
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਲਗਵਾਈ ਕੋ-ਵੈਕਸੀਨ ਦੀ ਦੂਜੀ ਡੋਜ਼
ਹਰੇਕ ਗਰੀਬ ਲੋੜਵੰਦ ਦੀ ਹਰ ਸੰਭਵ ਮਦਦ ਕੋਸ਼ਿਸ਼ ਕਰਨ ਦਾ ਯਤਨ ਕਰੇਗਾ ਆਜ਼ਾਦ ਗਰੁੱਪ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਮੁਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਅੱਜ ਇੱਥੋਂ ਦੇ ਸਿਵਲ ਹਸਪਤਾਲ ਫੇਜ਼-6 ਵਿੱਚ ਪਹੁੰਚ ਕੇ ਕੋਵਿਡ ਵੈਕਸੀਨ ਦੀ ਦੂਜੀ ਡੋਜ (ਕੋ-ਵੈਕਸੀਨ) ਲਗਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਲਿਹਾਜ਼ਾ ਇਸ ਮਹਾਮਾਰੀ ਤੋਂ ਬਚਣ ਲਈ ਕੋਵਿਡ ਵੈਕਸੀਨ ਹੀ ਇੱਕੋ ਇੱਕ ਬਦਲ ਹੈ ਅਤੇ ਸਾਰਿਆਂ ਨੂੰ ਆਪਣੀ ਵਾਰੀ ਅਨੁਸਾਰ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਕੋਵਿਡ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ।
ਸਾਬਕਾ ਮੇਅਰ ਨੇ ਕਿਹਾ ਕਿ ਇਹ ਬਹੁਤ ਅੌਖਾ ਸਮਾਂ ਚਲ ਰਿਹਾ ਹੈ ਅਤੇ ਲੋਕਾਂ ਨੂੰ ਪੂਰੇ ਜ਼ਾਬਤੇ ਵਿੱਚ ਰਹਿ ਕੇ ਖ਼ੁਦ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਹਾਮਾਰੀ ਦੇ ਇਸ ਸੰਕਟ ਦੇ ਸਮੇਂ ਵਿੱਚ ਆਜ਼ਾਦ ਗਰੁੱਪ ਸ਼ਹਿਰ ਵਾਸੀਆਂ ਦੇ ਨਾਲ ਖੜ੍ਹਾ ਹੈ ਅਤੇ ਕਿਸੇ ਵੀ ਕਿਸਮ ਦੀ ਲੋੜ ਪੈਣ ’ਤੇ ਆਜ਼ਾਦ ਗਰੁੱਪ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਹਰੇਕ ਗਰੀਬ ਲੋੜਵੰਦ ਦੀ ਹਰ ਸੰਭਵ ਸਹਾਇਤਾ ਕੋਸ਼ਿਸ਼ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਸਬੰਧੀ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਦਫ਼ਤਰ ਦਾ ਟੈਲੀਫੋਨ ਅਤੇ ਸਟਾਫ਼ ਦੇ ਮੋਬਾਈਲ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ।