Nabaz-e-punjab.com

ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਐਸਐਸਪੀ ਦਫ਼ਤਰ ਵਿੱਚ ਹੋਈ ਪੁੱਛਗਿੱਛ

ਐਸਐਸਪੀ ਤੇ ਡੀਸੀ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ, ਐਂਟਰੀ ਪੁਆਇੰਟਾਂ ’ਤੇ ਬੈਰੀਕੇਡ ਲਗਾ ਕੇ ਪੁਲੀਸ ਤਾਇਨਾਤ

ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ’ਤੇ ਸਾਬਕਾ ਪੁਲੀਸ ਮੁਖੀ ਨੂੰ ਮਿਲਿਆ ਵੀਆਈਪੀ ਟਰੀਟਮੈਂਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ (29) ਅਗਵਾ ਮਾਮਲੇ ਵਿੱਚ ਐਤਵਾਰ ਨੂੰ ਮੀਡੀਆ ਨੂੰ ਝਕਾਨੀ ਦੇ ਕੇ ਸਿੱਧਾ ਇੱਥੋਂ ਦੇ ਸੈਕਟਰ-76 ਸਥਿਤ ਐਸਐਸਪੀ ਦਫ਼ਤਰ (ਨੇੜੇ ਡੀਸੀ ਤੇ ਜੁਡੀਸ਼ਲ ਕੰਪਲੈਕਸ) ਵਿੱਚ ਪਹੁੰਚ ਗਏ ਜਦੋਂਕਿ ਕਾਨੂੰਨ ਮੁਤਾਬਕ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ, ਭਾਵੇਂ ਕੋਈ ਵੀ ਹੋਵੇ, ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਬੰਧਤ ਥਾਣੇ ਵਿੱਚ ਪੇਸ਼ ਹੋਣਾ ਬਣਦਾ ਹੈ। ਜਦੋਂਕਿ ਇਸ ਤੋਂ ਪਹਿਲਾਂ ਬੀਤੀ 13 ਮਈ ਨੂੰ ਦੇਰ ਸ਼ਾਮ ਨੂੰ ਸੈਣੀ ਨੇ ਥਾਣੇ ਪਹੁੰਚ ਕੇ ਆਪਣਾ ਪਾਸਪੋਰਟ ਜਮ੍ਹਾ ਕਰਵਾਇਆ ਸੀ ਅਤੇ 50 ਹਜ਼ਾਰ ਦਾ ਨਿੱਜੀ ਮੁਚੱਲਕਾ ਭਰਿਆ ਸੀ। ਅਦਾਲਤ ਨੇ 11 ਮਈ ਨੂੰ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇਣ ਸਮੇਂ ਹਫ਼ਤੇ ਦੇ ਅੰਦਰ ਅੰਦਰ ਜਾਂਚ ਅਧਿਕਾਰੀ\ਐਸਐਚਓ ਕੋਲ ਜਾਂਚ ਵਿੱਚ ਸ਼ਾਮਲ ਹੋਣ ਅਤੇ 50 ਰੁਪਏ ਜ਼ਮਾਨਤੀ ਬਾਂਡ ਭਰਨ ਲਈ ਆਖਿਆ ਸੀ।
ਚੇਤੇ ਰਹੇ ਘਰੇਲੂ ਹਿੰਸਾ ਦਾ ਸਾਹਮਣੇ ਕਰ ਰਹੇ ਪੰਜਾਬ ਪੁਲੀਸ ਦੇ ਡੀਐਸਪੀ ਨੂੰ ਜ਼ਮਾਨਤ ਦੇਣ ਸਮੇਂ ਮੁਹਾਲੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸੀ ਅਤੇ ਸ਼ਿਕਾਇਤਕਰਤਾ ਨੇ ਤੁਰੰਤ ਹੀ ਜੁਡੀਸ਼ਲ ਕੰਪਲੈਕਸ ਵਿੱਚ ਜਾਂਚ ਅਧਿਕਾਰੀ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਸੀ ਪ੍ਰੰਤੂ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਥਾਣੇ ਜਾ ਕੇ ਹੀ ਬਿਆਨ ਦਰਜ ਕਰ ਸਕਦੇ ਹਨ ਪ੍ਰੰਤੂ ਸੈਣੀ ਮਾਮਲੇ ਵਿੱਚ ਪੁਲੀਸ ਵੱਖਰੇ ਢੰਗ ਨਾਲ ਕੰਮ ਕਰ ਰਹੀ ਹੈ।
ਉਧਰ, ਟਰਾਈਸਿਟੀ ਦਾ ਸਾਰਾ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਸਵੇਰੇ 10 ਵਜੇ ਤੋਂ ਹੀ ਮੁਹਾਲੀ ਦੇ ਮਟੌਰ ਥਾਣੇ ਦੇ ਬਾਹਰ ਧੁੱਪ ਵਿੱਚ ਖੜਾ ਸੀ। ਪਹਿਲਾਂ ਸਵੇਰੇ 10 ਵਜੇ, ਫਿਰ ਦੁਪਹਿਰ 1 ਵਜੇ ਅਤੇ ਬਾਅਦ ਵਿੱਚ ਤਿੰਨ ਵਜੇ ਸੈਣੀ ਦੇ ਥਾਣੇ ਪੇਸ਼ ਹੋਣ ਬਾਰੇ ਕਿਹਾ ਗਿਆ। ਇਸ ਮਗਰੋਂ ਸੈਣੀ ਦੇ ਚਾਰ ਵਜੇ ਥਾਣੇ ਪਹੁੰਚਣ ਬਾਰੇ ਕਿਹਾ ਗਿਆ ਲੇਕਿਨ ਕਰੀਬ ਸਾਢੇ ਤਿੰਨ ਵਜੇ ਹੀ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਸਿੱਟ ਦੇ ਬਾਕੀ ਮੈਂਬਰ ਸਰਕਾਰੀ ਗੱਡੀਆਂ ਵਿੱਚ ਬੜੀ ਤੇਜ਼ੀ ਨਾਲ ਅਚਾਨਕ ਮਟੌਰ ਥਾਣੇ ’ਚੋਂ ਬਾਹਰ ਨਿਕਲ ਗਏ ਅਤੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਗਏ।
ਮੀਡੀਆ ਕਰਮੀ ਵੀ ਜਾਂਚ ਟੀਮ ਦੇ ਪਿੱਛੇ ਪਿੱਛੇ ਐਸਐਸਪੀ ਦਫ਼ਤਰ ਪਹੁੰਚ ਗਏ ਪ੍ਰੰਤੂ ਪੁਲੀਸ ਨੇ ਪਹਿਲਾਂ ਤੋਂ ਹੀ ਡੀਸੀ ਕੰਪਲੈਕਸ ਅਤੇ ਐਸਐਸਪੀ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਪੂਰਾ ਇਲਾਕਾ ਸੀਲ ਕਰ ਦਿੱਤਾ ਅਤੇ ਕਿਸੇ ਵੀ ਮੀਡੀਆ ਕਰਮੀ ਨੂੰ ਅੰਦਰ ਨਹੀਂ ਜਾਣ ਦਿੱਤਾ। ਪੁਲੀਸ ਨੇ ਬੜੀ ਚਲਾਕੀ ਨਾਲ ਸੈਣੀ ਤੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਐਤਵਾਰ ਨੂੰ ਸੱਦਿਆ ਗਿਆ ਕਿਉਂਕਿ ਪੁਲੀਸ ਇਸ ਗੱਲੋਂ ਭਲੀਭਾਤ ਜਾਣੂ ਸੀ ਕਿ ਐਤਵਾਰ ਨੂੰ ਸਾਰੇ ਦਫ਼ਤਰ ਬੰਦ ਹੋਣਗੇ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਸੇ ਦੀ ਆਵਾਜਾਈ ਨਹੀਂ ਹੋਵੇਗੀ ਅਤੇ ਬੜੀ ਅਸਾਨੀ ਨਾਲ ਕਿਸੇ ਨੂੰ ਵੀ ਡੀਸੀ ਅਤੇ ਐਸਐਸਪੀ ਕੰਪਲੈਕਸ ਵਿੱਚ ਆਉਣ ਜਾਣ ਤੋਂ ਰੋਕਿਆ ਜਾ ਸਕਦਾ ਹੈ।
ਇਸ ਮਗਰੋਂ ਥੋੜ੍ਹੀ ਦੇਰ ਮਗਰੋਂ 4 ਵਜੇ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ ਵੀ ਐਸਐਸਪੀ ਦਫ਼ਤਰ ਪਹੁੰਚ ਗਏ ਅਤੇ ਜਿੱਥੇ ਸਾਬਕਾ ਪੁਲੀਸ ਮੁਖੀ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਗਿਆ। ਪੁਲੀਸ ਨੇ ਸੈਣੀ ਨੂੰ ਕੀ ਸੁਆਲ ਜਵਾਬ ਕੀਤੇ ਗਏ। ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ ਪ੍ਰੰਤੂ ਏਨਾ ਪਤਾ ਲੱਗਾ ਹੈ ਕਿ ਸਾਰੀ ਕਾਰਵਾਈ ਨੂੰ ਬੜੇ ਸੁਖਾਵੇਂ ਮਾਹੌਲ ਵਿੱਚ ਅੰਜਾਮ ਦਿੱਤਾ ਗਿਆ। ਸੈਣੀ ਇਕ ਮੁਲਜ਼ਮ ਵਾਂਗ ਨਹੀਂ ਬਲਕਿ ਵੀਆਈਪੀ ਵਾਂਗ ਐਸਐਸਪੀ ਦਫ਼ਤਰ ਪਹੁੰਚੇ ਸੀ। ਇਸ ਬਾਰੇ ਪੁੱਛੇ ਜਾਣ ’ਤੇ ਕੋਈ ਅਧਿਕਾਰੀ ਆਪਣਾ ਮੂੰਹ ਤੱਕ ਖੋਲ੍ਹਣ ਨੂੰ ਤਿਆਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ’ਤੇ 29 ਸਾਲ ਪਹਿਲਾਂ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਜ਼ਬਰਦਸਤੀ ਇੱਥੋਂ ਦੇ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਮਗਰੋਂ ਨੌਜਵਾਨ ਨੂੰ ਗਾਇਬ ਕਰਨ ਦਾ ਦੋਸ਼ ਹੈ। ਉਂਜ ਪੁਲੀਸ ਨੇ ਆਪਣੀ ਦਫ਼ਤਰੀ ਫਾਈਲਾਂ ਵਿੱਚ ਮੁਲਤਾਨੀ ਨੂੰ ਪੁਲੀਸ ਹਿਰਾਸਤ ’ਚੋਂ ਫਰਾਰ ਹੋਇਆ ਦੱਸਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…