ਸਾਬਕਾ ਜੇਲ੍ਹ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਆਪਣੇ ਸਾਥੀਆਂ ਸਮੇਤ ਢੀਂਡਸਾ ਨਾਲ ਹੱਥ ਮਿਲਾਇਆ

15 ਦਿਨਾਂ ਤੱਕ ਹਮਖ਼ਿਆਲੀ ਪਾਰਟੀਆਂ ਦਾ ਪੰਜਾਬ ਵਿੱਚ ਸਪੱਸ਼ਟ ਨਜ਼ਰ ਆਵੇਗਾ ਤੀਜਾ ਬਦਲ: ਢੀਂਡਸਾ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਪੰਜਾਬ ਲੋਕ ਹਿੱਤ ਪਾਰਟੀ ਵੱਲੋਂ ਚੋਣ ਗੱਠਜੋੜ

ਪੰਜਾਬ ਵਿੱਚ ਗਰੀਬ ਤੇ ਮੱਧ ਵਰਗੀ ਲੋਕਾਂ ਦਾ ਸਮੂਹ ਇੱਕਜੱੁਟ ਹੋ ਕੇ ਲੜੇਗਾ ਵਿਧਾਨ ਸਭਾ ਚੋਣਾਂ: ਬੀਰਮੀ

ਤੀਜੇ ਬਦਲ ਦੇ ਗਠਨ ਤੋਂ ਤੁਰੰਤ ਬਾਅਦ ਸਾਂਝੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ: ਢੀਂਡਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਵੇਂ ਓਵੇਂ ਰੋਜ਼ਾਨਾ ਸੂਬੇ ਅੰਤਰ ਨਿੱਤ ਸਿਆਸੀ ਸਮੀਕਰਨ ਬਦਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਅੱਜ ਸਮੇਂ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਪੰਜਾਬ ਲੋਕ ਹਿੱਤ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਹੱਥ ਮਿਲਾਉਂਦਿਆਂ ਸੰਯੁਕਤ ਦਲ ਨਾਲ ਸਿਆਸੀ ਗੱਠਜੋੜ ਕਰਨ ਦਾ ਐਲਾਨ ਕੀਤਾ। ਸ੍ਰੀ ਬੀਰਮੀ ਲੁਧਿਆਣਾ ਵਿੱਚ ਚਾਰ ਵਾਰ ਵਿਧਾਇਕ ਦੀ ਚੋਣ ਜਿੱਤੇ ਅਤੇ ਜੇਲ੍ਹ ਮੰਤਰੀ ਰਹਿ ਚੁੱਕੇ ਹਨ।
ਅੱਜ ਇੱਥੋਂ ਦੇ ਫੇਜ਼-11 ਸਥਿਤ ਗੋਲਫ਼ ਰੇਂਜ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਆਉਂਦੇ ਦੋ ਹਫ਼ਤਿਆਂ ਤੱਕ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਹਮਖ਼ਿਆਲੀ ਪਾਰਟੀਆਂ ਦਾ ਸਪੱਸ਼ਟ ਰੂਪ ਵਿੱਚ ਤੀਜਾ ਬਦਲ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੂਬੇ ਦੇ ਲੋਕ ਕਾਂਗਰਸ, ਭਾਜਪਾ ਅਤੇ ਬਾਦਲ ਦਲ ਤੋਂ ਬੇਹੱਦ ਨਿਰਾਸ਼ ਹਨ। ਪੰਜਾਬ ਸਮੇਤ ਦੇਸ਼ ਦੇ ਕਿਸਾਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਧਰਨਿਆਂ ’ਤੇ ਬੈਠੇ ਹਨ ਪ੍ਰੰਤੂ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹੈ।
ਸ੍ਰੀ ਬੀਰਮੀ ਦਾ ਸਵਾਗਤ ਕਰਦਿਆਂ ਸ੍ਰੀ ਢੀਂਡਸਾ ਨੇ ਦੱਸਿਆ ਕਿ 35 ਓਬੀਸੀ ਵਿੰਗਾਂ ਸਮੇਤ ਬੀਰਮੀ ਵੱਲੋਂ ਬਿਨਾਂ ਸ਼ਰਤ ਉਨ੍ਹਾਂ ਨਾਲ ਮਿਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਹਾਮੀ ਭਰਨਾ ਨਾਲ ਤੀਜੇ ਬਦਲ ਦਾ ਮੁੱਢ ਬੰਨ੍ਹਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣਾਂ ਲੜਨ ਬਾਰੇ ਪੁੱਛੇ ਜਾਣ ’ਤੇ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਉਨ੍ਹਾਂ ਦੀ ਕਦੇ ਵੀ ਕੈਪਟਨ ਨਾਲ ਗੱਲ ਨਹੀਂ ਹੋਈ। ਭਾਜਪਾ ਨਾਲ ਹੱਥ ਮਿਲਾਉਣ ਬਾਰੇ ਸ੍ਰੀ ਢੀਂਡਸਾ ਦਾ ਕਹਿਣਾ ਸੀ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ। ਹਾਂ ਜੇ ਮੋਦੀ ਕਾਨੂੰਨ ਰੱਦ ਕਰ ਦਿੰਦੇ ਹਨ ਤਾਂ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਢੀਂਡਸਾ ਨੇ ਕਿਹਾ ਕਿ ਈਡੀ ਵੱਲੋਂ ਗ੍ਰਿਫ਼ਤਾਰ ਸੁਖਪਾਲ ਖਹਿਰਾ ਨੂੰ ਪੁਲੀਸ ਹਿਰਾਸਤ ਦੌਰਾਨ ਕੜਾ ਲਾਹੁਣ ਬਾਰੇ ਕਹਿਣ ਬਹੁਤ ਨਿੰਦਣਯੋਗ ਕਾਰਵਾਈ ਹੈ। ਅਜਿਹੀ ਗੁਸਤਾਖ਼ੀ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਬਾਰੇ ਪੁੱਛੇ ਜਾਣ ’ਤੇ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੇਤੀ ਹੀ ਹਲਕਾ ਇੰਚਾਰਜ ਨਿਯੁਕਤ ਕਰਨ ਜਾ ਰਹੀ ਹੈ ਅਤੇ ਤੀਜੇ ਬਦਲ ਦੇ ਗਠਨ ਤੋਂ ਬਾਅਦ ਸਾਂਝੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਅਕਾਲੀ ਦਲ (ਸੰਯੁਕਤ) ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾਵੇਗਾ ਅਤੇ ਚੋਣਾਂ ਵਿੱਚ ਸਾਂਝਾ ਗੱਠਜੋੜ ਪੰਜਾਬ ਦੀ ਤਕਦੀਰ ਬਦਲੇਗਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੂਬੇ ਦੀ ਖ਼ੁਸ਼ਹਾਲੀ ਲਈ ਅਹਿਮ ਕਦਮ ਪੁੱਟੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤੀਜਾ ਬਦਲ ਸਮੇਂ ਦੀ ਮੁੱਖ ਲੋੜ ਹੈ। ਗੁਟਕਾ ਸਾਹਿਬ ਦੀ ਝੂਠੀ ਸਹੁੰ ਚੱੁਕਣ ਵਾਲੇ ਆਗੂਆਂ ਤੋਂ ਚੌਕੰਨੇ ਰਹਿਣ ਦੀ ਅਪੀਲ ਕਰਦਿਆਂ ਬੀਰਮੀ ਨੇ ਕਿਹਾ ਕਿ ਜੇ ਸਾਂਝੇ ਮੋਰਚੇ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲਿਆ ਤਾਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀਆਂ ਅਤੇ ਰੇਤ ਤੇ ਭੂ-ਮਾਫ਼ੀਆ ਅਤੇ ਦਾਗੀ ਮੰਤਰੀਆਂ ਅਤੇ ਅਫ਼ਸਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ।
ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਗਦਾਰ ਪਾਰਟੀ ਕਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਚੰਨੀ ਨੂੰ ਆਪਣੀ ਇਸ ਵੱਡੀ ਭੁੱਲ ਲਈ 20 ਨਵੰਬਰ ਤੱਕ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਚੰਨੀ ਨੇ ਜਨਤਕ ਮੁਆਫ਼ੀ ਨਹੀਂ ਮੰਗੀ ਤਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ। ਇਸ ਲਈ ਪੂਰੀ ਪਾਰਟੀ ਨੂੰ ਗਦਾਰ ਕਹਿਣ ਦੀ ਥਾਂ ਇਕ ਵਿਸ਼ੇਸ਼ ਪਰਿਵਾਰ ਬਾਰੇ ਇਹ ਸ਼ਬਦ ਬੋਲੇ ਜਾਣੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਮੁੱਖ ਮੰਤਰੀ ਨੂੰ ਪੱਤਰ ਵੀ ਲਿਖ ਰਹੇ ਹਨ।
ਇਸ ਮੌਕੇ ਜਸਟਿਸ (ਸੇਵਾਮੁਕਤ) ਨਿਰਮਲ ਸਿੰਘ, ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ, ਓਐਸਡੀ ਜਸਵਿੰਦਰ ਸਿੰਘ, ਦਵਿੰਦਰ ਸਿੰਘ ਸੋਢੀ, ਰਣਧੀਰ ਸਿੰਘ ਰੱਖੜਾ, ਗੁਰਮੇਲ ਸਿੰਘ ਮੌਜੇਵਾਲ, ਅਮਰ ਸਿੰਘ, ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਮੁੱਖ ਨੁਮਾਇੰਦੇ ਐਡਵੋਕੇਟ ਕੰਵਰ ਸਿੰਘ, ਕੁਲਵੰਤ ਸਿੰਘ ਮੱਲ੍ਹੀ ਮੀਤ ਪ੍ਰਧਾਨ, ਨਰਿੰਦਰ ਸਿੰਘ ਸੱਗੂ ਕੋਆਰਡੀਨੇਟਰ, ਰਮੇਸ਼ ਕੁਮਾਰੀ ਮੀਤ ਪ੍ਰਧਾਨ ਇੰਚਾਰਜ ਇਸਤਰੀ ਵਿੰਗ, ਸੋਹਣ ਲਾਲ ਬਲੱਗਣ ਬੁਲਾਰਾ, ਬਲਵਿੰਦਰ ਸਿੰਘ ਸਰੀਂਹ ਵਾਈਸ ਪ੍ਰਧਾਨ, ਗੁਰਮੇਜ ਸਿੰਘ ਮਠਾਰੂ ਜਰਨਲ ਸਕੱਤਰ, ਰਾਜਿੰਦਰ ਸਫ਼ਰ ਜਰਨਲ ਸਕੱਤਰ, ਕਰਮਜੀਤ ਸਿੰਘ ਵਾਈਸ ਪ੍ਰਧਾਨ, ਗੁਰਪ੍ਰੀਤਮ ਸਿੰਘ ਚੀਮਾ ਵਾਈਸ ਪ੍ਰਧਾਨ, ਕਿਸ਼ਨ ਬਾਮੋਤਰਾ ਜਰਨਲ ਸਕੱਤਰ, ਗੁਰਮੁੱਖ ਸਿੰਘ ਸਕੱਤਰ, ਪ੍ਰਮੋਦ ਕੁਮਾਰ ਸਾਹਨੀ ਜਰਨਲ ਸਕੱਤਰ, ਕੁਲਦੀਪ ਸਿੰਘ ਵਾਈਸ ਪ੍ਰਧਾਨ, ਸਤਬੀਰ ਸਿੰਘ, ਸ਼ਿੰਗਾਰਾ ਸਿੰਘ, ਅਜੀਤ ਕੁਮਾਰ, ਰਮੇਸ਼ ਕੁਮਾਰ, ਅਭਿਸ਼ੇਕ ਕੁਮਾਰ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੰਨਾ ਸਿੰਘ, ਸਾਹਿਬ ਸਿੰਘ ਦਾਖਾ, ਅਮਰਜੀਤ ਸਿੰਘ ਲੋਪੋ ਅਤੇ ਪ੍ਰੋ. ਸਤਿੰਦਰ ਸਿੰਘ ਸਮੇਤ ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਮੁੱਖ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…