ਸਾਬਕਾ ਮੇਅਰ ਕੁਲਵੰਤ ਸਿੰਘ ਨੇ ਮੁਹਾਲੀ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਫੋਟੋ ਸ਼ਨਾਖ਼ਤੀ ਕਾਰਡ ਵੰਡੇ

ਅਜੋਕੇ ਸਮੇਂ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਵੱਡਾ ਖ਼ਤਰਾ: ਕੁਲਵੰਤ ਸਿੰਘ

ਸਾਬਕਾ ਮੇਅਰ ਵੱਲੋਂ ਮੁਹਾਲੀ ਪ੍ਰੈਸ ਕਲੱਬ ਨੂੰ 51 ਹਜ਼ਾਰ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਪ੍ਰੈਸ ਦੀ ਅਣਹੋਂਦ ਵਿੱਚ ਜਮਹੂਰੀਅਤ ਨੂੰ ਵੱਡਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਗੱਲ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨੂੰ ਫੋਟੋ ਸ਼ਨਾਖ਼ਤੀ ਕਾਰਡ ਵੰਡਣ ਮੌਕੇ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਉਸ ਤੋਂ ਬਾਅਦ ਹੁਣ ਤੱਕ ਸਮਾਜ ਨੂੰ ਸਹੀ ਸੇਧ ਦੇਣ ਲਈ ਮੀਡੀਆ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ ਪ੍ਰੰਤੂ ਅਜੋਕੇ ਸਮੇਂ ਵਿੱਚ ਕਾਰਪੋਰੇਟ ਘਰਾਣਿਆਂ ਅਤੇ ਸਿਆਸਤਦਾਨਾਂ ਨੇ ਪ੍ਰੈਸ ਦੀ ਆਜ਼ਾਦੀ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤਿਆਂ ਜਾ ਰਿਹਾ ਹੈ, ਜੋ ਗੰਭੀਰ ਚਿੰਤਾ ਵਾਲੀ ਗੱਲ ਹੈ।
ਸਾਬਕਾ ਮੇਅਰ ਨੇ ਕਿਹਾ ਕਿ ਮੁਹਾਲੀ ਵਿਸ਼ਵ ਦੇ ਨਕਸ਼ੇ ਉੱਤੇ ਛਾਇਆ ਹੋਇਆ ਹੈ ਪ੍ਰੰਤੂ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਪ੍ਰੈਸ ਕਲੱਬ ਲਈ ਲੋੜੀਂਦੀ ਥਾਂ ਮੁਹੱਈਆ ਨਹੀਂ ਕਰਵਾਈ ਗਈ, ਸਗੋਂ ਕੁੱਝ ਸਿਆਸੀ ਆਗੂ ਮੀਡੀਆ ਅੰਦਰ ਵੀ ਆਪਸੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਹੇ ਹਨ। ਉਂਜ ਉਨ੍ਹਾਂ ਨੇ ਸਾਰੇ ਪ੍ਰੈਸ ਕਲੱਬਾਂ ਨੂੰ ਇਕੱਠੇ ਹੋ ਕੇ ਪ੍ਰੈਸ ਕਲੱਬ ਬਣਾਉਣ ਲਈ ਸਰਕਾਰ ’ਤੇ ਦਬਾਅ ਪਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਹਾਲੀ ਵਿੱਚ ਪ੍ਰੈਸ ਕਲੱਬ ਦੀ ਉਸਾਰੀ ਲਈ ਢੁਕਵੀਂ ਥਾਂ ਦਿੱਤੀ ਜਾਵੇ। ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕਹਿਣੀ ਅਤੇ ਕਥਨੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਮੁਹਾਲੀ ਪ੍ਰੈਸ ਕਲੱਬ ਦੇ ਬੀਤੀ 27 ਜੁਲਾਈ ਦੇ ਪ੍ਰੋਗਰਾਮ ਵਿੱਚ ਮੰਤਰੀ ਨੇ ਤਿੰਨੇ ਪ੍ਰੈਸ ਕਲੱਬਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਲੋੜੀਂਦੀ ਥਾਂ ਦੇਣ ਦੀ ਗੱਲ ਕਹੀ ਸੀ ਪ੍ਰੰਤੂ ਅਜੇ ਤੱਕ ਮੀਟਿੰਗ ਨਹੀਂ ਬੁਲਾਈ ਗਈ, ਥਾਂ ਦੇਣੀ ਤਾਂ ਦੂਰ ਦੀ ਗੱਲ ਹੈ। ਪ੍ਰੈਸ ਕਲੱਬ ਵੱਲੋਂ ਸਾਬਕਾ ਮੇਅਰ ਨੂੰ ਇਕ ਯਾਦਗਾਰੀ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ। ਜਿਨ੍ਹਾਂ ਨੇ ਪ੍ਰੈਸ ਕਲੱਬ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੰਚ ਸੰਚਾਲਨ ਕੀਤਾ।

ਇਸ ਮੌਕੇ ਕੈਸ਼ੀਅਰ ਰਾਜ ਕੁਮਾਰ ਅਰੋੜਾ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਕੁਰਾਲੀ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਬਲਜੀਤ ਮਰਵਾਹਾ, ਸੰਯੁਕਤ ਸਕੱਤਰ ਨਾਹਰ ਸਿੰਘ ਧਾਲੀਵਾਲ ਤੇ ਵਿਜੇ ਕੁਮਾਰ, ਵੈਟਰਨ ਜਰਨਲਿਸਟ ਧਰਮਪਾਲ ਉਪਾਸ਼ਕ, ਸਾਬਕਾ ਪ੍ਰਧਾਨ ਗੁਰਜੀਤ ਬਿੱਲਾ, ਹਰਬੰਸ ਬਾਗੜੀ, ਅਜਾਇਬ ਅੌਜਲਾ, ਸੁਨੀਲ ਗਰਚਾ, ਗੁਰਦੀਪ ਬੈਨੀਪਾਲ, ਹਰਿੰਦਰਪਾਲ ਸਿੰਘ ਹੈਰੀ, ਸਾਗਰ ਬੱਬਰ, ਸਰੋਜ ਵਰਮਾ, ਨੀਲਮ ਠਾਕੁਰ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…