
ਘੱਟ ਗਿਣਤੀ ਕਮਿਸ਼ਨ ਦਾ ਸਾਬਕਾ ਮੈਂਬਰ ਤੇ ਪੀਏ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਦੌਰਾਨ ਅੱਜ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਲਾਲ ਹੁਸੈਨ ਅਤੇ ਉਸ ਦੇ ਨਿੱਜੀ ਸਹਾਇਕ ਮੁਹੱਬਤ ਮਿਹਰਬਾਨ ਨੂੰ 10,49,500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਫਰਵਰੀ 2020 ਤੋਂ ਫਰਵਰੀ 2023 ਤੱਕ ਲਾਲ ਹੁਸੈਨ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਰਹੇ ਹਨ। ਇਸ ਸਬੰਧੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਆਨਲਾਈਨ ਸ਼ਿਕਾਇਤ ਪ੍ਰਾਪਤ ਹੋਈ ਸੀ।
ਵਿਜੀਲੈਂਸ ਅਨੁਸਾਰ ਉਕਤ ਵਿਅਕਤੀਆਂ ਦੇ ਖ਼ਿਲਾਫ਼ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਮੁੱਢਲੀ ਪੜਤਾਲ ਵਿੱਚ ਰਿਸ਼ਵਤ ਦੀ ਰਕਮ ਦੀ ਮੰਗ ਕਰਨ ਅਤੇ ਵਸੂਲੀ ਕਰਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਥਾਣਾ ਉਡਣ ਦਸਤਾ-1 ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹੋਰ ਵੇਰਵੇ ਦਿੰਦੇ ਹੋਏ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਦੀਪ ਕੁਮਾਰ ਵਾਸੀ ਪਿੰਡ ਚਾਨਨ ਵਾਲਾ (ਜ਼ਿਲ੍ਹਾ ਫਾਜ਼ਿਲਕਾ) ਨੇ ਦੋਸ਼ ਲਾਇਆ ਹੈ ਕਿ ਉਪਰੋਕਤ ਦੋਵੇਂ ਮੁਲਜ਼ਮਾਂ ਨੇ ਉਸ ਦੇ ਭਰਾ, ਭੈਣ, ਸਾਲੇ ਅਤੇ ਦੋਸਤ ਨੂੰ ਵਕਫ਼ ਬੋਰਡ ਵਿੱਚ ਜਾਂ ਡੀਜੀਪੀ ਪੰਜਾਬ ਦੇ ਸਿੱਧੇ ਕੋਟੇ ਤਹਿਤ ਸਿਪਾਹੀ ਵਜੋਂ ਨੌਕਰੀ ਦਿਵਾਉਣ ਬਦਲੇ ਪ੍ਰਤੀ ਵਿਅਕਤੀ 7 ਲੱਖ ਰੁਪਏ ਰਿਸ਼ਵਤ ਦੇਣ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੁਲਜ਼ਮ ਉਸ ਕੋਲੋਂ ਪਹਿਲਾਂ ਹੀ ਤਿੰਨ ਕਿਸ਼ਤਾਂ ਵਿੱਚ 10,49,500 ਰੁਪਏ ਲੈ ਚੁੱਕੇ ਹਨ। ਸ਼ਿਕਾਇਤਕਰਤਾ ਨੇ ਇਸ ਸਬੰਧੀ ਮੁਲਜ਼ਮ ਮਿਹਰਬਾਨ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਸਬੂਤ ਵਜੋਂ ਸ਼ਿਕਾਇਤ ਦੇ ਨਾਲ ਮੁੱਖ ਮੰਤਰੀ ਨੂੰ ਆਨਲਾਈਨ ਅਤੇ ਵਿਜੀਲੈਂਸ ਬਿਊਰੋ ਨੂੰ ਭੇਜ ਦਿੱਤਾ ਸੀ। ਵਿਜੀਲੈਂਸ ਅਨੁਸਾਰ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਹਰੀ ਹੈ ਅਤੇ ਜਾਂਚ ਦੌਰਾਨ ਜੇਕਰ ਕਿਸੇ ਹੋਰ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਵੀ ਬਖ਼ਸ਼ਿਆਂ ਨਹੀਂ ਜਾਵੇਗਾ।