ਸਾਬਕਾ ਕੈਬਨਿਟ ਮੰਤਰੀ ਮਲੂਕਾ ਤੇ ਰਣਜੀਤ ਗਿੱਲ ਵੱਲੋਂ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਕੁੰਭੜਾ ਦਾ ਸਨਮਾਨ

ਸਿਆਸੀ ਪਿੜ ਵਿੱਚ ਜਥੇਦਾਰ ਕੁੰਭੜਾ ਵਰਗੇ ਦਰਵੇਸ਼ ਸਿਆਸਤਦਾਨਾਂ ਦੀ ਸਖ਼ਤ ਲੋੜ: ਮਲੂਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਪੰਜਾਬ ਦੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਵੱਲੋਂ ਅੱਜ ਇੱਥੋਂ ਦੇ ਫੇਜ਼-8 ਵਿੱਚ ਸਥਿਤ ਦੁਸਹਿਰਾ ਗਰਾਉਂਡ ਵਿੱਚ ਖੇਡ ਮੇਲੇ ਦੌਰਾਨ ਜ਼ਿਲ੍ਹਾ ਅਕਾਲੀ ਦਲ (ਸ਼ਹਿਰੀ) ਦੇ ਨਵ ਨਿਯੁਕਤ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਵਿੱਚ ਜਥੇਦਾਰ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਤੇ ਲੋਈ ਭੇਟ ਕੀਤੀ ਗਈ। ਸ੍ਰੀ ਮਲੂਕਾ ਨੇ ਕਿਹਾ ਕਿ ਸਿਆਸੀ ਪਿੜ ਵਿੱਚ ਜਥੇਦਾਰ ਕੁੰਭੜਾ ਵਰਗੇ ਦਰਵੇਸ਼ ਸਿਆਸਤਦਾਨਾਂ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਧਰਮ ਨਿਰਪੱਖ ਪਾਰਟੀ ਹੈ। ਜਿਸ ਨੇ ਹਮੇਸ਼ਾ ਹੀ ਪਾਰਟੀ ਦੇ ਵਫ਼ਾਦਾਰ ਅਤੇ ਟਕਸਾਲੀ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ।
ਸਮਾਗਮ ਦੌਰਾਨ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸ ਸਰਕਾਰ ’ਤੇ ਵਰੱਦਿਆਂ ਕਿਹਾ ਕਿ ਮੌਜੂਦਾ ਹੁਕਮਰਾਨਾਂ ਨੇ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਮੂੰਹ ਫੇਰ ਲਿਆ ਹੈ। ਜਿਸ ਕਾਰਨ ਕੈਪਟਨ ਸਰਕਾਰ ਦੀ ਪਹਿਲੀ ਪਾਰੀ ਵਿੱਚ ਹੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵਿਰੋਧੀ ਧਿਰ ਅਕਾਲੀ ਦਲ ਵੱਲੋਂ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਪੁਲੀਸ ਵਧੀਕੀਆਂ ਦੇ ਖ਼ਿਲਾਫ਼ ਦਿੱਤੇ ਰੋਸ ਧਰਨਿਆਂ ਦੌਰਾਨ ਸਮੁੱਚਾ ਪੰਜਾਬ ਹੀ ਸੜਕਾਂ ’ਤੇ ਉਤਰ ਆਇਆ ਸੀ। ਜਿਸ ਨੂੰ ਦੇਖ ਕੇ ਹੁਕਮਰਾਨ ਘਬਰਾ ਗਏ ਹਨ ਅਤੇ ਧਰਨਾਕਾਰੀਆਂ ’ਤੇ ਪੁਲੀਸ ਕੇਸ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਵੀ ਹਾਜ਼ਰ ਸਨ।
ਇਸ ਮੌਕੇ ਵਿਧਾਨ ਸਭਾ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਜਥੇਦਾਰ ਕੁੰਭੜਾ ਦੀ ਨਿਯੁਕਤੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਹ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹੁੰਦਿਆਂ ਵੀ ਕਾਫ਼ੀ ਜ਼ਿਆਦਾ ਲੋਕਾਂ ਵਿਚ ਵਿਚਰਦੇ ਰਹੇ ਹਨ ਅਤੇ ਹਰੇਕ ਦੇ ਦੁੱਖ ਸੁਖ ਵਿਚ ਖੜ੍ਹਨ ਵਾਲੇ ਵਿਅਕਤੀ ਹਨ। ਉਨ੍ਹਾਂ ਉਮੀਦ ਜਤਾਈ ਕਿ ਜਥੇਦਾਰ ਕੁੰਭੜਾ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…