
ਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਜਾਂਚ ਵਿੱਚ ਨਹੀਂ ਹੋਏ ਸ਼ਾਮਲ, ਮੈਡੀਕਲ ਭੇਜਿਆ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਪੰਜਾਬ ਦੇ ਸੀਨੀਅਰ ਆਈਏਐਸ ਦੇ ਸਪੁੱਤਰ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਮਟੌਰ ਥਾਣੇ ਵਿੱਚ ਸਿੱਟ ਅੱਗੇ ਪੇਸ਼ ਨਹੀਂ ਹੋਏ। ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਸੈਣੀ ਨੂੰ ਨਵੇਂ ਸਿਰਿਓਂ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਮਟੌਰ ਥਾਣੇ ਵਿੱਚ ਸਵੇਰੇ 11 ਵਜੇ ਸੱਦਿਆ ਗਿਆ ਸੀ, ਲੇਕਿਨ ਉਹ ਖ਼ਬਰ ਲਿਖੇ ਜਾਣ ਤੱਕ ਸਿੱਟ ਕੋਲ ਪੇਸ਼ ਨਹੀਂ ਹੋਏ।
ਦੱਸਿਆ ਗਿਆ ਹੈ ਕਿ ਸੈਣੀ ਨੇ ਇਕ ਵਕੀਲ ਰਾਹੀਂ ਮੁਹਾਲੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਮੈਡੀਕਲ ਭੇਜਦਿਆਂ ਦੱਸਿਆ ਗਿਆ ਕਿ ਉਹ ਬਿਮਾਰ ਹੋਣ ਕਾਰਨ ਸਿੱਟ ਅੱਗੇ ਪੇਸ਼ ਨਹੀਂ ਹੋ ਸਕਦੇ ਹਨ। ਸੈਣੀ ਨੇ ਆਪਣੀ ਲੱਤ ਵਿੱਚ ਦਰਦ ਹੋਣ ਦੀ ਦੁਹਾਈ ਦਿੱਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਡਾਕਟਰ ਨੇ ਪੱਟ ਵਿੱਚ ਦਰਦ ਹੋਣ ਕਾਰਨ ਉਸ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਉਂਜ ਮਟੌਰ ਥਾਣੇ ਵਿੱਚ ਮੁਹਾਲੀ ਦੇ ਐਸਪੀ (ਡੀ) ਅਤੇ ਸਿੱਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ, ਘਨੌਰ ਦੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਐਸਐਚਓ ਰਾਜੀਵ ਕੁਮਾਰ ਥਾਣੇ ਵਿੱਚ ਮੌਜੂਦ ਸਨ ਅਤੇ ਸਿੱਟ ਮੈਂਬਰ ਥਾਣੇ ਅੰਦਰ ਸੈਣੀ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ ਜਦੋਂਕਿ ਥਾਣੇ ਦੇ ਬਾਹਰ ਮੀਡੀਆ ਕਰਮੀ ਵੀ ਵੱਡੀ ਗਿਣਤੀ ਵਿੱਚ ਕਵਰੇਜ ਲਈ ਡਟੇ ਹੋਏ ਸੀ। ਹਾਲਾਂਕਿ ਸੈਣੀ ਵੱਲੋਂ ਮੈਡੀਕਲ ਭੇਜਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਸੀ ਕਿ ਉਹ ਨਹੀਂ ਆਉਣਗੇ ਪ੍ਰੰਤੂ ਇਸ ਦੇ ਬਾਵਜੂਦ ਸਿੱਟ ਦੇ ਮੈਂਬਰ ਅਤੇ ਮੀਡੀਆ ਕਰਮੀ ਕਾਫੀ ਸਮੇਂ ਤੱਕ ਉਸ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ। ਇਹ ਗੱਲ ਵੀ ਪ੍ਰਚਾਰੀ ਜਾ ਰਹੀ ਸੀ ਕਿ ਸ਼ਾਇਦ ਸੈਣੀ ਨੇ ਮੀਡੀਆ ਤੋਂ ਦੂਰੀ ਵੱਟਣ ਲਈ ਮੈਡੀਕਲ ਭੇਜਣ ਦਾ ਡਰਾਮਾ ਨਾ ਰਚਿਆ ਹੋਵੇ।
ਸਿੱਟ ਦੇ ਮੈਂਬਰ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਸਾਬਕਾ ਡੀਜੀਪੀ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ ਲਈ ਸਿੱਟ ਅੱਗੇ ਪੇਸ਼ ਨਹੀਂ ਹੋਏ ਹਨ। ਉਸ ਨੇ ਵਸਟਐਪ ’ਤੇ ਮੈਡੀਕਲ ਭੇਜ ਕੇ ਬਿਮਾਰ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੈਡੀਕਲ ਸਰਟੀਫਿਕੇਟ ਦੀ ਜਾਂਚ ਕਰ ਰਹੀ ਹੈ ਕਿ ਉਹ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਵੱਲੋਂ ਬਣਾਇਆ ਗਿਆ ਹੈ।
ਪੁਲੀਸ ਅਨੁਸਾਰ ਪਿਛਲੇ ਦਿਨੀਂ ਸੈਣੀ ਤੋਂ ਮਟੌਰ ਥਾਣੇ ਵਿੱਚ ਲਗਾਤਾਰ ਛੇ ਘੰਟੇ ਪੁੱਛਗਿੱਛ ਕੀਤੀ ਗਈ ਸੀ ਅਤੇ ਇਸ ਦੌਰਾਨ ਉਸ ਕੋਲੋਂ ਮੁਲਤਾਨੀ ਕੇਸ ਬਾਰੇ ਤਕਰੀਬਨ 200 ਤੋਂ ਵੱਧ ਸਵਾਲ ਪੁੱਛੇ ਗਏ ਹਨ ਲੇਕਿਨ ਹਾਲੇ ਵੀ ਬਹੁਤ ਸਾਰੇ ਅਹਿਮ ਪਹਿਲੂ ਅਣਛੂਹੇ ਪਏ ਹਨ। ਜਿਨ੍ਹਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਨੀ ਬਾਕੀ ਹੈ। ਪੁਲੀਸ ਸੂਤਰਾਂ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਾਅਦਾ ਮੁਆਫ਼ ਗਵਾਹ ਬਣੇ ਅਤੇ ਚਸ਼ਮਦੀਦ ਗਵਾਹਾਂ ਨੂੰ ਵੀ ਬਿਆਨ ਲੈਣ ਲਈ ਸੱਦਿਆ ਜਾ ਸਕਦਾ ਹੈ ਕਿਉਂਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਵਾਅਦਾ ਮੁਆਫ਼ ਗਵਾਹ ਅਤੇ ਚਸ਼ਮਦੀਦ ਗਵਾਹਾਂ ਅਤੇ ਸੁਮੇਧ ਸੈਣੀ ਨੂੰ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕਰਨੀ ਬਹੁਤ ਜ਼ਰੂਰੀ ਹੈ। ਕਿਹਾ ਜਾ ਰਿਹਾ ਹੈ ਕਿ ਪੁਲੀਸ ਸੈਣੀ ਦੇ ਬਿਆਨਾਂ ਤੋਂ ਸੰਤੁਸ਼ਟ ਨਹੀਂ ਹੈ, ਕਿਉਂਕਿ ਉਹ ਗੋਲ ਮੋਲ ਜਵਾਬ ਦੇ ਕੇ ਗੱਲ ਨੂੰ ਟਾਲ ਦਿੰਦੇ ਸਨ। ਜਿਸ ਕਾਰਨ ਉਸ ਨੂੰ ਅੱਜ ਦੁਬਾਰਾ ਥਾਣੇ ਸੱਦਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਅਸ਼ੋਕ ਭੂਸ਼ਨ, ਜਸਟਿਸ ਆਰ ਸੁਭਾਸ਼ ਰੈਡੀ ਅਤੇ ਜਸਟਿਸ ਐਮ.ਆਰ. ਸ਼ਾਹ ’ਤੇ ਆਧਾਰਿਤ ਵਿਸ਼ੇਸ਼ ਬੈਂਚ ਨੇ ਸਾਬਕਾ ਡੀਜੀਪੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਂਦਿਆਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਨਾਲ ਹੀ ਸੂਬਾ ਸਰਕਾਰ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਸੀ। ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ।
ਉਧਰ, ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਸਿੱਟ ਮੁਖੀ ਨੂੰ ਵਸਟਅੱਪ ’ਤੇ ਭੇਜੇ ਮੈਡੀਕਲ ਸਰਟੀਫਿਕੇਟ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਸਿੱਟ ਦੇ ਹਵਾਲੇ ਨਾਲ ਕਿਹਾ ਕਿ ਮੈਡੀਕਲ ਸਰਟੀਫਿਕੇਟ ਕਥਿਤ ਫਰਜ਼ੀ ਜਾਪਦਾ ਹੈ ਕਿਉਂਕਿ ਉਸ ’ਤੇ ਮਰੀਜ਼ (ਸੈਣੀ) ਦਾ ਪੂਰਾ ਨਾਮ ਅਤੇ ਪਿਤਾ ਦਾ ਨਾਂ ਦਰਜ ਨਹੀਂ ਹੈ। ਇੱਥੋਂ ਤੱਕ ਕਿ ਘਰ ਦਾ ਪਤਾ ਵੀ ਨਹੀਂ ਲਿਖਿਆ ਹੋਇਆ ਹੈ। ਸਰਕਾਰੀ ਵਕੀਲ ਅਨੁਸਾਰ ਮੈਡੀਕਲ ਸਰਟੀਫਿਕੇਟ ਬਣਾਉਣ ਵਾਲੇ ਡਾਕਟਰ ਅਤੇ ਹਸਪਤਾਲ ਦਾ ਵੀ ਕੋਈ ਅਤਾ ਪਤਾ ਨਹੀਂ ਹੈ। ਮੈਡੀਕਲ ਸਰਟੀਫਿਕੇਟ ’ਤੇ ਡਾਕਟਰ ਦੀ ਮੋਹਰ ਅਤੇ ਉਸ ਦੀ ਕੁਆਲੀਫਿਕੇਸ਼ਨ ਵੀ ਨਹੀਂ ਲਿਖੀ ਹੋਈ ਹੈ। ਉਨ੍ਹਾਂ ਕਿਹਾ ਕਿ ਸੈਣੀ ਅੱਜ ਨਾ ਤਾਂ ਖ਼ੁਦ ਪੇਸ਼ ਹੋਇਆ ਹੈ ਅਤੇ ਨਾ ਹੀ ਉਸ ਦਾ ਕੋਈ ਨੁਮਾਇੰਦਾ ਜਾਂ ਬਚਾਅ ਪੱਖ ਦਾ ਵਕੀਲ ਪੇਸ਼ ਹੋਇਆ ਹੈ। ਇਸ ਤੋਂ ਇਲਾਵਾ ਜਿਹੜੇ ਵਿਅਕਤੀ ਨੇ ਖ਼ੁਦ ਨੂੰ ਸੈਣੀ ਦਾ ਵਕੀਲ ਦੱਸਦੇ ਹੋਏ ਸਿੱਟ ਮੁਖੀ ਨੂੰ ਵਸਟਅੱਪ ’ਤੇ ਮੈਡੀਕਲ ਸਰਟੀਫਿਕੇਟ ਭੇਜਿਆ ਗਿਆ ਹੈ। ਉਸ ਨੇ ਕੋਈ ਅਥਾਰਟੀ ਲੈਟਰ ਜਾਂ ਆਪਣਾ ਵਕਾਲਤਨਾਮਾ ਵੀ ਪੁਲੀਸ ਕੋਲ ਪੇਸ਼ ਨਹੀਂ ਕੀਤਾ ਗਿਆ ਹੈ।