ਸਾਬਕਾ ਮੇਅਰ ਵੱਲੋਂ 5 ਸਾਲ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਕਾਰਡ ਤੇ ਚੋਣ ਮੈਨੀਫੈਸਟੋ ਜਾਰੀ

ਸਿਟੀ ਬੱਸ ਸਰਵਿਸ ਸ਼ੁਰੂ ਕਰਨ ਲਈ ਜੇ ਲੋੜ ਪਈ ਤਾਂ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ: ਕੁਲਵੰਤ ਸਿੰਘ

ਸ਼ਹਿਰ ਨੂੰ ਟਰੈਫ਼ਿਕ ਮੁਕਤ ਕਰਨ ਲਈ ਏਅਰਪੋਰਟ ਤੱਕ ਫਲਾਈਓਵਰ ਤੇ ਐਲੀਵੇਟਿਡ ਸੜਕ ਬਣਾਈ ਜਾਵੇਗੀ: ਸਾਬਕਾ ਮੇਅਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਮੁਹਾਲੀ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਵੱਲੋਂ ਅੱਜ ਇੱਥੇ ਆਪਣੇ ਚੋਣ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਪੰਜ ਸਾਲ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਕਾਰਡ ਵੀ ਪੇਸ਼ ਕੀਤਾ। ਜਿਸ ਵਿੱਚ 71 ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਵੇਰਵਾ ਦਰਜ ਕੀਤਾ ਗਿਆ ਹੈ। ਜਦੋਂਕਿ ਹੁਕਮਰਾਨ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੇ ਨਾ ਤਾਂ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਅਤੇ ਨਾ ਹੀ ਆਪਣੀਆਂ ਪ੍ਰਾਪਤੀਆਂ ਬਾਰੇ ਦੱਸ ਸਕੇ।
ਸਾਬਕਾ ਮੇਅਰ ਨੇ ਕਿਹਾ ਕਿ ਸਾਰੇ ਵਾਰਡਾਂ ਦਾ ਬਿਨਾਂ ਕਿਸੇ ਪੱਖਪਾਤ ਤੋਂ ਸਰਬਪੱਖੀ ਵਿਕਾਸ ਕੀਤਾ ਗਿਆ ਅਤੇ ਸਾਰੇ ਵਾਰਡਾਂ ਵਿੱਚ ਓਪਨ ਏਅਰ ਜਿਮ ਸਥਾਪਿਤ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਦੀ ਜ਼ੋਰਦਾਰ ਮੰਗ ’ਤੇ ਹਰੇਕ ਵਾਰਡ ਵਿੱਚ 1-1 ਹੋਰ ਜਿਮ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਪ੍ਰੰਤੂ ਸਰਕਾਰ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਕਹਿਣ ’ਤੇ ਇਸ ਮਤੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਹੀ ਨਹੀਂ ਨਗਰ ਨਿਗਮ ਵੱਲੋਂ ਕਰੋਨਾ ਮਹਾਮਾਰੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਵਿੱਚ ਵੈਂਟੀਲੇਟਰ ਖ਼ਰੀਦਣ ਲਈ 50 ਲੱਖ ਰੁਪਏ ਅਤੇ ਮੁੱਖ ਮੰਤਰੀ ਰਾਹਤ ਫੰਡ ਵਿੱਚ 3 ਕਰੋੜ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ ਲੇਕਿਨ ਹੁਣ ਤੱਕ ਨਾ ਤਾਂ ਵੈਂਟੀਲੇਟਰ ਖ਼ਰੀਦਿਆਂ ਗਿਆ ਅਤੇ ਨਾ ਹੀ ਸਿਹਤ ਮੰਤਰੀ ਨੇ ਸਰਕਾਰ ਪੱਧਰ ’ਤੇ ਵੈਂਟੀਲੇਟਰ ਖ਼ਰੀਦਿਆਂ ਅਤੇ ਨਾ ਹੀ ਰਾਹਤ ਫੰਡ ਲਈ ਪੈਸਾ ਰਿਲੀਜ਼ ਕੀਤਾ ਗਿਆ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਿਰਫ਼ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ।
ਸਾਬਕਾ ਮੇਅਰ ਨੇ ਕਿਹਾ ਕਿ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਲਈ ਯੋਗ ਪੈਰਵਾਈ ਕੀਤੀ ਜਾਵੇਗੀ। ਜੇਕਰ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਤਾਂ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਹੜੇ ਵਿਅਕਤੀ ਨੂੰ ਆਪਣਾ ਨੁਮਾਇੰਦਾ ਚੁਣਨ ਜਾ ਰਹੇ ਹਨ। ਮੁਹਾਲੀ ਵਿੱਚ ਬੁਨਿਆਦੀ ਢਾਂਚਾ ਵਿਕਸਤ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਪਹਿਲਾਂ ਵੀ ਉਨ੍ਹਾਂ ਨੇ ਫਰੈਂਕੋ ਹੋਟਲ ਫੇਜ਼-1 ਤੋਂ ਫੇਜ਼-11 ਤੱਕ ਚਾਰ ਦਹਾਕੇ ਪੁਰਾਣੀ ਸੀਵਰੇਜ ਪਾਈਪਲਾਈਨ ਬਦਲੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਟਰੈਫ਼ਿਕ ਕੰਟਰੋਲ ਅਤੇ ਸ਼ਹਿਰ ਨੂੰ ਟਰੈਫ਼ਿਕ ਮੁਕਤ ਕਰਨ ਲਈ ਮੁਹਾਲੀ-ਖਰੜ ਨੈਸ਼ਨਲ ਹਾਈਵੇਅ ਤੋਂ ਲੈ ਕੇ ਮੁਹਾਲੀ ਕੌਮਾਂਤਰੀ ਏਅਰਪੋਰਟ ਤੱਕ ਸੜਕ ’ਤੇ ਫਲਾਈਓਵਰ ਅਤੇ ਐਲੀਵੇਟਿਡ ਸੜਕ ਬਣਾਈ ਜਾਵੇਗੀ।
ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਪੇਵਰ ਬਲਾਕ ਲਗਾਉਣ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਬਜਟ ਦਾ 30 ਤੋਂ 40 ਫੀਸਦੀ ਫੰਡ ਨਾਲ ਮੁਹਾਲੀ ਨੂੰ ਹਰਿਆ-ਭਰਿਆ ਬਣਾਉਣ ਲਈ ਹੋਰ ਫੁੱਲ ਬੂਟੇ, ਫਲ ਅਤੇ ਛਾਂਦਾਰ ਪੌਦੇ ਲਗਾਏ ਜਾਣਗੇ। ਬੁੱਧੀਜੀਵੀ ਵਰਗ ਲਈ ਕਲਾ ਕੇਂਦਰ ਅਤੇ ਆਧੁਨਿਕ ਆਡੀਟੋਰੀਅਮ ਬਣਾਇਆ ਜਾਵੇਗਾ। ਜਿੱਥੋਂ ਉਹ ਆਪਣੀਆਂ ਸਰਗਰਮੀਆਂ ਚਲਾ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਆਪਸ ਵਿੱਚ ਮਿਲ ਕੇ ਨਗਰ ਨਿਗਮ ਚੋਣਾਂ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਮੌਕੇ ਸਿਹਤ ਮੰਤਰੀ ਨੇ ਲੋਕਾਂ ਨਾਲ ਖੜਨ ਦੀ ਬਜਾਏ ਆਪਣੇ ਘਰ ਦੇ ਬੂਹੇ ਭੇੜ ਲਏ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਵਿਕਾਸ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ ਅਤੇ ਮੁਹਾਲੀ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਗਲਤ ਵਾਰਡਬੰਦੀ ਦਾ ਖ਼ਮਿਆਜ਼ਾ ਭੁਗਤਨਾ ਪਵੇਗਾ। ਸ਼ਹਿਰ ਵਿੱਚ ਨਾਜਾਇਜ਼ ਰੇਹੜੀ-ਫੜੀਆਂ ਲਗਾਉਣ ਲਈ ਹਫ਼ਤਾ ਵਸੂਲੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਮੰਤਰੀ ਨੇ ਪ੍ਰਾਪਰਟੀ ਟੈਕਸ ਮੁਆਫ਼ੀ ਦਾ ਝੂਠਾ ਵਾਅਦਾ ਕਰਕੇ ਵੋਟਾਂ ਬਟੋਰੀਆਂ ਸਨ ਪਰ ਕਾਂਗਰਸ ਸਰਕਾਰ ਨੇ ਨਗਰ ਨਿਗਮ ਦਾ ਟੈਕਸ ਮੁਆਫ਼ੀ ਦਾ ਮਤਾ ਰੱਦ ਕਰਕੇ ਅਧਿਕਾਰੀਆਂ ਨੂੰ ਟੈਕਸ ਵਸੂਲੀ ਦੇ ਹੁਕਮ ਚਾੜੇ ਗਏ।
ਇਸ ਮੌਕੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ, ਪਰਮਜੀਤ ਸਿੰਘ ਕਾਹਲੋਂ, ਫੂਲਰਾਜ ਸਿੰਘ, ਆਰਪੀ ਸ਼ਰਮਾ ਅਤੇ ਸੁਖਮਿੰਦਰ ਸਿੰਘ ਬਰਨਾਲਾ, ਸੁਰਿੰਦਰ ਸਿੰਘ ਰੋਡਾ, ਸਰਬਜੀਤ ਸਿੰਘ ਸਮਾਣਾ, ਕਰਮਜੀਤ ਕੌਰ ਮਟੌਰ, ਜਸਪਾਲ ਸਿੰਘ ਬਿੱਲਾ, ਅਕਵਿੰਦਰ ਸਿੰਘ ਗੋਸਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…