
ਪੀਜੀਆਈ ਦੇ ਸਾਬਕਾ ਈਐਨਟੀ ਸਰਜਨ ਤੇ ਇੰਡਸ ਹਸਪਤਾਲ ਦੀ ਟੀਮ ਨੇ ਬਲੈਕ ਫੰਗਸ ਨੂੰ ਦਿੱਤੀ ਮਾਤ
ਸ਼ੁਰੂਆਤੀ ਲੱਛਣ ਆਉਂਦੇ ਹੀ ਈਐਨਟੀ ਸਰਜਨ ਦੇ ਸਲਾਹ ਲੈਣ ’ਤੇ ਦਿੱਤੀ ਜਾ ਸਕਦੀ ਹੈ ਮਿਉਕਰ ਮਾਇਕੋਸਿਸ ਨੂੰ ਮਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਪੀਜੀਆਈ ਦੇ ਸਾਬਕਾ ਈਐਨਟੀ ਸਰਜਨ ਅਤੇ ਇੰਡਸ ਹਸਪਤਾਲ ਦੀ ਮੈਡੀਕਲ ਟੀਮ ਦੇ ਸਾਂਝੇ ਉੱਦਮ ਨਾਲ ਬਲੈਕ ਫੰਗਸ (ਮਿਉਕਰ ਮਾਇਕੋਸਿਸ) ਨੂੰ ਮਾਤ ਦੇਣ ਵਿੱਚ ਸਫਲਤਾ ਹਾਸਲ ਕੀਤੀ ਹੈ। ਡਾਕਟਰਾਂ ਨੇ ਬਲੈਕ ਫੰਗਸ ਤੋਂ ਪੀੜਤ ਅੌਰਤ ਨੂੰ ਸਿਹਤਯਾਬ ਹੋਣ ਪਿੱਛੋਂ ਅੱਜ ਮੀਡੀਆ ਦੇ ਰੂਬਰੂ ਕੀਤਾ ਅਤੇ ਇਲਾਜ ਪ੍ਰਣਾਲੀ ਅਤੇ ਮੁੱਢਲੇ ਲੱਛਣਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅੱਜ ਇੱਥੇ ਇੰਡਸ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਸਤੀਸ਼ ਕੁਮਾਰ ਅਤੇ ਡਾ. ਈਸ਼ਾਨ ਨੇ ਦੱਸਿਆ ਕਿ ਮੁਕਤਸਰ ਦੀ ਰਹਿਣ ਵਾਲੀ ਸੁਖਪਿੰਦਰ ਜੀਤ ਕੌਰ ਤਿੰਨ ਹਫ਼ਤੇ ਪਹਿਲਾਂ ਤਾਲੂਏ ਵਿੱਚ ਵਿੱਚ ਕਾਲਾਪਨ, ਚਿਹਰੇ ਉੱਤੇ ਸੋਜਸ ਅਤੇ ਸੁੰਨ ਹੋਣ ਦੇ ਲੱਛਣਾਂ ਦੇ ਨਾਲ ਇੰਡਸ ਹਸਪਤਾਲ ਮੁਹਾਲੀ ਵਿੱਚ ਡਾਕਟਰੀ ਮੁਆਇਨੇ ਲਈ ਆਈ ਸੀ। ਮੱੁਢਲੀ ਜਾਂਚ ਤੋਂ ਬਾਅਦ ਮਰੀਜ਼ ਦੇ ਨੱਕ ਦੀ ਐਂਡੋਸਕੋਪੀ ਕੀਤੀ ਤਾਂ ਅੰਦਰ ਪੂਰਾ ਕਾਲਾਪਨ ਦਿਖਾਈ ਦਿੱਤਾ। ਇਸ ਮਗਰੋਂ ਉਸ ਦੇ ਨੱਕ ’ਚੋਂ ਇੱਕ ਮਾਸ ਦਾ ਛੋਟਾ ਟੁਕੜਾ ਲਿਆ ਅਤੇ ਐਮਆਰਆਈ ਕਰਵਾਈ ਗਈ। ਜਿਸ ਤੋਂ ਬਲੈਕ ਫੰਗਸ ਦੀ ਪਛਾਣ ਹੋਈ।
ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਚਿਹਰੇ ਦੀਆਂ ਅੱਧੀ ਹੱਡੀਆਂ, ਅੱਧਾ ਤਾਲੂਆ, ਅੱਖ ਸਮੇਤ ਦਿਮਾਗ ਦੇ ਆਸਪਾਸ ਦਾ ਹਿੱਸਾ ਬਲੈਕ ਫੰਗਸ ਦੀ ਪਕੜ ਵਿੱਚ ਆ ਚੁੱਕਾ ਸੀ। ਜਿਸ ਕਾਰਨ ਸਰਜਰੀ ਨਾਲ ਉਸ ਦੇ ਚਿਹਰੇ ਦੀਆਂ ਅੱਧੀਆਂ ਹੱਡੀਆਂ ਅਤੇ ਅੱਧਾ ਤਾਲ਼ੂਆਂ ਕੱਢਿਆ ਗਿਆ। ਅੱਜ ਮਰੀਜ਼ ਦੀ ਹਾਲਤ ਵਿੱਚ ਸੁਧਾਰ ਹੋਣ ’ਤੇ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ। ਉਂਜ ਕੁੱਝ ਮਹੀਨੇ ਉਸ ਨੂੰ ਲਗਾਤਾਰ ਆਪਣੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ। ਡਾਕਟਰਾਂ ਮੁਤਾਬਕ ਮਰੀਜ਼ ਦੇ ਬਿਲਕੁਲ ਠੀਕ ਹੋਣ ਤੋਂ ਬਾਅਦ ਮਰੀਜ਼ ਦੇ ਤਾਲ਼ੂਆਂ ਅਤੇ ਹੱਡੀਆਂ ਦੀ ਪਲਾਸਟਿਕ ਸਰਜਰੀ ਕੀਤੀ ਜਾਵੇਗੀ ਤਾਂ ਜੋ ਮਰੀਜ਼ ਮੁੜ ਪਹਿਲਾਂ ਵਾਂਗ ਜ਼ਿੰਦਗੀ ਜਿਊਣ ਦੇ ਕਾਬਲ ਹੋ ਸਕੇ। ਇੰਡਸ ਹਸਪਤਾਲ ਦੇ ਕਲੀਨੀਕਲ ਡਾਇਰੈਕਟਰ ਡਾ ਐਸਪੀਐਸ ਬੇਦੀ ਨੇ ਦੱਸਿਆ ਕਿ ਬਲੈਕ ਫੰਗਸ/ਮਿਉਕਰ ਮਾਇਕੋਸਿਸ ਦੇ ਇਲਾਜ ਅਤੇ ਲੱਛਣਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਈਐਨਟੀ, ਅੱਖਾਂ ਦੇ ਮਾਹਰ, ਮੈਡੀਸ਼ਨ, ਸਕਿਨ ਅਤੇ ਦੰਦਾਂ ਦੇ ਡਾਕਟਰਾਂ ਦੇ ਸਾਂਝੇ ਯਤਨਾਂ ਨਾਲ ਬਲੈਕ ਫੰਗਸ ਦਾ ਇਲਾਜ ਸੰਭਵ ਹੈ। ਇਸ ਮੌਕੇ ਡਾ. ਐਸਐਸ ਗਿੱਲ ਵੀ ਹਾਜ਼ਰ ਸਨ। ਹਾਲਾਂਕਿ ਮਰੀਜ਼ ਵੱਲੋਂ ਵੀ ਆਪਣੀ ਤਕਲੀਫ਼ ਅਤੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨੱਕ ’ਚੋਂ ਹਵਾ ਲੀਕ ਹੋਣ ਕਾਰਨ ਉਹ ਚੰਗੀ ਤਰ੍ਹਾਂ ਬੋਲ ਨਹੀਂ ਪਾ ਰਹੀ ਸੀ।