nabaz-e-punjab.com

ਗਊਸ਼ਾਲਾ ਵਿਵਾਦ: ਸਾਬਕਾ ਪੰਚ ਕੇਸਰ ਸਿੰਘ ਤੇ ਜਰਨੈਲ ਸਿੰਘ ਜ਼ਮਾਨਤ ’ਤੇ ਰਿਹਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਪਿੰਡ ਬਲੌਂਗੀ ਵਿਖੇ ਗਊਸ਼ਾਲਾ ਲਈ 10 ਏਕੜ ਤੋਂ ਵੱਧ ਸ਼ਾਮਲਾਤ ਜ਼ਮੀਨ ਲੀਜ਼ ’ਤੇ ਦੇਣ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਬੀਤੇ ਦਿਨੀਂ ਬਲੌਂਗੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਬਲੌਂਗੀ ਦੇ ਸਾਬਕਾ ਪੰਚ ਕੇਸਰ ਸਿੰਘ ਅਤੇ ਜਰਨੈਲ ਸਿੰਘ ਨੂੰ ਅੱਜ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਹਰਬੰਸ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਸਡੀਐਮ ਵੱਲੋਂ ਦੋਵਾਂ ਜਣਿਆਂ ਦੀ ਜ਼ਮਾਨਤ ਮਨਜ਼ੂਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਕੇਸਰ ਸਿੰਘ ਅਤੇ ਜਰਨੈਲ ਸਿੰਘ ’ਤੇ ਗਊਸ਼ਾਲਾ ਵਿੱਚ ਜਾ ਕੇ ਪ੍ਰਬੰਧਕਾਂ ਅਤੇ ਗਊਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨਾਲ ਝਗੜਾ ਕਰਨ ਦਾ ਦੋਸ਼ ਹੈ। ਜਦੋਂਕਿ ਇਨ੍ਹਾਂ ਦੋਵਾਂ ਨੇ ਗਊਸ਼ਾਲਾ ਪ੍ਰਬੰਧਕਾਂ ’ਤੇ ਰਸਤੇ ਵਿੱਚ ਘੇਰ ਕੇ ਗਊਸ਼ਾਲਾ ਵਿੱਚ ਲਿਜਾ ਕੇ ਉਨ੍ਹਾਂ ਨਾਲ ਝਗੜਾ ਅਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਸੀ। ਬੀਤੀ ਦੇਰ ਸ਼ਾਮ ਉਕਤ ਦੋਵਾਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਜਿਸ ਦੇ ਵਿਰੋਧ ਵਿੱਚ ਆਜ਼ਾਦ ਗਰੁੱਪ ਦੇ ਮੈਂਬਰਾਂ ਅਤੇ ਕੇਸਰ ਸਿੰਘ ਦੇ ਸਮਰਥਕਾਂ ਨੇ ਬਲੌਂਗੀ ਥਾਣੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਬਲੌਂਗੀ ਥਾਣਾ ਦੇ ਐਸਐਚਓ ਰਾਜਪਾਲ ਸਿੰਘ ਗਿੱਲ ਨੇ ਐਸਡੀਐਮ ਵੱਲੋਂ ਕੇਸਰ ਸਿੰਘ ਅਤੇ ਜਰਨੈਲ ਸਿੰਘ ਦੀ ਜ਼ਮਾਨਤ ਮਨਜ਼ੂਰ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਦੋਵਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਦੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋਣ ਬਾਰੇ ਪੁੱਛੇ ਜਾਣ ’ਤੇ ਥਾਣਾ ਮੁਖੀ ਨੇ ਕਿਹਾ ਕਿ ਝਗੜੇ ਤੋਂ ਬਾਅਦ ਕੇਸਰ ਸਿੰਘ ਅਤੇ ਉਸ ਦੇ ਸਾਥੀ ਦੇ ਖੂਨ ਅਤੇ ਪਿਸ਼ਾਬ ਦੀ ਜਾਂਚ ਲਈ ਸੈਂਪਲ ਲਏ ਗਏ ਸੀ ਪ੍ਰੰਤੂ ਹਾਲੇ ਤੱਕ ਪੁਲੀਸ ਨੂੰ ਜਾਂਚ ਰਿਪੋਰਟ ਨਹੀਂ ਮਿਲੀ ਹੈ। ਐਸਡੀਐਮ ਦਫ਼ਤਰ ਦੀ ਜਾਣਕਾਰੀ ਅਨੁਸਾਰ ਕੇਸਰ ਸਿੰਘ ਨੇ ਜ਼ਮਾਨਤ ਲਈ ਆਪਣੀ ਕਾਰ ਦੀ ਆਰਸੀ ਅਤੇ ਜਰਨੈਲ ਸਿੰਘ ਵੱਲੋਂ ਜ਼ਮੀਨ ਦੀ ਫਰਦ ਲਗਾਈ ਗਈ ਹੈ। ਇਸ ਤੋਂ ਇਲਾਵਾ ਦੋਵਾਂ ਦੀ ਤਰਫ਼ੋਂ 2-2 ਜ਼ਮਾਨਤੀ ਗਵਾਹ ਵੀ ਲਏ ਗਏ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …