ਸਾਬਕਾ ਮੇਅਰ ਕੁਲਵੰਤ ਸਿੰਘ ਦੀ ਗੁੰਮਰਾਹਕੁਨ ਬਿਆਨਬਾਜ਼ੀ ਬੁਖਲਾਹਟ ਦਾ ਨਤੀਜਾ: ਜੀਤੀ ਸਿੱਧੂ

ਝੂਠੀ ਤੇ ਬੇਬੁਨਿਆਦ ਬਿਆਨਬਾਜ਼ੀ ਦੇ ਝਾਂਸੇ ਵਿੱਚ ਨਹੀਂ ਆਉਣਗੇ ਮੁਹਾਲੀ ਦੇ ਸੂਝਵਾਨ ਲੋਕ: ਮੇਅਰ

ਸੱਤਾ ਹਾਸਲ ਕਰਨ ਲਈ ਆਪਣਿਆਂ ਨੂੰ ਧੋਖਾ ਦੇਣ ਸਮੇਤ ਹਰ ਹੱਥਕੰਡੇ ਅਪਨਾਉਂਦਾ ਹੈ ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਉਨ੍ਹਾਂ ਦੇ ਪਰਿਵਾਰ ਵਿਰੁੱਧ ਕੀਤੀ ਜਾ ਰਹੀ ਗੁਮਰਾਹਕੁਨ ਬਿਆਨਬਾਜ਼ੀ ਉਨ੍ਹਾਂ ਦੀ ਬੁਖਲਾਹਟ ਦਾ ਨਤੀਜਾ ਹੈ। ਸਚਾਈ ਇਹ ਹੈ ਕਿ ਸਾਬਕਾ ਮੇਅਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਹਾਲੀ ਤੋਂ ਚੋਣ ਮੈਦਾਨ ਵਿੱਚ ਆਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਪਹਿਲਾਂ ਹੀ ਆਪਣੀ ਹਾਰ ਸਪੱਸ਼ਟ ਦਿਖਾਈ ਦੇਣ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਦਰਅਸਲ ਸਾਬਕਾ ਮੇਅਰ ਦੀ ਅਗਵਾਈ ਵਾਲਾ ਆਜ਼ਾਦ ਗਰੁੱਪ ਨਗਰ ਨਿਗਮ ਚੋਣਾਂ ਹਾਰ ਗਿਆ ਜਦੋਂਕਿ ਲੋਕਾਂ ਨੇ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੰਦਿਆਂ 37 ਉਮੀਦਵਾਰਾਂ ਨੂੰ ਚੋਣ ਜਿਤਾਈ ਸੀ। ਮੇਅਰ ਨੇ ਕਿਹਾ ਕਿ ਕੁਲਵੰਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਚੋਣਾਂ ਵਿੱਚ ਮਿਲੀ ਹਾਰ ਹਜ਼ਮ ਨਹੀਂ ਹੋ ਰਹੀ ਹੈ।
ਜਦੋਂਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਪੂਰਨ ਸਮਰਥਨ ਦੇ ਕੇ ਉਨ੍ਹਾਂ ਨੂੰ ਮੁਹਾਲੀ ਦਾ ਮੇਅਰ ਬਣਾਇਆ ਸੀ। ਇਹੀ ਨਹੀਂ ਸਾਬਕਾ ਮੇਅਰ ਗਮਾਡਾ ਤੇ ਹੋਰਨਾਂ ਵਿਭਾਗਾਂ ਵਿੱਚ ਨਗਰ ਨਿਗਮ ਦੀ ਬਿਹਤਰੀ ਲਈ ਨਹੀਂ ਸੀ ਜਾਂਦੇ ਸਗੋਂ ਆਪਣੇ ਪ੍ਰਾਜੈਕਟ ਪਾਸ ਕਰਾਉਣ ਜਾਂਦੇ ਸੀ ਅਤੇ ਉਨ੍ਹਾਂ ਦਾ ਨਗਰ ਨਿਗਮ ਰਾਹੀਂ ਸ਼ਹਿਰ ਦੀ ਬਿਹਤਰੀ ਵਾਲੇ ਪਾਸੇ ਕੋਈ ਰੋਲ ਨਹੀਂ ਸੀ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦਾ ਸਭ ਤੋਂ ਵੱਡਾ ਝੂਠ ਇਹ ਹੈ ਕਿ ਉਨ੍ਹਾਂ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਿੱਚ ਕੋਈ ਕੰਮ ਨਹੀਂ ਕੀਤਾ ਜਦੋਂ ਕਿ ਅਸਲੀਅਤ ਇਹ ਹੈ ਕਿ ਮੁਹਾਲੀ ਵਿੱਚ ਵਿਧਾਇਕ ਸਿੱਧੂ ਨੇ ਵੱਡੇ ਪ੍ਰਾਜੈਕਟ ਲਿਆਂਦੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਡਾ ਪ੍ਰਾਜੈਕਟ ਮੁਹਾਲੀ ਵਿੱਚ ਮੈਡੀਕਲ ਕਾਲਜ ਬਣਾਉਣਾ ਹੈ ਜੋ ਬਣਨਾ ਆਰੰਭ ਵੀ ਹੋ ਚੁੱਕਿਆ ਹੈ ਤੇ ਇਸ ਸੈਸ਼ਨ ਤੋਂ ਉੱਥੇ ਕਲਾਸਾਂ ਵੀ ਲਗ ਰਹੀਆਂ ਹਨ। ਇਸੇ ਤਰ੍ਹਾਂ ਲਾਂਡਰਾਂ ਚੌਕ ਜਿੱਥੇ ਹਮੇਸ਼ਾਂ ਵੱਡੇ ਵੱਡੇ ਜਾਮ ਲੱਗਦੇ ਸਨ, ਵਿਧਾਇਕ ਸਿੱਧੂ ਨੇ ਕਰੋੜਾਂ ਰੁਪਏ ਲਗਾ ਕੇ ਇਸ ਸਮੱਸਿਆ ਦਾ ਸਦਾ ਵਾਸਤੇ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸੈਕਟਰ 66 ਵਿਚ ਮੋਹਾਲੀ ਦਾ ਨਵਾਂ ਸਿਵਲ ਹਸਪਤਾਲ ਉਸਾਰਿਆ ਜਾ ਰਿਹਾ ਹੈ।
ਵਿਧਾਇਕ ਸਿੱਧੂ ਦੀ ਬਦੌਲਤ ਗਮਾਡਾ ਤੋਂ 65 ਕਰੋੜ ਤੋਂ ਵੱਧ ਦੀ ਰਕਮ ਵਾਪਸ ਲਿਆਂਦੀ ਗਈ ਹੈ ਅਤੇ ਬਿਜਲੀ ਬੋਰਡ ਤੋਂ ਵੀ 10 ਕਰੋੜ ਦੀ ਰਕਮ ਵਾਪਸ ਲਿਆਂਦੀ ਗਈ ਹੈ। ਮੁਹਾਲੀ ਵਿੱਚ ਤਿੰਨ ਨਵੀਆਂ ਡਿਸਪੈਂਸਰੀਆਂ ਬਣਨ ਜਾ ਰਹੀਆਂ ਹਨ ਅਤੇ ਫੇਜ਼-3ਬੀ1 ਵਿਚ ਹਸਪਤਾਲ ਤਿਆਰ ਹੋ ਰਿਹਾ ਹੈ। ਇਸ ਤੋਂ ਇਲਾਵਾ ਕੋਰੋਨਾ ਕਾਲ ਵਿਚ ਲੋਕਾਂ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡਿਆ ਗਿਆ ਹੈ ਅਤੇ ਪੂਰੀ ਮੱਦਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਲਿੰਕ ਸੜਕਾਂ ਦੀ ਉਸਾਰੀ ਦੀ ਗੱਲ ਹੋਵੇ ਜਾਂ ਗਲੀਆਂ ਨਾਲੀਆਂ ਦੀ ਸਾਰੀ ਦੀ ਗੱਲ ਹੋਵੇ ਇਸ ਵਾਸਤੇ ਕਰੋੜਾਂ ਰੁਪਏ ਦੇ ਫੰਡ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਪਲੱਬਧ ਕਰਾਏ ਹਨ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੁਹਾਲੀ ਨਗਰ ਨਿਗਮ ਦੀ ਗੱਲ ਹੈ ਤਾਂ ਡੇਢ ਸਾਲ ਪਹਿਲਾਂ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਕਾਰਜਕਾਲ ਸਮਾਪਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚਾਰਜ ਲਏ ਨੂੰ ਵੀ ਹਾਲੇ ਅੱਠ ਮਹੀਨੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਠ ਮਹੀਨਿਆਂ ਵਿੱਚ ਲਗਪਗ 5 ਕਰੋੜ ਰੁਪਏ ਦੇ ਨਵੇਂ ਜਿੰਮ ਪਾਸ ਕਰਵਾਏ ਗਏ ਹਨ ਤੇ ਉਨ੍ਹਾਂ ਦਾ ਟੀਚਾ ਹਰ ਪਾਰਕ ਵਿਚ ਜਿਮ ਲਗਾਉਣਾ ਹੈ ਤਾਂ ਜੋ ਲੋਕਾਂ ਨੂੰ ਘਰਾਂ ਦੇ ਨੇੜੇ ਜਿਮ ਦੀ ਸਹੂਲਤ ਹਾਸਲ ਹੋ ਸਕੇ। ਇਸ ਤੋਂ ਇਲਾਵਾ ਪੂਰੇ ਮੁਹਾਲੀ ਵਿੱਚ ਮੌਜੂਦਾ ਸਮੇਂ ਵੀ 119 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕੋਨੇ ਕੋਨੇ ਵਿੱਚ ਚੱਲ ਰਹੇ ਹਨ ਜੋ ਨਵੇਂ ਹਾਊਸ ਨੇ ਹੀ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਪੂਰੀ ਪਾਰਦਰਸ਼ਤਾ ਨਾਲ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਸਾਲ ਦਾ ਉਹ ਵਕਫ਼ਾ ਜਦੋਂ ਨਗਰ ਨਿਗਮ ਵਿਚ ਚੁਣੇ ਹੋਏ ਨੁਮਾਇੰਦਿਆਂ ਦੀ ਟੀਮ ਨਹੀਂ ਸੀ ਤਾਂ ਵਿਧਾਇਕ ਬਲਬੀਰ ਸਿੱਧੂ ਨੇ ਨਗਰ ਨਿਗਮ ਰਾਹੀਂ ਮੁਹਾਲੀ ਵਿੱਚ 61 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਸਨ।
ਉਨ੍ਹਾਂ ਕਿਹਾ ਕਿ ਇਹੀ ਨਹੀਂ ਸਿੱਖਿਆ ਦੇ ਖੇਤਰ ਵਿੱਚ ਫੇਜ਼-11 ਵਿੱਚ ਸਕੂਲ ਦੀ ਨਵੀਂ ਬਿਲਡਿੰਗ ਬਣਾਉਣ ਲਈ ਬਲਬੀਰ ਸਿੰਘ ਸਿੱਧੂ ਨੇ 13 ਕਰੋੜ ਰੁਪਏ ਦੀ ਰਕਮ ਉਪਲੱਬਧ ਕਰਵਾਈ ਅਤੇ ਇਸ ਸਕੂਲ ਦੀ ਉਸਾਰੀ ਕਰਵਾਈ। ਉਨ੍ਹਾਂ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਵਿੱਚ ਕਦੇ ਵੀ ਮੋਹਾਲੀ ਨਗਰ ਨਿਗਮ ਸਵੱਛਤਾ ਸਰਵੇਖਣ ਵਿੱਚ ਪਹਿਲੇ 150 ਸ਼ਹਿਰਾਂ ਵਿੱਚ ਨਹੀਂ ਸੀ ਆ ਸਕੀ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੀ ਟੀਮ ਨੇ ਪੂਰੀ ਮਿਹਨਤ ਕਰਕੇ ਸ਼ਹਿਰ ਨੂੰ ਨਾ ਸਿਰਫ਼ ਪੰਜਾਬ ਵਿੱਚ ਦੂਜੇ ਨੰਬਰ ਤੇ ਲਿਆਂਦਾ ਹੈ ਸਗੋਂ ਪੂਰੇ ਭਾਰਤ ਵਿੱਚ ਪਹਿਲੇ 80 ਸ਼ਹਿਰਾਂ ਵਿਚ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਦੀ ਪੂਰਤੀ ਵਾਸਤੇ ਮੁਹਾਲੀ ਨਗਰ ਨਿਗਮ ਵੱਲੋਂ ਆਪਣੀ ਮਸ਼ੀਨਰੀ ਦੀ ਖਰੀਦ ਵੀ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਸਫ਼ਾਈ ਕਰਮਚਾਰੀਆਂ ਦੀ ਭਲਾਈ ਵਾਸਤੇ ਲਗਭਗ ਇੱਕ ਹਜਾਰ ਸਫ਼ਾਈ ਕਰਮਚਾਰੀਆਂ ਦੀ ਭਰਤੀ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਾਬਕਾ ਮੇਅਰ ਇਖ਼ਲਾਕੀ ਤੌਰ ਤੇ ਪਹਿਲਾਂ ਹੀ ਵਿਧਾਨ ਸਭਾ ਦੀ ਜੰਗ ਹਾਰ ਚੁੱਕੇ ਹਨ ਤੇ ਇਸ ਤੋਂ ਪਹਿਲਾਂ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਕੁਲਵੰਤ ਸਿੰਘ ਦੇ ਧੜੇ ਦੀ ਹਾਰ ਦਾ ਕਾਰਨ ਵੀ ਮੋਹਾਲੀ ਵਿਚ ਵਿਕਾਸ ਕਾਰਜਾਂ ਦੀ ਅਣਹੋਂਦ ਹੋਣਾ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਮੇਅਰ ਵਜੋਂ ਕੁਲਵੰਤ ਸਿੰਘ ਨੇ ਸਿਰਫ਼ ਆਪਣੇ ਪ੍ਰਾਜੈਕਟਾਂ ਦਾ ਅਤੇ ਆਪਣਾ ਨਿੱਜੀ ਵਿਕਾਸ ਕੀਤਾ ਜਦੋਂ ਕਿ ਸ਼ਹਿਰ ਵਿਕਾਸ ਪੱਖੋਂ ਪਛੜ ਗਿਆ ਤੇ ਲੋਕਾਂ ਨੇ ਨਗਰ ਨਿਗਮ ਚੋਣਾਂ ਵਿੱਚ ਕੁਲਵੰਤ ਸਿੰਘ ਨੂੰ ਨਕਾਰ ਦਿੱਤਾ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਸਲੀਅਤ ਇਹ ਹੈ ਕਿ ਪਹਿਲਾਂ ਉਨ੍ਹਾਂ ਨੇ ਅਕਾਲੀ ਦਲ ਨੂੰ ਧੋਖਾ ਦਿੱਤਾ ਤੇ ਆਜ਼ਾਦ ਗਰੁੱਪ ਬਣਾ ਕੇ ਕਾਂਗਰਸ ਦੇ ਸਮਰਥਨ ਨਾਲ ਮੇਅਰ ਬਣੇ ਤੇ ਫਿਰ ਕਾਂਗਰਸ ਨੂੰ ਧੋਖਾ ਦੇ ਕੇ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਵਾਰ ਫੇਰ ਉਨ੍ਹਾਂ ਨੇ ਅਕਾਲੀ ਦਲ ਨੂੰ ਧੋਖਾ ਦੇ ਕੇ ਆਜ਼ਾਦ ਗਰੁੱਪ ਬਣਾਇਆ। ਉਨ੍ਹਾਂ ਕਿਹਾ ਕਿ ਧੋਖਾ ਦੇਣਾ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਫਿਤਰਤ ਬਣ ਚੁੱਕਿਆ ਹੈ ਅਤੇ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਫਿਰਾਕ ਵਿੱਚ ਹਨ ਪਰ ਉੱਥੋਂ ਵੀ ਭਾਜਪਾ ਵਿੱਚ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਸਾਬਕਾ ਮੇਅਰ ਦੀ ਮੌਕਾਪ੍ਰਸਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਲੋਕ ਉਨ੍ਹਾਂ ਦੀ ਅਸਲੀਅਤ ਤੋਂ ਵਾਕਫ਼ ਹੋ ਚੁੱਕੇ ਸਨ ਅਤੇ ਇਸ ਵਾਰ ਲੋਕਾਂ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਨੂੰ ਨਕਾਰ ਕੇ ਹਰਾ ਦਿੱਤਾ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀਆਂ ਲੂੰਬੜ ਚਾਲਾਂ ਵਿਚ ਫਸਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਮੁਹਾਲੀ ਦੇ ਲੋਕ ਸਿੱਧੂਆਂ ਦੇ ਨਾਲ ਹਨ ਅਤੇ ਬਲਬੀਰ ਸਿੱਧੂ ਦੀ ਇਸ ਵਾਰ ਪਹਿਲਾਂ ਨਾਲੋਂ ਵੀ ਵੱਡੇ ਫਰਕ ਨਾਲ ਜਿੱਤ ਤੈਅ ਹੈ ਅਤੇ ਬਲਬੀਰ ਸਿੱਧੂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿੱਤ ਦਾ ਨਵਾਂ ਰਿਕਾਰਡ ਕਾਇਮ ਕਰਨਗੇ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…