ਬਾਰ ਐਸੋਸੀਏਸ਼ਨ ਮੁਹਾਲੀ ਦੇ ਸਾਬਕਾ ਪ੍ਰਧਾਨ ਲੌਂਗੀਆਂ ਸਾਥੀ ਵਕੀਲਾਂ ਨਾਲ ‘ਆਪ’ ਵਿੱਚ ਸ਼ਾਮਲ

ਸੱਤ ਦਹਾਕਿਆਂ ਤੋਂ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਦੇ ਨਾਪਾਕ ਗੱਠਜੋੜ ਨੂੰ ਤੋੜਨ ਦਾ ਹੁਣ ਸੁਨਹਿਰੀ ਮੌਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਸੱਤ ਵਾਰ ਪ੍ਰਧਾਨ ਰਹਿ ਚੁੱਕੇ ਸੀਨੀਅਰ ਐਡਵੋਕੇਟ ਅਮਰਜੀਤ ਸਿੰਘ ਲੌਂਗੀਆਂ ਨੇ ਆਪਣੇ ਵਕੀਲ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਦਿੱਲੀ ਦੇ ਵਿਧਾਇਕ ਅਤੇ ਆਪ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਵਕੀਲਾਂ ਦਾ ਨਿੱਘਾ ਸਵਾਗਤ ਕਰਦਿਆਂ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ ਅਤੇ ਪੰਜਾਬ ਵਿੱਚ ਉੱਠੀ ਸੱਤਾ ਪਰਿਵਰਤਨ ਦੀ ਲੋਕ ਲਹਿਰ ਨੂੰ ਰੋਕਣ ਲਈ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਆਪਸ ਵਿੱਚ ਮਿਲ ਕੇ ਵਿਧਾਨ ਸਭਾ ਦੀਆਂ ਚੋਣਾ ਲੜ ਰਹੇ ਹਨ ਤਾਂ ਜੋ ਆਪ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਰੋਕਿਆ ਜਾਵੇ ਅਤੇ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਆਗੂ ਫਿਰ ਤੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਸਥਾਪਿਤ ਕਰਕੇ ਲੁੱਟ-ਖਸੁੱਟ ਜਾਰੀ ਰੱਖ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਿਛਲੇ ਸੱਤ ਦਹਾਕਿਆਂ ਤੋਂ ਵਾਰੀ ਬੰਨ੍ਹ ਕੇ ਪੰਜਾਬ ਨੂੰ ਲੁੱਟਣ ਵਾਲੀਆਂ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਇਸ ਨਾਪਾਕ ਗੱਠਜੋੜ ਨੂੰ ਤੋੜਨ ਦਾ ਲੋਕਾਂ ਕੋਲ ਹੁਣ ਬਹੁਤ ਸੁਨਹਿਰੀ ਮੌਕਾ ਹੈ, ਜੇ ਲੋਕ ਵੀ ਖੁੰਝ ਗਏ ਤਾਂ ਉਨ੍ਹਾਂ ਕੋਲ ਪਛਤਾਉਣ ਤੋਂ ਬਿਨਾਂ ਕੁੱਝ ਨਹੀਂ ਬਚੇਗਾ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਰੋਕਣ ਲਈ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਕਥਿਤ ਤੌਰ ’ਤੇ ਅੰਦਰੂਨੀ ਗੱਠਜੋੜ ਕਰ ਲਿਆ ਹੈ।
ਇਸ ਤੋਂ ਪਹਿਲਾਂ ਐਡਵੋਕੇਟ ਅਮਰਜੀਤ ਸਿੰਘ ਲੌਂਗੀਆਂ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਮੁਹਾਲੀ, ਖਰੜ ਅਤੇ ਡੇਰਾਬੱਸੀ ਹਲਕਿਆਂ ਵਿੱਚ ਆਪ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਮੁਹਾਲੀ ਜ਼ਿਲ੍ਹੇ ਦੇ ਸਮੂਹ ਵਕੀਲਾਂ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਆਪ ਦੇ ਹੱਕ ਵਿੱਚ ਫਤਵਾ ਦਿੱਤਾ ਜਾਵੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਵਰਮਾ, ਮਾਲਵਿੰਦਰ ਸਿੰਘ ਕੰਗ, ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ ਬਾਸੀ, ਜਰਨੈਲ ਸਿੰਘ, ਯਾਦਵਿੰਦਰ ਸਿੰਘ ਭੰਗੂ, ਅਜੈ ਸ਼ੰਕਰ, ਪਰਮਿੰਦਰ ਸਿੰਘ, ਰੋਹਿਤ ਕੁਮਾਰ, ਜਸਮੀਤ ਸਿੰਘ ਸਰਵਾਰਾ, ਰਣਜੋਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਿੱਧੂ, ਤੇਜਿੰਦਰ ਸਿੰਘ ਭੰਗੂ, ਰੋਹਿਤ ਗਰਗ, ਹਰਨੀਤ ਕੌਰ (ਸਾਰੇ ਵਕੀਲ) ਹਾਜ਼ਰ ਸਨ।

Load More Related Articles

Check Also

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਬਾਜਵਾ ਨੇ ਆਪਣੇ ਵਕ…