ਪੰਜਾਬ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਸਾਬਕਾ ਫੌਜੀ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ, ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਇੱਕ ਵਿਅਕਤੀ ਗੁਰਦੀਪ ਸਿੰਘ ਉਰਫ਼ ਰਾਜਾ ਉਰਫ਼ ਫੌਜੀ ਵਾਸੀ ਪਿੰਡ ਰਾਮਗੜ੍ਹ (ਜ਼ਿਲ੍ਹਾ ਲੁਧਿਆਣਾ) ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸਪੈਸ਼ਲ ਸੈੱਲ ਦੇ ਇੰਚਾਰਜ ਤੇ ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਸੈੱਲ ਦੇ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਦੀਪ ਸਿੰਘ ਫੌਜੀ ਲੁੱਕ ਛਿਪ ਕੇ ਅਤੇ ਆਪਣੀ ਅਸਲ ਪਛਾਣ ਬਦਲ ਕੇ ਰਹਿ ਰਿਹਾ ਹੈ। ਜਿਸ ਕੋਲ ਨਾਜਾਇਜ਼ ਅਸਲਾ ਵੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਸਾਲ 2002 ਵਿੱਚ ਉਹ ਫੌਜ ਵਿੱਚ ਭਰਤੀ ਹੋਇਆ ਸੀ ਅਤੇ 2 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ। ਮੁਲਜ਼ਮ ਫੌਜ ਵਿੱਚ ਟਰੇਡ ਪੇਂਟਰ ਸੀ ਅਤੇ ਗੁਜ਼ਾਰਾ ਕਰਨ ਲਈ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਲੱੁਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ।
ਏਆਈਜੀ ਨੇ ਦੱਸਿਆ ਕਿ ਸਾਲ 2005-06 ਦੌਰਾਨ ਮੁਲਜ਼ਮ ਨੇ ਇੱਕ ਟੀਨੂੰ ਨਾਂਅ ਦੇ ਵਿਅਕਤੀ ਨਾਲ ਕੇ ਲੁਧਿਆਣਾ ਤੋਂ ਜੈਪੁਰ (ਰਾਜਸਥਾਨ) ਜਾਣ ਲਈ ਇੱਕ ਸਕਾਰਪੀੳ ਗੱਡੀ ਨੰਬਰੀ ਪੀ.ਬੀ 10 ਬੀਐਸ-2751 ਕਿਰਾਏ ’ਤੇ ਬੁੱਕ ਕੀਤੀ ਸੀ। ਮੁਲਜ਼ਮ ਤੇ ਉਸ ਦਾ ਇੱਕ ਹੋਰ ਸਾਥੀ ਲੁਧਿਆਣੇ ਤੋਂ ਚਲ ਪਏ ਅਤੇ ਇਨ੍ਹਾਂ ਵੱਲੋਂ ਗੱਡੀ ਖੋਹਣ ਦੇ ਮੰਤਵ ਨਾਲ ਪਹਿਲਵਾਨ ਢਾਬਾ ਜਗਰਾਓ ਵਿੱਚ ਰੋਟੀ ਖਾਧੀ ਅਤੇ ਸ਼ਰਾਬ ਪੀਤੀ ਅਤੇ ਕਾਰ ਚਾਲਕ ਨੂੰ ਵੀ ਸ਼ਰਾਬ ਪਲਾਈ ਗਈ। ਜਦੋਂ ਉਹ ਸਿਧਵਾਂ ਬੇਟ ਸੜਕ ’ਤੇ ਜਾ ਰਹੇ ਸੀ ਤਾਂ ਮੁਲਜ਼ਮਾਂ ਨੇ ਚਾਲਕ ਦੇ ਗਲੇ ਵਿੱਚ ਬੈਗ ਵਾਲੀ ਰੱਸੀ ਪਾ ਕੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਜਦੋਂ ਉਸ ਦੀ ਮੌਤ ਹੋ ਗਈ ਤਾਂ ਮੁਲਜ਼ਮਾਂ ਨੇ ਕਾਰ ਚਾਲਕ ਦੀ ਲਾਸ਼ ਨੂੰ ਸਿਧਵਾਂ ਬੇਟ ਨਹਿਰ ਵਿੱਚ ਸੁੱਟ ਦਿੱਤਾ ਅਤੇ ਸਕਾਰਪਿਊ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬੀਕਾਨੇਰ ਜਾ ਕੇ ਕਾਰ ਮੋਡੀਫ਼ਾਈ ਕਰਵਾਈ ਅਤੇ ਉੱਥੇ 3-4 ਦਿਨਾਂ ਬਾਅਦ ਉਹ ਵਾਪਸ ਅਹਿਮਦਗੜ੍ਹ ਆ ਗਏ। ਜਿੱਥੇ ਪੁਲੀਸ ਨੇ ਸਾਬਕਾ ਫੌਜੀ ਦੇ ਦੋਸਤ ਟੀਨੂੰ ਨੂੰ ਫੜ ਲਿਆ ਜਦੋਂ ਕਿ ਰਾਜਾ ਫੌਜੀ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਹ ਪੁਲੀਸ ਦੇ ਹੱਥ ਨਹੀਂ ਲੱਗਾ। ਮੁਲਜ਼ਮਾਂ ਦੇ ਖ਼ਿਲਾਫ਼ ਡੇਹਲੋ ਥਾਣੇ ਵਿੱਚ ਕਤਲ ਦਾ ਕੇਸ ਦਰਜ ਹੈ। ਇਸ ਮਾਮਲੇ ਵਿੱਚ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੁਲੀਸ ਅਨੁਸਾਰ ਮੁਲਜ਼ਮ ਨੂੰ ਸ਼ਰਾਬ ਦੇ ਤਸਕਰਾਂ ਨਾਲ ਰਲ ਗਿਆ। ਮੁਲਜ਼ਮ ਦੇ ਖ਼ਿਲਾਫ਼ ਕਰ ਤੇ ਅਬਕਾਰੀ ਐਕਟ ਦੇ ਤਹਿਤ ਵੀ ਕੇਸ ਦਰਜ ਹੈ।
ਪੁਲੀਸ ਅਨੁਸਾਰ ਮੁਲਜ਼ਮ ਨੇ ਆਪਣੇ ਮਿੱਤਰਚਾਰੇ ਨਾਲ ਮਿਲ ਕੇ ਅਹਿਮਦਗੜ੍ਹ ਭਾਰਤ ਫੀਡ ਦੀ ਕੈਸ ਲੁੱਟਣ ਦੀ ਯੋਜਨਾ ਬਣਾਈ ਸੀ ਪ੍ਰੰਤੂ ਪੁਲੀਸ ਦੀ ਸਖ਼ਤੀ ਅਤੇ ਡਰਦੇ ਮਾਰੇ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ। ਇਸ ਤੋਂ ਬਾਅਦ ਮੁਲਜ਼ਮ ਨੇ ਪਿੰਡ ਜਗੇੜੇ ਨੇੜਿਓਂ ਲੰਘਦੀ ਨਹਿਰੀ ਪੁਲ ਕੋਲ ਰਾਹਗੀਰ ਸਕੂਟਰ ਸਵਾਰ ਨੂੰ ਸੱਟਾ ਮਾਰ ਕੇ ਉਸ ਕੋਲੋਂ ਨਕਦੀ ਖੋਹ ਲਈ। ਇਸ ਮਗਰੋਂ ਆਪਣੇ ਸਾਥੀਆਂ ਨਾਲ ਮਿਲਕੇ ਪਿੰਡ ਕੜਾਨੀ ਦੇ ਨੇੜੇ ਲੱਗੇ ਟਿਊਬਵੈਲਾਂ ਦੀਆਂ ਮੋਟਰਾਂ ਚੋਰੀ ਕਰਕੇ ਵੇਚ ਦਿੱਤੀਆਂ। ਇਸ ਤੋਂ ਬਾਅਦ ਮੁਲਜ਼ਮ ਦਾ ਹੌਸਲਾ ਵਧ ਗਿਆ ਅਤੇ ਉਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਲੁਧਿਆਣੇ ਤੋਂ ਆਉਂਦੇ ਹੋਏ ਰਾੜਾ ਸਾਹਿਬ ਕੋਲ ਪੈਦਲ ਜਾ ਰਹੇ ਵਿਅਕਤੀ ਕੋਲੋਂ ਸੋਨੇ ਦੇ ਗਹਿਣੇ, ਅੰਗੂਠੀ ਅਤੇ ਤਨਖ਼ਾਹ ਦੇ 5500 ਰੁਪਏ ਨਗਦੀ ਅਤੇ ਮੋਬਾਈਲ ਫੋਨ ਖੋਹ ਲਿਆ ਪ੍ਰੰਤੂ ਲੁੱਟ ਦੇ ਸਮਾਨ ਤੇ ਪੈਸਿਆਂ ਦੀ ਵੰਡ ਨੂੰ ਲੈ ਕੇ ਮੁਲਜ਼ਮ ਦਾ ਆਪਣੇ ਦੋਸਤਾਂ ਨਾਲ ਰੱਫੜ ਪੈਣ ਕਾਰਨ ਉਹ ਦੋ ਫਾੜ ਹੋ ਗਏ। ਏਆਈਜੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…