ਸੀਬੀਆਈ ਅਦਾਲਤ ਵੱਲੋਂ ਸਾਬਕਾ ਐਚਐਚਓ ਨੂੰ 10 ਸਾਲ ਦੀ ਕੈਦ, 70 ਹਜ਼ਾਰ ਰੁਪਏ ਜੁਰਮਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਮੁਹਾਲੀ ਦੀ ਇਕ ਵਿਸ਼ੇਸ਼ ਸੀਬੀਆਈ ਨੇ ਪੰਜਾਬ ਪੁਲੀਸ ਵੱਲੋਂ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਭੇਦਭਰੀ ਹਾਲਤ ਵਿੱਚ ਲਾਪਤਾ ਕਰਨ ਸਬੰਧੀ ਕਰੀਬ ਤਿੰਨ ਦਹਾਕੇ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਸਦਰ ਥਾਣਾ ਤਰਨਤਾਰਨ ਦੇ ਸਾਬਕਾ ਐਸਐਚਓ ਮੇਜਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਕੈਦ ਅਤੇ 70 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਾਬਕਾ ਐਸਐਚਓ ਮੇਜਰ ਸਿੰਘ ’ਤੇ 1991 ਵਿੱਚ ਸੰਤੋਖ ਸਿੰਘ ਵਾਸੀ ਪਿੰਡ ਜਸਪਾਲ (ਅੰਮ੍ਰਿਤਸਰ) ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਲੈ ਜਾਣ ਮਗਰੋਂ ਉਸ ਨੂੰ ਗਾਇਬ ਕਰਨ ਦਾ ਗੰਭੀਰ ਦੋਸ਼ ਹੈ।
ਸੀਬੀਆਈ ਅਦਾਲਤ ਨੇ ਨੌਜਵਾਨ ਨੂੰ ਅਗਵਾ ਕਰਨ ਦੀ ਧਾਰਾ 364 ਵਿੱਚ 10 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੀ ਧਾਰਾ 344 ਵਿੱਚ ਤਿੰਨ ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਪਿਛਲੇ ਸਮੇਂ ਦੌਰਾਨ ਕਰੀਬ 17 ਸਾਲ ਇਸ ਕੇਸ ਦੀ ਸੁਣਵਾਈ ’ਤੇ ਲਗਾਤਾਰ ਸਟੇਅ ਰਹੀ ਹੈ। ਸੀਬੀਆਈ ਦੇ ਵਕੀਲ ਗੁਰਵਿੰਦਰ ਸਿੰਘ ਅਤੇ ਪੀੜਤ ਪਰਿਵਾਰ ਵੱਲੋਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਅਤੇ ਪੁਸ਼ਪਿੰਦਰ ਸਿੰਘ ਨੱਤ ਕੇਸ ਦੀ ਪੈਰਵੀ ਕਰ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ 31 ਜੁਲਾਈ 1991 ਦੀ ਸ਼ਾਮ ਨੂੰ ਸੰਤੋਖ ਸਿੰਘ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਆਇਆ ਸੀ ਕਿ ਦੇਰ ਸ਼ਾਮ ਥਾਣਾ ਸਦਰ ਤਰਨਤਾਰਨ ਦੇ ਉਸ ਸਮੇਂ ਦੇ ਐਸਐਚਓ ਮੇਜਰ ਸਿੰਘ ਹੋਰ ਪੁਲੀਸ ਕਰਮਚਾਰੀਆਂ ਨਾਲ ਉਨ੍ਹਾਂ ਦੇ ਘਰ ’ਤੇ ਛਾਪੇਮਾਰੀ ਕਰਕੇ ਸੰਤੋਖ ਸਿੰਘ ਨੂੰ ਜ਼ਬਰਦਸਤੀ ਆਪਣੇ ਨਾਲ ਥਾਣੇ ਲੈ ਗਏ। ਪਰਿਵਾਰ ਦੇ ਜੀਅ ਹਫ਼ਤਾ ਭਰ ਥਾਣੇ ਦੇ ਚੱਕਰ ਕੱਟਦੇ ਰਹੇ ਪਹਿਲਾਂ ਤਾਂ ਪੁਲੀਸ ਇਹ ਕਹਿੰਦੀ ਰਹੀ ਹੈ, ਪੁੱਛਗਿੱਛ ਕਰਕੇ ਘਰ ਭੇਜ ਦਿੱਤਾ ਜਾਵੇਗਾ ਲੇਕਿਨ ਬਾਅਦ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਕੋਈ ਆਈ ਗਈ ਨਹੀਂ ਦਿੱਤੀ। ਇਸ ਮਗਰੋਂ ਪਰਿਵਾਰ ਨੇ ਹਾਈ ਕੋਰਟ ਦੇ ਇਕ ਵਕੀਲ ਨਾਲ ਤਾਲਮੇਲ ਕਰਕੇ ਇਨਸਾਫ਼ ਪ੍ਰਾਪਤੀ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ। ਹਾਈ ਕੋਰਟ ਨੇ ਵੱਖਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਅਤੇ ਪੀੜਤ ਪਰਿਵਾਰ ਦੀ ਦਰਦਭਰੀ ਦਲੀਲ ਸੁਣ ਕੇ 23 ਫਰਵਰੀ 1998 ਨੂੰ ਸੀਬੀਆਈ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ।
ਸੀਬੀਆਈ ਨੇ ਮੁੱਢਲੀ ਜਾਂਚ ਤੋਂ ਬਾਅਦ ਇੰਸਪੈਕਟਰ ਮੇਜਰ ਸਿੰਘ ਖ਼ਿਲਾਫ਼ 28 ਅਗਸਤ 1998 ਨੂੰ ਅਪਰਾਧਿਕ ਕੇਸ ਦਰਜ ਕੀਤਾ ਗਿਆ ਅਤੇ ਧਾਰਾ 364 ਅਤੇ 344 ਤਹਿਤ 21 ਅਪਰੈਲ 1999 ਨੂੰ ਮੇਜਰ ਸਿੰਘ ਵਿਰੁੱਧ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ। ਇਸ ਦੌਰਾਨ ਸਾਬਕਾ ਅੇਸਐਚਓ ਮੇਜਰ ਸਿੰਘ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਸੁਪਰੀਮ ਕੋਰਟ ਵਿੱਚ ਪ੍ਰੋਟੈੱਸਟ ਪਟੀਸ਼ਨ ਦਾਇਰ ਕੀਤੀ ਗਈ। ਜਿਸ ਕਾਰਨ 17 ਸਾਲ ਇਹ ਮਾਮਲਾ ਠੰਡੇ ਬਸਤੇ ਵਿੱਚ ਪਿਆ ਰਿਹਾ। ਪਿਛਲੇ ਸਾਲ ਪੀੜਤ ਪਰਿਵਾਰ ਵੱਲੋਂ ਦੁਬਾਰਾ ਹਾਈ ਕੋਰਟ ਦਾ ਬੂਹਾ ਖੜਕਾਇਆ ਗਿਆ ਅਤੇ ਉੱਚ ਅਦਾਲਤ ਨੇ 2 ਮਹੀਨਿਆਂ ਵਿੱਚ 3 ਫਰਵਰੀ ਤੱਕ ਉਕਤ ਮਾਮਲੇ ਦਾ ਨਿਬੇੜਾ ਕਰਨ ਦੇ ਆਦੇਸ਼ ਦਿੱਤੇ ਗਏ। ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਦੌਰਾਨ ਜੱਜ ਨੇ ਸਾਬਕਾ ਐਸਐਚਓ ਮੇਜਰ ਸਿੰਘ ਨੂੰ ਦੋਸ਼ੀ ਮੰਨਦੇ ਹੋਏ 10 ਸਾਲ ਦੀ ਕੈਦ ਅਤੇ 70 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਕੇਸ ਦੀ ਸੁਣਵਾਈ ਦੌਰਾਨ ਸਿੱਖ ਨੌਜਵਾਨ ਸੰਤੋਖ ਸਿੰਘ ਦੀ ਬਜ਼ੁਰਗ ਮਾਂ ਸਵਰਨ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।
ਸਵਰਨ ਕੌਰ ਨੇ ਮੁਆਵਜੇ ਸਬੰਧੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ। ਜਿਸ ਸਬੰਧੀ ਸੀਬੀਆਈ ਅਦਾਲਤ ਨੇ ਮੁਆਵਜ਼ੇ ਸਬੰਧੀ ਕੇਸ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਭੇਜ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …