Nabaz-e-punjab.com

ਸਾਬਕਾ ਸਰਪੰਚ ਭੁੱਲਰ ਵੱਲੋਂ ਬੈੱਸਟ ਵਿਲੇਜ਼ ਐਵਾਰਡ ਤੇ ਗਲੈਟਰੀ ਐਵਾਰਡ ਵਾਪਸ ਮੋੜਨ ਦੀ ਧਮਕੀ

ਮੁਹਾਲੀ ਪ੍ਰਸ਼ਾਸਨ 22 ਸਾਲ ਬੀਤ ਜਾਣ ਦੇ ਬਾਵਜੂਦ ਚੱਪੜਚਿੜੀ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ’ਚ ਨਾਕਾਮ

ਪਿੰਡ ਵਿੱਚ ਧੜੇਬੰਦੀ ਸਿੱਖਰ ’ਤੇ ਪੁੱਜੀ, ਸੱਚ ਦਾ ਸਾਹਮਣਾ ਕਰਨ ਦੀ ਥਾਂ ਇਕ ਦੂਜੇ ਨੂੰ ਕੋਸ ਰਹੇ ਨੇ ਪਿੰਡ ਵਾਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਇੱਥੋਂ ਦੇ ਇਤਿਹਾਸਕ ਪਿੰਡ ਚੱਪੜਚਿੜੀ ਖੁਰਦ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ ਅਤੇ ਪਿੰਡ ਵਿੱਚ ਧੜੇਬੰਦੀ ਸਿੱਖਰ ’ਤੇ ਪਹੁੰਚ ਚੁੱਕੀ ਹੈ ਲੇਕਿਨ 22 ਸਾਲ ਬੀਤ ਜਾਣ ਦੇ ਬਾਵਜੂਦ ਮੁਹਾਲੀ ਪ੍ਰਸ਼ਾਸਨ ਸ਼ਾਮਲਾਤ ਜ਼ਮੀਨ ਅਤੇ ਗਰੀਨ ਬੈਲਟ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਨਹੀਂ ਕਰਵਾ ਸਕਿਆ। ਇਸ ਸਬੰਧੀ ਹੁਣ ਤੱਕ ਦੀਆਂ ਵੱਖ-ਵੱਖ ਗਰਾਮ ਪੰਚਾਇਤਾਂ ਵੱਲੋਂ ਸਮੇਂ ਸਮੇਂ ਸਿਰ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਪ੍ਰੰਤੂ ਸਥਿਤੀ ਜਿਊ ਦੀ ਤਿਊ ਬਰਕਰਾਰ ਹੈ। ਹੁਣ ਪਿੰਡ ਵਾਸੀਆਂ ਨੇ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਇਕ ਦੂਜੇ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਹੈ।
ਉਧਰ, ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਨੇ ਮੁਹਾਲੀ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਬੈਸਟ ਵਿਲੇਜ਼ ਐਵਾਰਡ ਅਤੇ ਸਾਰੇ ਗਲੈਟਰੀ ਐਵਾਰਡ ਸਰਕਾਰ ਨੂੰ ਵਾਪਸ ਮੋੜਨ ਦੀ ਧਮਕੀ ਦਿੱਤੀ ਹੈ। ਪੰਜਾਬ ਦੇ ਤਤਕਾਲੀ ਰਾਜਪਾਲ ਨੇ 12 ਮਈ 1988 ਨੂੰ ਜੋਰਾ ਸਿੰਘ ਭੁੱਲਰ ਨੂੰ ਬਤੌਰ ਸਰਪੰਚ ਬੈਸਟ ਵਿਲੇਜ ਐਵਾਰਡ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਉਨ੍ਹਾਂ ਦੇ ਪਿਤਾ ਸੂਬੇਦਾਰ ਅਰਜਨ ਸਿੰਘ ਨੂੰ 10 ਗਲੈਟਰੀ ਐਵਾਰਡਾਂ ਸਮੇਤ ਸਰਦਾਰ ਬਹਾਦਰ ਦਾ ਐਵਾਰਡ ਦੇ ਕੇ ਨਿਵਾਜਿਆ ਗਿਆ ਸੀ। ਹੁਣ ਉਨ੍ਹਾਂ ਨੇ ਦੁਖੀ ਹੋ ਕੇ ਇਹ ਸਾਰੇ ਐਵਾਰਡ ਵਾਪਸ ਕਰਨ ਦਾ ਮਨ ਬਣਾ ਲਿਆ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਚੱਪੜਚਿੜੀ ਖੁਰਦ 1950 ਵਿੱਚ ਵਸਾਇਆ ਗਿਆ ਸੀ ਅਤੇ ਉਸ ਸਮੇਂ ਦੀ ਸਰਕਾਰ ਨੇ ਗਲੈਟਰੀ ਐਵਾਰਡ ਪ੍ਰਾਪਤ ਸਾਬਕਾ ਫੌਜੀਆਂ ਨੂੰ ਜ਼ਮੀਨ ਅਲਾਟ ਕੀਤੀ ਗਈ। ਚੰਡੀਗੜ੍ਹ ਤੋਂ ਉਜੜ ਕੇ ਆਏ ਤੁਲਸਾ ਸਿੰਘ ਅਤੇ ਕਰਨੈਲ ਸਿੰਘ ਦੇ ਪਰਿਵਾਰਾਂ ਸਮੇਤ ਕੁਝ ਗਰੀਬ ਲੋਕਾਂ ਅਤੇ ਪਾਕਿਸਤਾਨ ਤੋਂ ਉਜੜ ਕੇ ਆਏ ਵਿਅਕਤੀਆਂ ਨੂੰ ਪਲਾਟ ਅਲਾਟ ਕੀਤੇ ਗਏ ਸੀ। ਬਾਅਦ ਵਿੱਚ ਕੁਝ ਲੋਕਾਂ ਨੇ ਲਾਲ ਲਕੀਰ ਦੇ ਅੰਦਰ ਪਿੰਡ ਦੀ 5-6 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਈ ਲੋਕਾਂ ਨੇ ਗਰੀਨ ਬੈਲਟ ਵੀ ਦੱਬ ਲਈ ਹੈ ਪ੍ਰੰਤੂ ਪ੍ਰਸ਼ਾਸਨ ਨੇ ਲੋਕਾਂ ਵਿੱਚ ਆਪਸੀ ਭੇੜ ਪੁਆਉਣ ਲਈ ਪੂਰੇ ਪਿੰਡ ਨੂੰ ਨਾਜਾਇਜ਼ ਕਾਬਜ਼ਕਾਰ ਦੱਸਣਾ ਸ਼ੁਰੂ ਕਰ ਦਿੱਤਾ ਹੈ।
ਇਸ ਸਬੰਧੀ ਮੁਹਾਲੀ ਦੇ ਐਸਡੀਐਮ ਨੇ 12 ਸਤੰਬਰ 2007 ਨੂੰ ਤਹਿਸੀਲਦਾਰ ਨੂੰ ਪੱਤਰ ਲਿਖ ਕੇ ਚੱਪੜਚਿੜੀ ਵਿੱਚ ਲਾਲ ਲਕੀਰ ਦੇ ਅੰਦਰ ਨਾਜਾਇਜ਼ ਕਬਜ਼ੇ ਹਟਾ ਕੇ ਰਿਪੋਰਟ ਦੇਣ ਲਈ ਆਖਿਆ ਸੀ। ਸਾਲ ਬਾਅਦ ਤਹਿਸੀਲਦਾਰ ਨੇ ਐਸਐਚਓ ਨੂੰ ਪੱਤਰ ਲਿਖ ਕੇ ਪੁਲੀਸ ਫੋਰਸ ਗਈ ਲੇਕਿਨ ਹੁਣ ਤੱਕ ਇਹ ਕਾਰਵਾਈ ਸਿਰ੍ਹੇ ਨਹੀਂ ਚੜੀ। ਜਦੋਂਕਿ ਸਾਰਾ ਪਿੰਡ ਉਨ੍ਹਾਂ ਦੇ ਪਿੱਛੇ ਪੈ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਕੱਲੇ ਸ਼ਿਕਾਇਤ ਕਰਤਾ ਨਹੀਂ ਹਨ ਸਗੋਂ ਉਸ ਤੋਂ ਬਾਅਦ ਬਣੇ ਸਰਪੰਚਾਂ ਨੇ ਵੀ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸ਼ਿਕਾਇਤਾਂ ਦਿੱਤੀਆਂ ਸਨ। ਉਨ੍ਹਾਂ ਗਰੀਨ ਬੈਲਟ ਲਈ ਛੱਡੀ ਥਾਂ ਬਾਰੇ ਸੜਕ ਗਲੀ ਵਿੱਚ ਲੱਗੀਆਂ ਸਰਕਾਰੀ ਬੁਰਜੀਆਂ ਵੀ ਦਿਖਾਈਆਂ। ਜਿੱਥੇ ਹੁਣ ਉਸਾਰੀਆਂ ਕੀਤੀਆਂ ਹੋਈਆਂ ਹਨ। ਇਕ ਬੁਰਜੀ ਤਾਂ ਇਕ ਮੋਹਤਬਰ ਵਿਅਕਤੀ ਦੇ ਘਰ ਦੀ ਕੰਧ ਵਿੱਚ ਆਈ ਹੋਈ ਹੈ।
(ਬਾਕਸ ਆਈਟਮ)
ਮੁਹਾਲੀ ਦੇ ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਤਹਿਤ ਚੱਪੜਚਿੜੀ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਦੀ ਨਿਗਰਾਨੀ ਹੇਠ ਡੀਡੀਪੀਓ ਡੀਕੇ ਸਾਲਦੀ ਅਤੇ ਬੀਡੀਪੀਓ ਰਣਜੀਤ ਸਿੰਘ ਬੈਂਸ ਵੱਲੋਂ ਸ਼ਮਲਾਤ ਅਤੇ ਗਰੀਨ ਬੈਲਟ ਦੀ ਮਿਨਤੀ ਕੀਤੀ ਜਾ ਰਹੀ ਹੈ। ਇਹ ਕੰਮ ਨੇਪਰੇ ਚੜ੍ਹਨ ਤੋਂ ਬਾਅਦ ਰਿਪੋਰਟ ਨੂੰ ਆਧਾਰ ਬਣਾ ਕੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਉੱਚ ਅਦਾਲਤਾਂ ਅਤੇ ਐਨਜੀਟੀ ਦੇ ਹੁਕਮਾਂ ਦੀ ਇੰਨਬਿੰਨ ਪਾਲਣਾ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…