈ ਕੋਰਟ ਵੱਲੋਂ ਸਿਟਕੋ ਦੇ ਸਾਬਕਾ ਜੇਈ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਕੇਸ ਵਿੱਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਦੀ ਸੁਣਵਾਈ ਕੀਤੇ ਜਾਣ ਤੋਂ ਇਕ ਦਿਨ ਪਹਿਲਾਂ ਸਾਬਕਾ ਡੀਜੀਪੀ ਆਪਣੀ ਸੁਰੱਖਿਆ ਪਿੱਛੇ ਛੱਡ ਕੇ ਫਰਾਰ ਹੋ ਗਏ ਹਨ। ਪੰਜਾਬ ਪੁਲੀਸ ਦੀ ਸਿੱਟ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਐਕਸਟਰਾ ਜੁਡੀਸ਼ੀਅਲ ਕਤਲ ਦੇ ਮਾਮਲੇ ਜਿਸ ਨੂੰ ਹੁਣ ਕਤਲ ਕੇਸ ਵਿੱਚ ਤਬਦੀਲ ਕੀਤਾ ਗਿਆ ਹੈ, ਦੇ ਸਬੰਧ ਵਿੱਚ ਪੜਤਾਲ ਕਰਦਿਆਂ ਸੈਣੀ ਦੀ ਪਤਨੀ ਦੇ ਇਸ ਦੋਸ਼ ਨੂੰ ਨਕਾਰ ਦਿੱਤਾ ਕਿ ਸਾਬਕਾ ਡੀਜੀਪੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਿਸ ਨਾਲ ਉਸਦੀ ਜਾਨ ਨੂੰ ਖ਼ਤਰਾ ਹੈ। ਬੁਲਾਰੇ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਲਿਖੀ ਚਿੱਠੀ ਵਿੱਚ ਸੈਣੀ ਦੀ ਪਤਨੀ ਦੁਆਰਾ ਜੋ ਦਾਅਵਾ ਕੀਤਾ ਗਿਆ ਸੀ, ਉਸ ਦੇ ਉਲਟ, ਸੁਰੱਖਿਆ, ਵਾਹਨਾਂ ਅਤੇ ਹੋਰ ਸਾਧਨਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਸੁਰੱਖਿਆ ਬਕਸੇ ਅਤੇ ਜੈਮਰ ਵਾਹਨ ਸਮੇਤ ਸਾਬਕਾ ਪੁਲੀਸ ਮੁਖੀ ਨੂੰ ਜ਼ੈੱਡ ਪਲੱਸ ਸ਼੍ਰੇਣੀ ਮੁਹੱਈਆ ਕਰਵਾਈ ਗਈ, ਜੋ ਕਿ ਰਾਜ ਸਰਕਾਰ ਦੀ ਸੁਰੱਖਿਆ ਹੈ। ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਹਕੀਕਤ ਇਹ ਹੈ ਕਿ ਸੈਣੀ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਤੋਂ ਪੰਜਾਬ ਪੁਲਿਸ ਦੇ ਸੁਰੱਖਿਆ ਕਰਮਚਾਰੀਆਂ ਅਤੇ ਸੁਰੱਖਿਆ ਵਾਹਨਾਂ ਤੋਂ ਬਿਨਾਂ ਅਤੇ ਜੈਮਰ ਵਾਹਨ ਨੂੰ ਆਪਣੇ ਆਪ ਹੀ ਛੱਡ ਕੇ ਕਿਤੇ ਬਾਹਰ ਚਲੇ ਗਏ ਹਨ ਅਤੇ ਖੁਦ ਹੀ ਆਪਣੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਰਹੇ ਹਨ। ਇਸ ਤੋਂ ਇਲਾਵਾ, ਜੈਮਰ ਵਾਹਨ ਤੇ ਸੁਰੱਖਿਆ ਵਾਹਨ ਹਾਲੇ ਵੀ ਉਨਾ ਦੀ ਰਿਹਾਇਸ਼ ਦੇ ਬਾਹਰ ਖੜ੍ਹੇ ਵੇਖੇ ਜਾ ਸਕਦੇ ਹਨ, ਜਿਥੇ ਸੁਰੱਖਿਆ ਕਰਮਚਾਰੀ ਉਨਾ ਦੀ ਵਾਪਸੀ ਦੀ ਉਡੀਕ ਵਿਚ ਆਪਣਾ ਸਮਾਂ ਗੁਜ਼ਾਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਸੈਣੀ ਦੀ ਪਤਨੀ ਦੁਆਰਾ ਡੀਜੀਪੀ ਨੂੰ ਲਿਖੀ ਗਈ ਚਿੱਠੀ, ਜਿਸ ਤੋਂ ਲੱਗਦਾ ਹੈ ਕਿ ਉਹ ਚੰਡੀਗੜ੍ਹ ਦੀ ਰਿਹਾਇਸ਼ ਤੋਂ ਅਲੋਪ ਹੋ ਗਏ ਹਨ, ਇਕ ਕਤਲ ਕੇਸ ਵਿੱਚ ਅਗਾਊਂ ਜ਼ਮਾਨਤ ਲੈਣ ਦੇ ਉਨ੍ਹਾਂ ਦੇ ਦਾਅਵੇ ਨੂੰ ਮਜਬੂਤ ਕਰਨ ਦੀ ਇੱਕ ਕੋਸ਼ਿਸ਼ ਜਾਪਦੀ ਹੈ। ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਸੈਣੀ ਨੂੰ ਮੌਜੂਦਾ ਖਤਰੇ ਦੇ ਮੁਲਾਂਕਣ ਮੁਤਾਬਕ ਉਨਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਉਸਦੀ ਜਾਂ ਉਸਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਲਈ ਕੁਝ ਨਹੀਂ ਕਰੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ