ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਪੁੱਤਰ ਸਰਬਜੀਤ ਸਿੰਘ ਨੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਇੱਥੋਂ ਦੇ ਵਾਰਡ ਨੰਬਰ-42 ਤੋਂ ਚੋਣ ਲੜ ਰਹੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਉਸ ਦੇ ਪੁੱਤਰ ਤੇ ਵਾਰਡ ਨੰਬਰ-38 ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਸਮਾਣਾ ਨੇ ਸ਼ੁੱਕਰਵਾਰ ਨੂੰ ਸੈਕਟਰ-71 ਵਿੱਚ ਚੋਣ ਪ੍ਰਚਾਰ ਦੌਰਾਨ ਘਰ-ਘਰ ਜਾ ਕੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਚੋਣਾਂ ਵਿੱਚ ਉਹ ਸਿਆਸੀ ਪਾਰਟੀ ਨਾ ਦੇਖਣ ਬਲਕਿ ਉਮੀਦਵਾਰ ਦਾ ਕਿਰਦਾਰ ਅਤੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਵੋਟ ਪਾਉਣ। ਉਨ੍ਹਾਂ ਮੁੜ ਦੁਹਰਾਇਆ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਤਰਜ਼ੀਹ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਪੱਖੋਂ ਮੁਹਾਲੀ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਦੀ ਚੰਗੀ ਕਾਰਗੁਜ਼ਾਰੀ ਸਦਕਾ ਹੀ ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀਂ ਮੁਹਾਲੀ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਕਰਨ ਦਾ ਐਵਾਰਡ ਦਿੱਤਾ ਗਿਆ ਹੈ ਅਤੇ ਮਸ਼ੀਨੀ ਸਫ਼ਾਈ ਦੇ ਮਾਮਲੇ ਵਿੱਚ ਮੁਹਾਲੀ ਪੰਜਾਬ ਭਰ ਵਿੱਚ ਪਹਿਲਾਂ ਸ਼ਹਿਰ ਹੈ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸੌੜੀ ਰਾਜਨੀਤੀ ਦੇ ਚੱਲਦਿਆਂ ਮੁਹਾਲੀ ਵਿੱਚ ਵਿਕਾਸ ਦੇ ਕੰਮਾਂ ਵਿੱਚ ਖੜੋਤ ਆਈ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਦੇ ਕੰਮ ਦੋ ਸਾਲ ਪਹਿਲਾਂ ਨੇਪਰੇ ਚੜ੍ਹ ਜਾਣੇ ਚਾਹੀਦੇ ਹਨ, ਉਹ ਸਿਆਸੀ ਬਦਲਾਖੋਰੀ ਕਾਰਨ ਅਧੂਰੇ ਪਏ ਹਨ। ਉਨ੍ਹਾਂ ਕਿਹਾ ਕਿ ਮੰਤਰੀ ਦੀ ਸਿੱਧੀ ਦਖ਼ਲਅੰਦਾਜ਼ੀ ਕਾਰਨ ਸਿਟੀ ਬੱਸ ਸਰਵਿਸ ਦਾ ਪ੍ਰਾਜੈਕਟ ਠੰਢੇ ਬਸਤੇ ਵਿੱਚ ਪਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰਨਾਂ ਕੰਮਾਂ ਦੇ ਸਮੇਂ ਸਿਰੇ ਟੈਂਡਰ ਅਤੇ ਵਰਕ ਆਰਡਰ ਨਾ ਹੋਣ ਕਾਰਨ ਲੋਕ ਕਈ ਸਹੂਲਤਾਂ ਤੋਂ ਵਾਂਝੇ ਹਨ, ਪ੍ਰੰਤੂ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…