
ਸਾਬਕਾ ਮੇਅਰ ਕੁਲਵੰਤ ਸਿੰਘ ਮੁਹਾਲੀ ਵਾਸੀਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ: ਗੁਰਕ੍ਰਿਪਾਲ ਮਾਨ
ਪੀਡੀਪੀ ਵੱਲੋਂ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਖਿਲਾਫ਼ ਕੀਤੇ ਜਾਣਗੇ ਰੋਸ ਪ੍ਰਦਰਸ਼ਨ, 3 ਦਿਨ ਦਾ ਅਲਟੀਮੇਟਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਵਿੱਚ ਆਜ਼ਾਦ ਗਰੁੱਪ ਬਣਾ ਕੇ ਚੋਣ ਲੜ ਰਹੇ ਸਾਬਕਾ ਮੇਅਰ ਕੁਲਵੰਤ ਸਿੰਘ ਆਪਣੀ ਸਿਆਸੀ ਪੈਂਤੜੇਬਾਜ਼ੀ ਬਦਲਣ ਦੀ ਰਵਾਇਤ ਮੁਤਾਬਕ ਇਸ ਵਾਰ ਫਿਰ ਮੁਹਾਲੀ ਦੇ ਵੋਟਰਾਂ ਨੂੰ ਬੁੱਧੂ ਬਣਾਉਣ ਲਈ ਚੋਣ ਮੈਦਾਨ ਵਿੱਚ ਨਿੱਤਰੇ ਹਨ ਪ੍ਰੰਤੂ ਐਤਕੀਂ ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਉਨ੍ਹਾਂ ਦੀ ਇਸ ਪੈਂਤੜੇਬਾਜ਼ੀ ਦਾ ਤਿੱਖਾ ਵਿਰੋਧ ਕਰੇਗੀ ਅਤੇ ਇਸ ਗਰੁੱਪ ਦੀ ਅਸਲੀਅਤ ਬਾਰੇ ਪਰਦਾਫਾਸ਼ ਕਰੇਗੀ। ਪੀਡੀਪੀ ਦੇ ਸੂਬਾ ਪ੍ਰਧਾਨ ਗੁਰਕ੍ਰਿਪਾਲ ਸਿੰਘ ਮਾਨ ਨੇ ਇਹ ਵਿਚਾਰ ਅੱਜ ਇੱਥੇ ਆਪਣੀ ਪਾਰਟੀ ਦੇ ਅਹੁਦੇਦਾਰਾਂ ਅਤੇ ਉਮੀਦਵਾਰਾਂ ਨਾਲ ਕੀਤੀ ਗਈ ਮੀਟਿੰਗ ਵਿੱਚ ਪ੍ਰਗਟ ਕੀਤੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਕ੍ਰਿਪਾਲ ਸਿੰਘ ਮਾਨ ਨੇ ਕਿਹਾ ਕਿ ਪੀਡੀਪੀ ਵੱਲੋਂ ਕੁਲਵੰਤ ਸਿੰਘ ਦੇ ਅਜ਼ਾਦ ਗਰੁੱਪ ਨੂੰ ਆਪਣਾ ਸਿਆਸੀ ਸਟੈਂਡ ਸਪੱਸ਼ਟ ਕਰਨ ਲਈ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਜਾਂਦਾ ਹੈ ਕਿ ਉਹ ਮੋਹਾਲੀ ਦੇ ਲੋਕਾਂ ਨੂੰ ਦੱਸਣ ਕਿ ਉਹ ਅਕਾਲੀ ਹਨ ਜਾਂ ਕਾਂਗਰਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੁਲਵੰਤ ਸਿੰਘ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਹੱਥ ਮਿਲਾ ਕੇ ਮੇਅਰ ਬਣੇ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਛੱਡ ਚੁੱਕੇ ਲਗਭਗ ਸਾਰੇ ਸਾਬਕਾ ਕੌਂਸਲਰਾਂ ਨਾਲ ਹੱਥ ਮਿਲਾ ਕੇ ਮੇਅਰ ਬਣਨ ਲਈ ਆਪਣਾ ਗੁੱਟ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ। ਗੁਰਕ੍ਰਿਪਾਲ ਸਿੰਘ ਮਾਨ ਨੇ ਕਿਹਾ ਕਿ ਕੁਲਵੰਤ ਸਿੰਘ ਦਾ ਅਸਲ ਮਕਸਦ ਸਿਰਫ਼ ਮੇਅਰ ਬਣਨ ਤੱਕ ਹੀ ਸੀਮਤ ਹੁੰਦਾ ਹੈ।
ਸ੍ਰ੍ਰੀ ਮਾਨ ਨੇ ਤਿੰਨ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਕੁਲਵੰਤ ਸਿੰਘ ਮੁਹਾਲੀ ਸ਼ਹਿਰ ਦੇ ਲੋਕਾਂ ਨੂੰ ਮੀਡੀਆ ਰਾਹੀਂ ਆਪਣਾ ਸਟੈਂਡ ਸਪੱਸ਼ਟ ਕਰਨ। ਅਜਿਹਾ ਨਾ ਕੀਤੇ ਜਾਣ ਦੀ ਹਾਲਤ ਵਿੱਚ ਉਨ੍ਹਾਂ ਦੀ ਪੀਡੀਪੀ ਪਾਰਟੀ ਵੱਲੋਂ ਕੁਲਵੰਤ ਸਿੰਘ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਨਹੀਂ ਦਿੱਤਾ ਜਾਵੇਗਾ।
ਪੀਡੀਪੀ ਪ੍ਰਧਾਨ ਗੁਰਕ੍ਰਿਪਾਲ ਸਿੰਘ ਮਾਨ ਨੇ ਮੁਹਾਲੀ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀਡੀਪੀ ਵੱਲੋਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਸਹਿਯੋਗ ਨਾਲ ਖੜੇ ਕੀਤੇ ਗਏ ਸਾਫ਼ ਸੁਥਰੀ ਛਵੀ ਵਾਲੇ ਸੇਵਾਮੁਕਤ ਪੈਨਸ਼ਨਰ ਉਮੀਦਵਾਰਾਂ ਨੂੰ ਹੀ ਜਿਤਾ ਕੇ ਮਿਉਂਸਪਲ ਕਾਰਪੋਰੇਸ਼ਨ ਵਿੱਚ ਭੇਜਣ ਤਾਂ ਜੋ ਸ਼ਹਿਰ ਦਾ ਵਿਕਾਸ ਕੀਤਾ ਜਾ ਸਕੇ ਅਤੇ ਘਟੀਆ ਕਿਸਮ ਦੀ ਰਾਜਨੀਤੀ ਤੋਂ ਲੋਕਾਂ ਦਾ ਛੁਟਕਾਰਾ ਕਰਵਾਇਆ ਜਾ ਸਕੇ। ਇਸ ਮੌਕੇ ਪੀਡੀਪੀ ਦੇ ਵਾਰਡ ਨੰਬਰ 4 ਤੋਂ ਉਮੀਦਵਾਰ ਅਮਰਜੀਤ ਸਿੰਘ ਵਾਲੀਆ, ਵਾਰਡ ਨੰਬਰ 20 ਤੋਂ ਹਰਪਾਲ ਸਿੰਘ, ਵਾਰਡ ਨੰਬਰ 35 ਤੋਂ ਰਵਿੰਦਰ ਕੌਰ ਗਿੱਲ, ਵਾਰਡ ਨੰਬਰ 36 ਤੋਂ ਬਲਵਿੰਦਰ ਸਿੰਘ ਬੱਲੀ, ਵਾਰਡ ਨੰਬਰ 50 ਤੋਂ ਗੁਰਬਖ਼ਸ਼ ਸਿੰਘ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਵਿਨੋਦ ਪਾਠਕ, ਮੀਤ ਪ੍ਰਧਾਨ ਡਾ. ਹਰਜਿੰਦਰ ਹੈਰੀ ਅਤੇ ਨਰਿੰਦਰ ਸਿੰਘ ਵੀ ਹਾਜ਼ਰ ਸਨ।