
ਸਾਬਕਾ ਮੰਤਰੀ ਜਗਮੋਹਨ ਕੰਗ ਨੇ ਲਿਆ ਗੰਦੇ ਪਾਣੀ ਦੇ ਨਿਕਾਸੀ ਨਾਲੇ ਦਾ ਜਾਇਜ਼ਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਮਈ
ਸ਼ਹਿਰ ਦੇ ਮੋਰਿੰਡਾ ਰੋਡ ਤੇ ਵਾਰਡ ਨਾਬਰ 14 ਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦਾ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕੀਤਾ ਅਤੇ ਨਾਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੌਂਸਲਰ ਸ਼ਿਵ ਵਰਮਾ ਤੇ ਇਕੱਤਰ ਮੁਹੱਲਾ ਵਾਸੀਆਂ ਨੇ ਕੰਗ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਨਾਲੇ ਦੀ ਨਿਕਾਸੀ ਦੇ ਪ੍ਰਬੰਧ ਸਹੀ ਨਾ ਹੋਣ ਕਾਰਨ ਬਰਸਾਤ ਦੇ ਮੌਸਮ ਵਿਚ ਇਸ ਇਲਾਕੇ ਦੇ ਅਨੇਕਾਂ ਘਰਾਂ ਵਿਚ ਗੰਦਾ ਪਾਣੀ ਵੜ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕੱਤਰ ਲੋਕਾਂ ਨੇ ਦੱਸਿਆ ਕਿ ਮੀਂਹ ਉਪਰੰਤ ਕਈ ਕਈ ਘੰਟੇ ਘਰਾਂ ਅਤੇ ਗਲੀਆਂ ਵਿਚ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਦੀ ਜਾਣਕਾਰੀ ਉਹ ਕਈ ਵਾਰ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਦੇ ਚੁੱਕੇ ਹਨ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਇਹ ਸਮੱਸਿਆ ਜੀਉ ਦੀ ਤਿਉਂ ਬਣੀ ਹੋਈ ਹੈ। ਇਸ ਦੌਰਾਨ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ ਪਰ ਪਿਛਲੇ ਸਮੇਂ ਦੌਰਾਨ ਰਾਜਨੀਤਕ ਦਬਾਅ ਹੋਣ ਕਾਰਨ ਇਸਦਾ ਹੱਲ ਨਹੀਂ ਹੋ ਸਕਿਆ ਤੇ ਹੁਣ ਉਹ ਜਲਦ ਇਸ ਸਮੱਸਿਆ ਦਾ ਹੱਲ ਕਰ ਦੇਣਗੇ। ਇਸ ਦੌਰਾਨ ਜਗਮੋਹਨ ਸਿੰਘ ਕੰਗ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਸ਼ਾਹੀ ਨੂੰ ਤੁਰੰਤ ਉਕਤ ਸਮੱਸਿਆ ਦੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਬਲਕਾਰ ਸਿੰਘ ਭੰਗੂ ਚੇਅਰਮੈਨ ਕਿਸਾਨ ਖੇਤ ਮਜਦੂਰ ਸੈਲ ਜਿਲ੍ਹਾ ਮੁਹਾਲੀ, ਪੰਜਾਬ ਕਾਂਗਰਸ ਦੇ ਸਕੱਤਰ ਰਾਕੇਸ਼ ਕਾਲੀਆ, ਸ਼ਹਿਰੀ ਪ੍ਰਧਾਨ ਨੰਦੀਪਾਲ ਬਾਂਸਲ, ਯੂਥ ਆਗੂ ਰਮਾਕਾਂਤ ਕਾਲੀਆ, ਬਾਬਾ ਰਾਮ ਸਿੰਘ ਮਾਣਕਪੁਰ, ਸਾਬਕਾ ਪ੍ਰਧਾਨ ਲਖਮੀਰ ਸਿੰਘ, ਪਰਮਜੀਤ ਕੌਰ ਸ਼ਹਿਰੀ ਪ੍ਰਧਾਨ, ਜਗਦੀਪ ਕੌਰ, ਹੈਪੀ ਧੀਮਾਨ, ਬਲਵਿੰਦਰ ਧੀਮਾਨ, ਦਰਬਾਰਾ ਸਿੰਘ ਆਦਿ ਹਾਜ਼ਰ ਸਨ।