ਸਾਬਕਾ ਮੰਤਰੀ ਜਗਮੋਹਨ ਕੰਗ ਤੇ ਕਾਂਗਰਸੀ ਆਗੂਆਂ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਅਪਰੈਲ:
ਨੈਸ਼ਨਲ ਹਾਈਵੇਅ 21 ’ਤੇ ਸਥਿਤ ਸਿਵਲ ਹਸਪਤਾਲ ਦੀ ਬਦਤਰ ਹਾਲਤ ਸਬੰਧੀ ਆਏ ਦਿਨ ਮੀਡੀਆ ਵੱਲੋਂ ਖ਼ਬਰਾਂ ਪ੍ਰਕਾਸ਼ਿਤ ਹੋਣ ਕਾਰਨ ਹਰਕਤ ਵਿੱਚ ਆਏ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਅਤੇ ਸ਼ਹਿਰੀ ਕਾਂਗਰਸੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਮੁਹਾਲੀ ਦੇ ਸਿਵਲ ਸਰਜਨ ਜੈ ਸਿੰਘ ਅਤੇ ਐਸਐਮਓ ਭੁਪਿੰਦਰ ਸਿੰਘ ਨਾਲ ਮੀਟਿੰਗ ਵੀ ਕੀਤੀ।
ਜ਼ਿਕਰਯੋਗ ਹੈ ਕਿ ਕਾਂਗਰਸ ਦੀ ਸਰਕਾਰ ਆਉਣ ਉਪਰੰਤ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਸਿਵਲ ਹਸਪਤਾਲ ਕੇਵਲ ਤੇ ਕੇਵਲ ਰੈਫਰ ਹਸਪਤਾਲ ਬਣਕੇ ਰਹਿ ਗਿਆ ਜਿਸ ਸਬੰਧੀ ਪਿਛਲੇ ਦਿਨੀ ਕਾਂਗਰਸੀ ਆਗੂ ਸ਼ਿਵ ਵਰਮਾ ਨੇ ਹਸਪਤਾਲ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਸੀ। ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਸ਼ਹਿਰੀ ਕਾਂਗਰਸ ਦੇ ਨੁਮਾਇੰਦਿਆਂ ਨੂੰ ਨਾਲ ਲੈਕੇ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਵਿਚ ਲੋਕਾਂ ਨੂੰ ਆਉਣ ਵਾਲੀਆਂ ਦਰਪੇਸ਼ ਸਮਸਿਆਵਾਂ ਬਾਰੇ ਬਰੀਕੀ ਨਾਲ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਜਗਮੋਹਨ ਸਿੰਘ ਕੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਅਣਦੇਖੀ ਕਾਰਨ ਸਰਕਾਰੀ ਹਸਪਤਾਲ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਖਸਤਾ ਹੋ ਗਈ ਸੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਅਤੇ ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਉਚਾ ਚੁੱਕਣ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ ਹੋ ਸਕੇ।
ਇਸ ਦੌਰਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਕੌਂਸਲਰ ਬਹਾਦਰ ਸਿੰਘ ਓ.ਕੇ, ਰਾਕੇਸ਼ ਕਾਲੀਆ ਸਕੱਤਰ ਪੰਜਾਬ ਕਾਂਗਰਸ, ਸ਼ਹਿਰੀ ਪ੍ਰਧਾਨ ਨੰਦੀਪਾਲ ਬਾਂਸਲ, ਹੈਪੀ ਧੀਮਾਨ, ਦਿਨੇਸ਼ ਗੌਤਮ, ਪ੍ਰਦੀਪ ਕੁਮਾਰ ਰੂੜਾ, ਲਖਮੀਰ ਸਿੰਘ ਆਦਿ ਨੇ ਸਿਵਲ ਸਰਜਨ ਜੈ ਸਿੰਘ ਤੋਂ ਮੰਗ ਕੀਤੀ ਕਿ ਹਸਪਤਾਲ ਵਿਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ ਅਤੇ ਖਾਸ ਤੌਰ ਤੇ ਅੌਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਦੀ ਤਾਇਨਾਤੀ ਤੁਰੰਤ ਕੀਤੀ ਜਾਵੇ ਤਾਂ ਜੋ ਗਰਭਵਤੀ ਅੌਰਤਾਂ ਨੂੰ ਇਲਾਜ਼ ਕਰਵਾਉਣ ਲਈ ਬਾਹਰਲੇ ਸ਼ਹਿਰਾਂ ਵਿਚ ਨਾ ਜਾਣਾ ਪਵੇ। ਇਸ ਦੌਰਾਨ ਇਕੱਤਰ ਕਾਂਗਰਸੀਆਂ ਨੇ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਸਿਵਲ ਸਰਜਨ ਅੱਗੇ ਰੱਖੀ ਜਿਸ ਤੇ ਸਿਵਲ ਸਰਜਨ ਜੈ ਸਿੰਘ ਨੇ ਦੱਸਿਆ ਕਿ ਹਸਪਤਾਲ ਨੂੰ ਤਹਿਸੀਲ ਪੱਧਰ ਤੇ ਅਪਗ੍ਰੇਡ ਕੀਤਾ ਜਾ ਸਕਦਾ ਹੈ ਅਗਰ ਕੁਰਾਲੀ ਦੇ ਹਸਪਤਾਲ ਨੂੰ ਅਪਗ੍ਰੇਡ ਕਰਵਾਉਣਾ ਹੈ ਤਾਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਹਸਪਤਾਲ ਨੂੰ ਅਪਗ੍ਰੇਡ ਕਰਵਾ ਸਕਦੇ ਹਨ ਜਿਸ ਤੇ ਕੰਗ ਨੇ ਤੁਰੰਤ ਸਿਵਲ ਸਰਜਨ ਜੈ ਸਿੰਘ ਨੂੰ ਅਪਰੂਵਲ ਤਿਆਰ ਕਰਨ ਦੀ ਹਦਾਇਤ ਕੀਤੀ ਤਾਂ ਜੋ ਉਹ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਹਸਪਤਾਲ ਨੂੰ ਅਪਗਰੇਡ ਕਰਵਾਉਣ ਦੀ ਮਨਜ਼ੂਰੀ ਲਿਆ ਸਕਣ। ਇਸ ਦੌਰਾਨ ਹਸਪਤਾਲ ਵਿਚਲੀਆਂ ਹੋਰਨਾਂ ਕਮੀਆਂ ਬਾਰੇ ਸ੍ਰੀ ਕੰਗ ਨੇ ਬਰੀਕੀ ਨਾਲ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…