ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਜੀਲੈਂਸ ਕੋਲ ਜਾਂਚ ਵਿੱਚ ਸ਼ਾਮਲ ਹੋਣ ਤੋਂ ਟਲੇ

ਵਿਜੀਲੈਂਸ ਬਿਊਰੋ ਨੂੰ ਈਮੇਲ ’ਤੇ ਪੱਤਰ ਭੇਜ ਕੇ ਸੁਮੇਧ ਸੈਣੀ ਨੇ 15 ਦਿਨਾਂ ਦੀ ਮੋਹਲਤ ਮੰਗੀ

ਕਿਹਾ ਵਿਜੀਲੈਂਸ ਇਹ ਭਰੋਸਾ ਦੇਵੇ ਕਿ ਜਾਂਚ ਸ਼ਾਮਲ ਹੋਣ ਸਮੇਂ ਨਹੀਂ ਕੀਤਾ ਜਾਵੇਗਾ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਪੰਜਾਬ ਦੇ ਬਹੁ-ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਆਪਣੀ ਗ੍ਰਿਫ਼ਤਾਰੀ ਦੇ ਡਰੋਂ ਵਿਜੀਲੈਂਸ ਥਾਣਾ ਮੁਹਾਲੀ ਵਿਖੇ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਪਿਛਲੀ ਦਿਨੀਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਨੂੰ ਅੱਜ 1 ਸਤੰਬਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਥਾਣੇ ਵਿੱਚ ਤਲਬ ਕੀਤਾ ਗਿਆ ਸੀ। ਇਸ ਸਬੰਧੀ ਬਾਕਾਇਦਾ ਉਨ੍ਹਾਂ ਨੂੰ ਸੰਮਨ ਭੇਜੇ ਗਏ ਸਨ ਅਤੇ ਚੰਡੀਗੜ੍ਹ ਵਾਲੀ ਕੋਠੀ ਦੇ ਬਾਹਰ ਵੀ ਨੋਟਿਸ ਚਿਪਕਾਇਆ ਗਿਆ ਸੀ। ਸੈਣੀ ਨੇ ਅੱਜ ਸਵੇਰੇ ਹੀ ਆਪਣੇ ਵਕੀਲ ਰਾਹੀਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਈਮੇਲ ’ਤੇ ਇਕ ਪੱਤਰ ਭੇਜ ਕੇ ਦੱਸਿਆ ਗਿਆ ਕਿ ਉਹ ਅੱਜ ਕਿਸੇ ਕਾਰਨ ਜਾਂਚ ਵਿੱਚ ਸ਼ਾਮਲ ਨਹੀਂ ਹੋ ਸਕਦੇ ਹਨ। ਲਿਹਾਜ਼ਾ ਉਨ੍ਹਾਂ ਨੂੰ ਘੱਟੋ-ਘੱਟ 15 ਦਿਨਾਂ ਦੀ ਮੋਹਲਤ ਦਿੱਤੀ ਜਾਵੇ। ਇਸ ਗੱਲ ਪੁਸ਼ਟੀ ਵਿਜੀਲੈਂਸ ਬਿਊਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਕੀਤੀ।
ਉਧਰ, ਪੰਜਾਬ ਪੁਲੀਸ ਵਿੱਚ ਸਰਵਿਸ ਦੌਰਾਨ ਸੁਮੇਧ ਸੈਣੀ ਬਹੁਤ ਹੀ ਦਲੇਰ ਅਤੇ ਮਰਜ਼ੀ ਦੇ ਮਾਲਕ ਅਫ਼ਸਰ ਮੰਨੇ ਜਾਂਦੇ ਰਹੇ ਹਨ ਪ੍ਰੰਤੂ ਸੇਵਾਮੁਕਤੀ ਤੋਂ ਬਾਅਦ ਉਹ ਬਹੁਤ ਜ਼ਿਆਦਾ ਡਰਪੋਕ ਅਤੇ ਘਬਰਾਏ ਹੋਏ ਹਨ। ਉਨ੍ਹਾਂ ਨੂੰ ਹਰ ਪਲ ਆਪਣੀ ਗ੍ਰਿਫ਼ਤਾਰੀ ਦ ਡਰ ਸਤਾ ਰਿਹਾ ਹੈ। ਇਹ ਪ੍ਰਤੱਖ ਸੰਕੇਤ ਹਾਲ ਹੀ ਵਿੱਚ ਵਿਜੀਲੈਂਸ ’ਚੋਂ ਮਿਲੇ ਹਨ। ਸਾਬਕਾ ਡੀਜੀਪੀ ਨੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਤੋਂ ਇਹ ਵੀ ਭਰੋਸਾ ਮੰਗਿਆ ਹੈ ਕਿ ਜਦੋਂ ਉਹ ਜਾਂਚ ਵਿੱਚ ਸ਼ਾਮਲ ਹੋਣ ਆਉਣ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਕਿਉਂਕਿ ਪਿਛਲੇ ਦਿਨੀਂ ਅਜਿਹਾ ਉਨ੍ਹਾਂ ਨਾਲ ਵਾਪਰ ਚੁੱਕਾ ਹੈ।
ਬੀਤੇ ਕੱਲ੍ਹ ਵੀ ਉਨ੍ਹਾਂ ਨੇ ਹਾਈ ਕੋਰਟ ਦੇ ਸੇਵਾਮੁਕਤ ਹੋਣ ਵਾਲੇ ਜੱਜ ਕੋਲ ਆਪਣੇ ਪੁਰਾਣੇ ਕੇਸ ਦੀ ਸੁਣਵਾਈ ਲਈ ਅਪੀਲ ਕੀਤੀ ਸੀ, ਹਾਲਾਂਕਿ ਉਹ ਆਪਣੇ ਮਨਪਸੰਦ ਜੱਜ ਦੀ ਅਦਾਲਤ ਵਿੱਚ ਸੁਣਵਾਈ ਲਈ ਕੇਸ ਲਗਾਉਣ ਵਿੱਚ ਕਾਮਯਾਬ ਵੀ ਹੋ ਗਏ ਸੀ ਪ੍ਰੰਤੂ ਵਧੀਕ ਐਡਵੋਕੇਟ ਜਨਰਲ ਸੁਦੀਪਤੀ ਸ਼ਰਮਾ ਨੇ ਆਪਣੀ ਉਸਾਰੂ ਦਲੀਲਾਂ ਨਾਲ ਅਦਾਲਤ ਨੂੰ ਕੇਸ ਦੀ ਸੁਣਵਾਈ ਮੁਲਤਵੀ ਕਰਨ ਲਈ ਮਜਬੂਰ ਕਰ ਦਿੱਤਾ। ਮਹਿਲਾ ਵਕੀਲ ਨੇ ਜੁਡੀਸ਼ਰੀ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਲਈ ਠੋਸ ਤਰੀਕੇ ਨਾਲ ਯੋਗ ਪੈਰਵੀ ਕਰਦਿਆਂ ਨਿਆਂਪ੍ਰਣਾਲੀ ’ਤੇ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਅਸਰਦਾਰ ਅਪੀਲ ਕੀਤੀ ਗਈ। ਜਿਸ ਕਾਰਨ ਵਿਸ਼ੇਸ਼ ਜੱਜ ਨੇ ਇਹ ਕਹਿੰਦਿਆਂ ਕਿ ਸੈਣੀ ਦਾ ਇਹ ਤਰੀਕਾ ਠੀਕ ਨਹੀਂ ਹੈ, ਖ਼ੁਦ ਨੂੰ ਕੇਸ ਨਾਲੋਂ ਵੱਖ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹਾਈ ਕੋਰਟ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਦੇ ਤਾਜ਼ਾ ਮਾਮਲੇ ਵਿੱਚ ਸੁਮੇਧ ਸੈਣੀ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਉਸ ਨੂੰ ਹਫ਼ਤੇ ਦੇ ਅੰਦਰ-ਅੰਦਰ ਵਿਜੀਲੈਂਸ ਕੋਲ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਬੀਤੀ 18 ਅਗਸਤ ਨੂੰ ਸਾਬਕਾ ਡੀਜੀਪੀ ਦੇਰ ਸ਼ਾਮ ਕਰੀਬ ਅੱਠ ਵਜੇ ਉਕਤ ਮੁਕੱਦਮੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਦੀ ਪੜਤਾਲੀਆਂ ਟੀਮ ਅੱਗੇ ਪੇਸ਼ ਹੋਏ ਸੀ ਅਤੇ ਲੰਮੀ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਨੇ ਡਬਲਿਊ.ਡਬਲਿਊ.ਆਈ.ਸੀ.ਐਸ ਦੇ ਡਾਇਰੈਕਟਰ ਦਵਿੰਦਰ ਸੰਧੂ ਖ਼ਿਲਾਫ਼ ਦਰਜ ਪੁਰਾਣੇ ਮਾਮਲੇ ਵਿੱਚ ਨਾਮਜ਼ਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੈਣੀ ਖ਼ਿਲਾਫ਼ ਪਹਿਲਾਂ ਹੀ ਬਹਿਬਲ ਕਲਾਂ, ਫਰੀਦਕੋਟ ਗੋਲੀ ਕਾਂਡ, ਮੁਹਾਲੀ ਵਾਸੀ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਕਥਿਤ ਤੌਰ ’ਤੇ ਮਾਰ ਮੁਕਾਉਣ ਦੇ ਮੁਕੱਦਮੇ ਚੱਲ ਰਹੇ ਹਨ। ਵਿਜੀਲੈਂਸ ਨੇ ਹੁਣ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਦਾ ਨਵਾਂ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Agriculture & Forrest

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…