Nabaz-e-punjab.com

ਆਪਣੀ ਬੁਲਟ ਪਰੂਫ਼ ਗੱਡੀ ਵਿੱਚ ਸਵਾਰ ਹੋ ਕੇ ਘਰ ਪਹੁੰਚੇ ਸਾਬਕਾ ਡੀਜੀਪੀ ਸੁਮੇਧ ਸੈਣੀ

ਮੁਹਾਲੀ ਅਦਾਲਤ ਨੇ ਲੰਘੀ ਰਾਤ 2 ਵਜੇ ਸੁਮੇਧ ਸੈਣੀ ਨੂੰ ਕੀਤਾ ਰਿਹਾਅ

ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਿਲੀਵ ਕੀਤੀ ਜੈੱਡ ਪਲੱਸ ਸੁਰੱਖਿਆ ਮੁੜ ਬਹਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਆਖ਼ਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਲੋਅ ਵਿੱਚ ਮੁਹਾਲੀ ਅਦਾਲਤ ਵੱਲੋਂ ਵੀਰਵਾਰ ਦੇਰ ਰਾਤ 2 ਵਜੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਿਹਾਅ ਕੀਤਾ ਗਿਆ। ਵਿਜੀਲੈਂਸ ਵੱਲੋਂ ਸੈਣੀ ਨੂੰ ਬੁੱਧਵਾਰ ਨੂੰ ਦੁਪਹਿਰ ਵੇਲੇ ਕਰੀਬ ਸਾਢੇ 12 ਵਜੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਹ ਦੇਰ ਰਾਤ 2 ਵਜੇ ਤੱਕ ਕੋਰਟ ਰੂਮ ਵਿੱਚ ਬੈਠੇ ਰਹੇ। ਰਾਤੀ ਦੋ ਵਜੇ ਮੁਹਾਲੀ ਅਦਾਲਤ ਦੇ ਜੱਜ ਨੇ ਹਾਈ ਕੋਰਟ ਦੇ 32 ਪੰਨਿਆਂ ਦੀ ਜੱਜਮੈਂਟ ਪੜਨ ਤੋਂ ਬਾਅਦ ਸਾਬਕਾ ਡੀਜੀਪੀ ਨੂੰ ਰਿਹਾਅ ਕਰਨ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਗਈ।
ਹਾਲਾਂਕਿ ਹਾਈ ਕੋਰਟ ਨੇ ਸ਼ਾਮ ਨੂੰ ਹੁਕਮ ਸੁਣਾ ਦਿੱਤਾ ਸੀ ਪ੍ਰੰਤੂ ਬਾਅਦ ਜਜਮੈਂਟ ਲਿਖਣ ਅਤੇ ਹਾਈ ਕੋਰਟ ਦੇ ਤਾਜ਼ਾ ਹੁਕਮਾਂ ਦੀ ਕਾਪੀ ਮੁਹਾਲੀ ਪਹੁੰਚਦੇ ਪਹੁੰਚਦੇ ਅੱਧੀ ਰਾਤ ਹੋ ਗਈ। ਇਸ ਤਰ੍ਹਾਂ ਹਾਈ ਕੋਰਟ ਹੁਕਮਾਂ ਦੀ ਕਾਪੀ ਮਿਲਣ ਤੱਕ ਸੈਣੀ ਨੂੰ ਲਗਾਤਾਰ 14 ਘੰਟੇ ਅਦਾਲਤ ਵਿੱਚ ਬੈਠਣਾ ਪਿਆ। ਇਸ ਮਗਰੋਂ ਉਹ ਆਪਣੀ ਬੁਲਟ ਪਰੂਫ਼ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਪਹੁੰਚੇ। ਹਾਲਾਂਕਿ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਜੈੱਡ ਪਲੱਸ ਸੁਰੱਖਿਆ ਵਿਜੀਲੈਂਸ ਦੇ ਦਫ਼ਤਰ ਦੇ ਬਾਹਰੋਂ ਹੀ ਰਿਲੀਵ ਕਰ ਦਿੱਤੀ ਗਈ ਸੀ ਪਰ ਅਦਾਲਤ ਵੱਲੋਂ ਉਸ ਦੀ ਜ਼ਮਾਨਤ ਮਨਜ਼ੂਰ ਕਰਨ ਪਿੱਛੋਂ ਪਹਿਲਾਂ ਵਾਂਗ ਜੈੱਡ ਪਲੱਸ ਸੁਰੱਖਿਆ ਛੱਤਰੀ ਵਾਪਸ ਮੁਹੱਈਆ ਕਰਵਾਈ ਗਈ। ਉੱਚ ਅਦਾਲਤ ਨੇ ਸੈਣੀ ਦੀ ਰਿਹਾਈ ਦੇ ਹੁਕਮ ਜਾਰੀ ਕਰਦਿਆਂ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਗਿਆ ਕਿ ਤਾਜ਼ਾ ਕਾਰਵਾਈ ਨੂੰ ਪੁਰਾਣੇ ਕੇਸ ਤੋਂ ਅਲੱਗ ਨਹੀਂ ਸਮਝਿਆ ਜਾ ਸਕਦਾ ਹੈ। ਵਿਜੀਲੈਂਸ ਦੀ ਇਸ ਕਾਰਵਾਈ ਨਾਲ ਪੰਜਾਬ ਸਰਕਾਰ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿਆਸੀ ਹਲਕਿਆਂ ਵਿੱਚ ਸਰਕਾਰ ਦੀ ਖਿੱਲੀ ਉੱਡ ਰਹੀ ਹੈ ਅਤੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆ ਗਏ ਹਨ।
ਸੈਣੀ ਦੀ ਰਿਹਾਈ ਮੌਕੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਚਾਅ ਪੱਖ ਦੇ ਵਕੀਲਾਂ ਏਪੀਐਸ ਦਿਉਲ ਅਤੇ ਐਚਐਸ ਧਨੋਆ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ’ਤੇ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਸਾਬਕਾ ਡੀਜੀਪੀ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਕੋਈ ਵਿਅਕਤੀ ਉੱਚ ਅਦਾਲਤ ਦੇ ਹੁਕਮਾਂ ’ਤੇ ਖ਼ੁਦ ਜਾਂਚ ਵਿੱਚ ਸ਼ਾਮਲ ਹੋਣ ਥਾਣੇ ਗਿਆ ਹੋਵੇ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕੋਠੀ ਦੀ ਖ਼ਰੀਦ-ਵੇਚ ਅਤੇ ਕਿਰਾਏਨਾਮਾ ਦੇ ਦਸਤਾਵੇਜ਼ਾਂ ਨੂੰ ਫਰਜੀ ਦੱਸਿਆ ਜਾ ਰਿਹਾ ਹੈ, ਉਹ ਸਾਰੇ ਦਸਤਾਵੇਜ਼ ਬਿਲਕੁਲ ਸਹੀ ਹਨ। ਜਿੱਥੋਂ ਤੱਕ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਹੈ, ਉਹ ਸੈਣੀ ਨੇ ਪਿੰਡ ਸੋਹਾਣਾ ਵਿਚਲੇ ਆਪਣੀ ਦੋ ਏਕੜ ਜ਼ਮੀਨ ਵੇਚ ਕੇ ਕੋਠੀ ਖ਼ਰੀਦਣ ਲਈ ਮਾਲਕਾਂ ਨੂੰ ਚੈੱਕ ਰਾਹੀਂ ਦਿੱਤੇ ਸੀ। ਜਿਸ ਕਾਰਨ ਜਾਅਲਸਾਜ਼ੀ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਉਧਰ, ਸੈਣੀ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ‘ਤੇ ਵੱਡਾ ਹਮਲਾ ਕਰਦਿਆਂ ਤਿੰਨ ਉੱਚ ਅਫ਼ਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਦੀ ਹਿਰਾਸਤ ‘ਚੋਂ ਰਿਹਾਅ ਕਰਨ ਦੇ ਹਾਈ ਕੋਰਟ ਵੱਲੋਂ ਹੁਕਮ ਜਾਰੀ ਕਰਨ ਤੋਂ ਬਾਅਦ ਟਵੀਟ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨ ਵਿੱਚ ਨਾਕਾਮ ਰਹਿਣ ਕਾਰਨ ਐਡਵੋਕੇਟ ਜਨਰਲ ਸਕੱਤਰ, ਗ੍ਰਹਿ ਸਕੱਤਰ ਤੇ ਚੀਫ਼ ਡਾਇਰੈਕਟਰ ਵਿਜੀਲੈਂਸ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਗੱਲ ਕਹੀ ਹੈ।
ਆਮ ਆਦਮੀ ਪਾਰਟੀ (ਆਪ) ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਮੁੱਖ ਸਕੱਤਰ ਵਿੰਨੀ ਮਹਾਜਨ, ਵਿਜੀਲੈਂਸ ਬਿਊਰੋ ਚੀਫ਼ ਡਾਇਰੈਕਟਰ ਬੀ.ਕੇ. ਉਪਲ ਅਤੇ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਨੂੰ ਤੁਰੰਤ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਹੈ। ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਸੁਮੇਧ ਸੈਣੀ ਨੂੰ ਹਰ ਹੀਲੇ ਬਚਾਉਣ ’ਤੇ ਲੱਗੀ ਹੋਈ ਹੈ। ਉਨ੍ਹਾਂ ਪੁਰਾਣੇ ਅਪਰਾਧਿਕ ਕੇਸਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਕਿਸੇ ਵੀ ਇਕ ਮਾਮਲੇ ਵਿੱਚ ਸਰਕਾਰ ਸੈਣੀ ਖ਼ਿਲਾਫ਼ ਸਖ਼ਤ ਕਾਨੂੰਨੀ ਸ਼ਿਕੰਜਾ ਕੱਸਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਲਿਹਾਜ਼ਾ ਮੁੱਖ ਮੰਤਰੀ ਸਣੇ ਉਕਤ ਅਧਿਕਾਰੀਆਂ ਨੂੰ ਅਹੁਦਿਆਂ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…