Nabazepunjab.com

ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਦੇ ਆਪ, ਢੀਂਡਸਾ ਤੇ ਬਸਪਾ ਨਾਲ ਗੱਠਜੋੜ ਹੋਣ ਦੇ ਚਰਚੇ

ਅਕਾਲੀ ਦਲ ਤੇ ਕਾਂਗਰਸ ਦਾ ਗਣਿਤ ਵਿਗਾੜ ਸਕਦੀ ਹੈ ਆਜ਼ਾਦ ਗਰੁੱਪ ਦੀ ਸਰਗਰਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ ਸਿਆਸੀ ਹਲਕਿਆਂ ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਦੇ ਆਮ ਆਦਮੀ ਪਾਰਟੀ (ਆਪ), ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਅਤੇ ਬਸਪਾ ਨਾਲ ਗੱਠਜੋੜ ਹੋਣ ਦੇ ਚਰਚੇ ਜ਼ੋਰਾਂ ’ਤੇ ਹਨ ਅਤੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਪਰੋਸੇ ਜਾਣ ਕਾਰਨ ਉਕਤ ਪਾਰਟੀਆਂ ਦੇ ਗੱਠਜੋੜ ਦੇ ਵਿਰੋਧ ਅਤੇ ਹੱਕ ਵਿੱਚ ਟਿੱਪਣੀਆਂ ਕਰਕੇ ਲੋਕ ਆਪਣੀ ਖੂਬ ਭੜਾਸ ਕੱਢ ਰਹੇ ਹਨ।
ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਆਪ ਦੇ ਉਮੀਦਵਾਰਾਂ ਲਈ ਮੁਹਾਲੀ ਦੇ ਕਈ ਵਾਰਡ ਖਾਲੀ ਛੱਡੇ ਗਏ ਅਤੇ ਹਾਲੇ ਤੱਕ ਆਜ਼ਾਦ ਗਰੁੱਪ ਨੇ ਇਨ੍ਹਾਂ ਵਾਰਡਾਂ ਵਿੱਚ ਆਪਣੇ ਉਮੀਦਵਾਰ ਨਹੀਂ ਐਲਾਨੇ ਹਨ, ਪ੍ਰੰਤੂ ਇਸ ਸਬੰਧੀ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਆਜ਼ਾਦ ਗਰੁੱਪ ਦਾ ਆਪ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ। ਉਂਜ ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਮੁਹਾਲੀ ਦੀ ਤਰੱਕੀ ਅਤੇ ਵਿਕਾਸ ਦੇ ਮੁੱਦੇ ’ਤੇ ਹਮਖ਼ਿਆਲੀ ਪਾਰਟੀਆਂ ਨਾਲ ਹੱਥ ਮਿਲਾਇਆ ਜਾ ਸਕਦਾ ਹੈ। ਇਸ ਸਬੰਧੀ ਕਈ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਗੱਲ ਵੀ ਚੱਲ ਰਹੀ ਹੈ ਲੇਕਿਨ ਨਿਗਮ ਚੋਣਾਂ ਸਬੰਧੀ ਅਜੇ ਕਿਸੇ ਨਾਲ ਗੱਲ ਕਿਸੇ ਕੰਢੇ ਨਹੀਂ ਲੱਗੀ ਹੈ। ਸਾਬਕਾ ਮੇਅਰ ਨੇ ਕਿਹਾ ਕਿ ਅੰਤਿਮ ਫੈਸਲਾ ਆਪ ਆਗੂਆਂ ਨੇ ਲੈਣਾ ਹੈ।
ਉਂਜ ਮੁਹਾਲੀ ਦੇ 50 ਵਾਰਡਾਂ ’ਚੋਂ ਆਜ਼ਾਦ ਗਰੁੱਪ 30 ਵਾਰਡਾਂ ਵਿੱਚ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਚੁੱਕਾ ਹੈ। ਜਿਨ੍ਹਾਂ ਨੇ ਬਾਕਾਇਦਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਚੋਣ ਦਫ਼ਤਰ ਵੀ ਧੜਾਧੜ ਖੋਲ੍ਹੇ ਜਾ ਰਹੇ ਹਨ। ਅਜਿਹੇ ਵਿੱਚ ਜੇਕਰ ਆਜ਼ਾਦ ਗਰੁੱਪ ਦਾ ਕਿਸੇ ਸਿਆਸੀ ਧਿਰ ਨਾਲ ਸਮਝੌਤੇ ਦੀ ਗੱਲ ਕਿਸੇ ਚੜ੍ਹਦੀ ਹੈ ਤਾਂ ਅਕਾਲੀ ਦਲ ਅਤੇ ਕਾਂਗਰਸ ਦਾ ਗਣਿਤ ਵਿਗੜ ਸਕਦਾ ਹੈ। ਢੀਂਡਸਾ ਦਲ ਪਹਿਲਾਂ ਹੀ ਨਿਗਮ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕਾ ਹੈ ਅਤੇ ਸੀਨੀਅਰ ਆਗੂ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਬਿਆਨ ਦੇ ਚੁੱਕੇ ਹਨ ਕਿ ਡੈਮੋਕ੍ਰੇਟਿਕ ਦਲ ਵੱਲੋਂ ਚੰਗੇ ਕਿਰਦਾਰ ਵਾਲੇ ਆਜ਼ਾਦ ਉਮੀਦਵਾਰਾਂ ਦਾ ਸਮਰਥਕ ਕੀਤਾ ਜਾਵੇ ਪ੍ਰੰਤੂ ਆਪ ਅਤੇ ਬਸਪਾ ਆਪਣੇ ਬਲਬੂਤੇ ’ਤੇ ਪਾਰਟੀ ਚੋਣ ਨਿਸ਼ਾਨ ’ਤੇ ਚੋਣਾਂ ਲੜਨ ਬਾਰੇ ਕਹਿ ਚੁੱਕੇ ਹਨ।
ਉਧਰ, ਭਾਜਪਾ ਨੇ ਨਿਗਮ ਚੋਣਾਂ ਸਬੰਧੀ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਸੂਤਰ ਦੱਸਦੇ ਹਨ ਕਿ ਭਾਜਪਾ ਹਾਈ ਕਮਾਂਡ ਪਾਰਟੀ ਦੀ ਹੋਂਦ ਦਿਖਾਉਣ ਅਤੇ ਬਚਾਉਣ ਲਈ ਆਪਣੇ ਸਰਗਰਮ ਆਗੂਆਂ ਅਤੇ ਸਾਬਕਾ ਕੌਂਸਲਰਾਂ ਨੂੰ ਚੋਣ ਨਿਸ਼ਾਨ ’ਤੇ ਚੋਣਾਂ ਲੜਨ ਲਈ ਦਬਾਅ ਪਾ ਰਹੀ ਹੈ ਜਦੋਂਕਿ ਸਾਬਕਾ ਕੌਂਸਲਰ ਅਤੇ ਸਥਾਨਕ ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਲੀਡਰਸ਼ਿਪ ਨੂੰ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਚੋਣਾਂ ਲੜਨ ਦਾ ਸੁਝਾਅ ਭੇਜਿਆ ਗਿਆ ਹੈ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…