
ਸੁਖਬੀਰ ਬਾਦਲ ਨੇ ਆਪਣੇ ਗੂੜੇ ਮਿੱਤਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ’ਚੋਂ ਕੀਤਾ ਬਾਹਰ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਪੰਜਾਬ ਵਿੱਚ 14 ਫਰਵਰੀ ਨੂੰ ਨਗਰ ਨਿਗਮ ਅਤੇ ਨਗਰ ਕੌਂਸਲਾਂ ਕਰਵਾਉਣ ਦਾ ਐਲਾਨ ਹੁੰਦੇ ਹੋਏ ਹੀ ਸ਼ਹਿਰੀ ਖੇਤਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਆਪਣੇ ਨਜ਼ਦੀਕੀ ਦੋਸਤ ਅਤੇ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਕੀਤੇ ਅਬਜ਼ਰਵਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ ਗਈ ਹੈ। ਲੇਕਿਨ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦ ਚੋਣਾਂ ਲੜਨ ਦਾ ਐਲਾਨ ਕਰਨ ਵਾਲੇ ਬਾਕੀ ਕਿਸੇ ਹੋਰ ਅਕਾਲੀ ਆਗੂ ਖ਼ਿਲਾਫ਼ ਫਿਲਹਾਲ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਸਾਬਕਾ ਮੇਅਰ ਖ਼ਿਲਾਫ਼ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦਾ ਦੋਸ਼ ਹੈ। ਜਿਸ ਕਾਰਨ ਕੁਲਵੰਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕੁਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਦੀ ਹੋਣ ਜਾ ਰਹੀ ਚੋਣ ਲਈ ਅਧਿਕਾਰਤ ਉਮੀਦਵਾਰਾਂ ਦਾ ਅੰਦਰਖਾਤੇ ਵਿਰੋਧ ਕਰ ਰਹੇ ਸਨ। ਜਿਸ ਕਰਕੇ ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਅਨੁਸ਼ਾਸਨ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵੇਲੇ ਵੀ ਸੀਨੀਅਰ ਲੀਡਰਸ਼ਿਪ ਵੱਲੋਂ ਅਣਦੇਖੀ ਕੀਤੇ ਜਾਣ ਕਾਰਨ ਸਾਬਕਾ ਮੇਅਰ ਨੇ ਆਜ਼ਾਦ ਗਰੁੱਪ ਬਣਾ ਕੇ ਚੋਣਾਂ ਲੜੀਆਂ ਸਨ ਅਤੇ ਘੱਟ ਮੈਂਬਰਾਂ ਦੇ ਬਾਵਜੂਦ ਉਹ ਕਾਂਗਰਸ ਨਾਲ ਹੱਥ ਮਿਲਾ ਕੇ ਮੇਅਰ ਦੀ ਕੁਰਸੀ ’ਤੇ ਕਾਬਜ਼ ਹੋ ਗਏ ਸੀ। ਹਾਲਾਂਕਿ ਮੇਅਰ ਦੀ ਚੋਣ ਸਮੇਂ ਤੱਕੜੀ ਚੋਣ ਨਿਸ਼ਾਨ ’ਤੇ ਚੋਣ ਜਿੱਤਣ ਵਾਲੇ ਕੌਂਸਲਰਾਂ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਸੀ ਪ੍ਰੰਤੂ ਬਾਅਦ ਵਿੱਚ ਉਹ ਵੀ ਕੁਲਵੰਤ ਸਿੰਘ ਦੇ ਖੇਮੇ ਵਿੱਚ ਆ ਗਏ ਸੀ ਅਤੇ ਬੀਤੇ ਦਿਨੀਂ ਉਨ੍ਹਾਂ ’ਚੋਂ ਜ਼ਿਆਦਾਤਰ ਸਾਬਕਾ ਕੌਂਸਲਰਾਂ ਨੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦ ਚੋਣਾਂ ਲੜਨ ਦਾ ਐਲਾਨ ਕਰਕੇ ਹਾਈ ਕਮਾਂਡ ਦੀ ਨੀਂਦ ਉੱਡਾ ਦਿੱਤੀ ਹੈ। ਇਸ ਵਾਰ ਵਿੱਚ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਸਮੇਂ ਸਾਬਕਾ ਮੇਅਰ ਨੂੰ ਅਣਗੌਲਿਆ ਕੀਤਾ ਗਿਆ ਅਤੇ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਕੁਲਵੰਤ ਸਿੰਘ ਸਮੇਤ ਉਨ੍ਹਾਂ ਦੇ ਸਮਰਥਕਾਂ ਅਤੇ ਕਈ ਹੋਰ ਸੀਨੀਅਰ ਆਗੂਆਂ ਦੇ ਨਾਮ ਗਾਇਬ ਸਨ। ਜਿਸ ਕਾਰਨ ਉਨ੍ਹਾਂ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਇਸ ਵਾਰ ਵੀ ਆਜ਼ਾਦ ਚੋਣਾਂ ਲੜਨ ਦਾ ਫੈਸਲਾ ਲਿਆ ਗਿਆ ਸੀ। ਇਸ ਮੀਟਿੰਗ ਵਿੱਚ ਸਥਾਨਕ ਆਗੂ ਅਤੇ ਵੱਡੀ ਗਿਣਤੀ ਵਿੱਚ ਸਾਬਕਾ ਕੌਂਸਲਰ ਹਾਜ਼ਰ ਸਨ।