ਚੋਣ ਜ਼ਾਬਤਾ ਲੱਗਦੇ ਹੀ ਅਕਾਲੀ ਵਿਧਾਇਕ, ਸਾਬਕਾ ਮੰਤਰੀ ਦਾ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ

1984 ਸਿੱਖ ਕਤਲੇਆਮ ਐਕਸ਼ਨ ਕਮੇਟੀ, 300 ਆਪ ਵਰਕਰ, ਕ੍ਰਿਸ਼ਚਿਅਨ, ਪੁਲੀਸ ਤੇ ਹੋਰ ਸੰਗਠਨਾਂ ਦੇ ਮੈਂਬਰ ਵੀ ਕਾਂਗਰਸ ਵਿੱਚ ਹੋਏ ਸ਼ਾਮਲ

ਅਕਾਲੀ ਵਿਧਾਇਕ ਘੁਰਿਆਣਾ ਨੇ ਕਿਹਾ ਬਾਦਲਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਕੈਪਟਨ ਲੀਹ ’ਤੇ ਲਿਆ ਸਕਦੇ ਨੇ ਮੁੜ ਵਿਕਾਸ ਦੀ ਪੱਟੜੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਹੋਰ ਮਜ਼ਬੂਤੀ ਦਿੰਦਿਆਂ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਸਿਰਫ ਦੋ ਦਿਨਾਂ ਬਾਅਦ ਹੀ ਇੱਕ ਮੌਜੂਦਾ ਵਿਧਾਇਕ, ਸਾਬਕਾ ਅਕਾਲੀ ਸੰਸਦ ਮੈਂਬਰ ਦਾ ਪਰਿਵਾਰ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਦੌਰਾਨ 300 ਤੋਂ ਵੱਧ ਆਪ ਦੇ ਵਾਲੰਟੀਅਰ, ਕ੍ਰਿਸ਼ਚੀਅਨ, ਪੁਲੀਸ ਤੇ ਹੋਰ ਸੰਗਠਨਾਂ ਸਮੇਤ 1984 ਸਿੱਖ ਕਤਲੇਆਮ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਵੀ ਕਾਂਗਰਸ ਨਾਲ ਹੱਥ ਮਿਲਾਇਆ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੱਲੂਆਣਾ (ਰਾਖਵੀਂ) ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਗੁਰਤੇਜ ਸਿੰਘ ਘੁਰਿਆਨਾ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਅਕਾਲੀ ਦਲ, ਆਮ ਆਦਮੀ ਪਾਰਟੀ ਨੂੰ ਛੱਡਣ ਵਾਲੇ ਆਗੂਆਂ ਅਤੇ ਵਰਕਰਾਂ ਸਮੇਤ ਹੋਰ ਵੱਖ-ਵੱਖ ਸੰਗਠਨਾਂ ਦੇ ਮੈਂਬਰਾਂ ਦਾ ਪਾਰਟੀ ਨਾਲ ਜੁੜਨ ’ਤੇ ਸਨਮਾਨਿਤ ਕੀਤਾ। ਇਸ ਮੌਕੇ ਅਕਾਲੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਬਿਨਾਂ ਸ਼ਰਤ ਪੰਜਾਬ ਦੇ ਵਿਕਾਸ ਲਈ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸੂਬੇ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਅਤੇ ਸਿਰਫ ਕੈਪਟਨ ਹੀ ਹੁਣ ਪੰਜਾਬ ਦੀ ਡੁੱਬਦੀ ਬੇੜੀ ਨੂੰ ਬਚਾ ਕੇ ਮੁੜ ਵਿਕਾਸ ਦੀ ਪੱਟੜੀ ’ਤੇ ਲਿਆ ਸਕਦੇ ਹਨ।
ਇਸ ਤੋਂ ਪਹਿਲਾਂ, ਪੰਜਾਬ ਕਾਂਗਰਸ ਪ੍ਰਧਾਨ ਨੇ ਸਾਬਕਾ ਅਕਾਲੀ ਮੰਤਰੀ ਸਵ. ਰਣਜੀਤ ਸਿੰਘ ਬਲਿਆਨ ਦੀ ਪਤਨੀ ਰਾਜਵੀਰ ਕੌਰ ਤੇ ਬੇਟੇ ਗੁਰਜੋਤ ਸਿੰਘ ਦਾ ਪਾਰਟੀ ’ਚ ਸਵਾਗਤ ਕੀਤਾ। ਇਸ ਦੌਰਾਨ ਕਾਂਗਰਸੀ ਆਗੂ ਤੇ ਸਾਬਕਾ ਸੰਸਦ ਮੈਂਬਰ ਵਿਜੈ ਇੰਦਰ ਸਿੰਗਲਾ ਦੀ ਪਤਨੀ ਦੀਪਾ ਸਿੰਗਲਾ ਵੀ ਮੌਜ਼ੂਦ ਰਹੇ। ਇਸੇ ਤਰ੍ਹਾਂ 1984 ਸਿੱਖ ਕਤਲੇਆਮ ਐਕਸ਼ਨ ਕਮੇਟੀ ਨੇ ਕਾਂਗਰਸ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ। ਕਮੇਟੀ ਦਾ ਇਕ ਵਫ਼ਦ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੰਤੋਖ ਸਿੰਘ ਅਤੇ ਪਟਿਆਲਾ ਤੋਂ ਕੰਵਲਜੀਤ ਸਹਿਗਲ ਨਾਲ ਕੈਪਟਨ ਅਮਰਿੰਦਰ ਨੂੰ ਉਨ੍ਹਾਂ ਦੇ ਨਿਵਾਸ ’ਤੇ ਮਿਲਿਆ ਅਤੇ ਆਪਣਾ ਸਮਰਥਨ ਦਿੱਤਾ।
ਉਧਰ, ਗਿੱਦੜਬਾਹਾ ਤੋਂ ਆਪ ਦੇ ਕਰੀਬ 300 ਵਰਕਰਾਂ ਨੇ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਉਂਦੇ ਹੋਏ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋ ਗਏ। ਆਪ ਵਰਕਰਾਂ ਨੂੰ ਉਨ੍ਹਾਂ ਦੀ ਕੋਆਰਡੀਨੇਟਰ ਖੁਸ਼ਪ੍ਰੀਤ ਕੌਰ ਕੋਟਭਾਈ ਸਮੇਤ ਪਾਰਟੀ ਆਗੂ ਤੇ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਹੈ। ਵੀਰਪਾਲ ਕੌਰ ਸੁਖਾਨਾ (ਆਪ ਮਹਿਲਾ ਵਿੰਗ ਫਰੀਦਕੋਟ ਦੀ ਕੋਆਰਡੀਨੇਟਰ) ਅਤੇ ਡਾ. ਦੁਲਚਾ ਸਿੰਘ ਬਰਾੜ ਤੋਂ ਇਲਾਵ ਬੱਲੂਆਣਾ ਤੋਂ ਦਿਲਬਾਗ ਸਿੰਘ (ਆਪ) ਤੇ ਫਿਰੋਜ਼ਪੁਰ ਤੋਂ ਦਿਲਬਾਗ ਸਿੰਘ (ਆਪ) ਵੀ ਆਪਣੀਆਂ ਟੀਮਾਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਏ। ਜਲੰਧਰ ਦੇ ਮਹੇਸ਼ ਗੁਪਤਾ ਨੇ ਵੀ ਆਪਣੀ ਟੀਮ ਨਾਲ ਕਾਂਗਰਸ ਨੂੰ ਸਮਰਥਨ ਦੇਣ ਦੀ ਸਹੁੰ ਚੁੱਕੀ। ਇਸ ਮੌਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪੰਜਾਬ ਕ੍ਰਿਸ਼ਚਿਅਨ ਮੂਵਮੇਂਟ ਦੇ ਪ੍ਰਧਾਨ ਹਮੀਦ ਮਸੀਹ ਤੇ ਉਨ੍ਹਾਂ ਦੀ ਟੀਮ ਰਣਜੋਧ ਸਿੰਘ ਸਾਬਕਾ ਵਾਈਸ ਚੇਅਰਮੈਨ ਐਮ.ਸੀ ਮੁਕੇਰੀਆਂ ਤੇ ਜਨਰਲ ਸਕੱਤਰ ਅਕਾਲੀ ਦਲ ਹੁਸ਼ਿਆਰਪੁਰ ਵੀ ਸਨ।
ਇਸ ਦੌਰਾਨ ਅਜਿੰਦਰ ਸਿੰਘ (ਸਾਬਕਾ ਸੰਸਦ ਮੈਂਬਰ ਹਰਚਰਨ ਸਿੰਘ ਦੇ ਬੇਟੇ), ਐਡਵੋਕੇਟ ਸਤਨਾਮ ਪਾਲ ਕੰਬੋਜ (ਜਿਨ੍ਹਾਂ ਨੇ ਆਪ ਦੀ ਟਿਕਟ ’ਤੇ 2014 ਲੋਕ ਸਭਾ ਚੋਣ ਲੜੀ ਸੀ) ਛੇ ਹੋਰ ਮੈਂਬਰਾਂ ਨਾਲ, ਅਤੇ ਫਿਰੋਜ਼ਪੁਰ ਤੋਂ ਜਗਤਾਰ ਸਿੰਘ ਭੁੱਲਰ (ਸੀਨੀਅਰ ਮੀਤ ਪ੍ਰਧਾਨ ਡਿਪੋ ਹੋਲਡਰ ਯੂਨੀਅਨ) ਵੀ ਆਪਣੀ ਟੀਮ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪ੍ਰਦੇਸ਼ ਕਾਂਗਰਸ ਦੇ ਵਪਾਰ ਸੈੱਲ ਦੇ ਸਾਬਕਾ ਚੇਅਰਮੈਨ ਸੁਨੀਲ ਵਿਜ ਵੀ ਆਪਣੀ ਟੀਮ ਨਾਲ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਨੇ ਸ੍ਰੋਅਦ ਰਾਜਪੁਰ ਤੋਂ ਨਿਰਪਾਲ ਸਿੰਘ ਵੜਿੰਗ ਤੇ ਗੁਰਚਰਨ ਸਿੰਘ ਸੇਹਰਾ ਦਾ ਵੀ ਪਾਰਟੀ ’ਚ ਸਵਾਗਤ ਕੀਤਾ। ਸਾਡੀ ਸੋਚ ਪਾਰਟੀ ਦੇ ਪ੍ਰੇਮ ਗਰਗ (ਸੀਨੀਅਰ ਮੀਤ ਪ੍ਰਧਾਨ) ਤੇ ਪ੍ਰੋ. ਜੇ.ਪੀ ਸ਼ਰਮਾ (ਜਨਰਲ ਸਕੱਤਰ) ਨੇ ਕਾਂਗਰਸ ਨੂੰ ਬਗੈਰ ਸ਼ਰਤ ਆਪਣਾ ਸਮਰਥਨ ਦਿੱਤਾ। ਇਸੇ ਤਰ੍ਹਾਂ, ਚੀਫ ਪੈਟਰਨ ਕੰਵਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੇ ਸਾਰੇ 26 ਜ਼ਿਲ੍ਹਾ ਯੁਨਿਟ ਇੰਚਾਰਜ਼ਾਂ ਨਾਲ ਕਾਂਗਰਸ ਨੂੰ ਬਗੈਰ ਸ਼ਰਤ ਆਪਣਾ ਸਮਰਥਨ ਦਿੱਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…