ਸਾਬਕਾ ਸਰਪੰਚ ਦੇ ਪੁੱਤ ਟੈਕਸੀ ਚਾਲਕ ਦਾ ਕਤਲ, ਕਾਰ ਸਮੇਤ ਲਾਸ਼ ਭਾਖੜਾ ਨਹਿਰ ’ਚ ਸੁੱਟੀ

12 ਸਤੰਬਰ ਤੋਂ ਲਾਪਤਾ ਸੀ ਦਲਿਤ ਨੌਜਵਾਨ, ਪਿਤਾ ਦੇ ਬਿਆਨਾਂ ’ਤੇ ਕਤਲ ਦਾ ਪਰਚਾ ਦਰਜ

ਮੈਡੀਕਲ ਅਫ਼ਸਰ ਤੇ ਫੋਰੈਂਸਿਕ ਮਾਹਰ ’ਤੇ ਆਧਾਰਿਤ ਮੈਡੀਕਲ ਬੋਰਡ ਨੇ ਕੀਤਾ ਪੋਸਟਮਾਰਟਮ

ਮੁਹਾਲੀ ਪੁਲੀਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ

ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ:
ਮੁਹਾਲੀ ਨੇੜਲੇ ਪਿੰਡ ਕੰਡਾਲਾ ਦੀ ਸਾਬਕਾ ਸਰਪੰਚ ਬੀਬੀ ਗੁਰਮੀਤ ਕੌਰ ਅਤੇ ਸਿਆਸੀ ਆਗੂ ਸੁਰਿੰਦਰ ਸਿੰਘ ਦੇ ਜਵਾਨ ਪੁੱਤ ਸਤਵੀਰ ਸਿੰਘ (31) ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਨੌਜਵਾਨ ਦੀ ਲਾਸ਼ ਕਾਰ ਸਮੇਤ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ। ਦਲਿਤ ਵਰਗ ਨਾਲ ਸਬੰਧਤ ਸਤਵੀਰ ਸਿੰਘ ਬੀਤੀ 12 ਸਤੰਬਰ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਸੀ।
ਇਸ ਸਬੰਧੀ ਪਹਿਲਾਂ ਨੌਜਵਾਨ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਐਰੋਸਿਟੀ ਥਾਣਾ ਮੁਹਾਲੀ ਵਿੱਚ ਗੁੰਮਸ਼ੁਦਗੀ ਰਿਪੋਰਟ (ਡੀਡੀਆਰ) ਦਰਜ ਕੀਤੀ ਗਈ ਸੀ ਅਤੇ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਕਤਲ ਦਾ ਪਰਚਾ ਦਰਜ ਕੀਤਾ ਗਿਆ। ਪੁਲੀਸ ਨੇ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਆਰੰਭ ਕਰ ਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਉਂਜ ਪੁਲੀਸ ਨੇ ਪੁੱਛਗਿੱਛ ਲਈ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮ੍ਰਿਤਕ ਨੌਜਵਾਨ ਦੇ ਮੋਬਾਈਲ ਫੋਨ ਦੀ ਟਾਵਰ ਲੋਕੇਸ਼ਨ ਬੈਸਟੈੱਕ ਮਾਲ ਸੈਕਟਰ-65, ਮੁਹਾਲੀ ਦੇ ਨੇੜੇ ਤੇੜੇ ਦੀ ਆ ਰਹੀ ਹੈ। ਇਸ ਤੋਂ ਬਾਅਦ ਸਤਵੀਰ ਦਾ ਫੋਨ ਬੰਦ ਹੋ ਗਿਆ ਜਾਂ ਕਰ ਦਿੱਤਾ ਗਿਆ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਅਤੇ ਐਰੋਸਿਟੀ ਥਾਣਾ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਦੱਸਿਆ ਕਿ ਤਿੰਨ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਵੱਖ-ਵੱਖ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਸਐਮਓ ਡਾ. ਐਚਐਸ ਚੀਮਾ ਨੇ ਦੱਸਿਆ ਕਿ ਕਿਉਂ ਜੋ ਇਹ ਨੌਜਵਾਨ ਦੇ ਕਤਲ ਦਾ ਗੰਭੀਰ ਮਾਮਲਾ ਹੈ, ਇਸ ਲਈ ਮੈਡੀਕਲ ਅਫ਼ਸਰ ਪਰਮਿੰਦਰ ਸਿੰਘ ਸੰਧੂ ਅਤੇ ਏਮਜ ਹਸਪਤਾਲ ਦੇ ਫੋਰੈਂਸਿਕ ਮਾਹਰ ਸੀਨੀਅਰ ਰੈਜ਼ੀਡੈਂਟ ਡਾ. ਨੇਹਾ ਸ਼ਰਮਾ ’ਤੇ ਆਧਾਰਿਤ ਮੈਡੀਕਲ ਬੋਰਡ ਤੋਂ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ। ਨਹਿਰੀ ਪਾਣੀ ਵਿੱਚ ਰਹਿਣ ਕਾਰਨ ਲਾਸ਼ ਕਾਫ਼ੀ ਖ਼ਰਾਬ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਭਲਕੇ ਸੋਮਵਾਰ ਨੂੰ ਪੂਰੀ ਰਿਪੋਰਟ ਤਿਆਰ ਕਰਕੇ ਪੁਲੀਸ ਨੂੰ ਦਿੱਤੀ ਜਾਵੇਗੀ। ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਬਾਅਦ ਦੁਪਹਿਰ ਪਿੰਡ ਕੰਡਾਲਾ ਦੇ ਸ਼ਮਸ਼ਾਨਘਾਟ ਵਿੱਚ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪਿਛਲੇ 15 ਦਿਨਾਂ ਵਿੱਚ ਇਹ ਤੀਜਾ ਕਤਲ ਹੈ। ਇਸ ਤੋਂ ਪਹਿਲਾਂ ਮੁੱਲਾਂਪੁਰ ਗਰੀਬਦਾਸ ਨੇੜੇ ਅਤੇ ਦੂਜਾ ਸੈਕਟਰ-52 ਅਤੇ ਹੁਣ ਇਹ ਤੀਜਾ ਕਤਲ ਹੈ। ਇਹ ਤਿੰਨੇ ਕਤਲ ਟੈਕਸੀ ਚਾਲਕਾਂ ਦੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਨਹਿਰ ਚੋਂ ਕਾਰ ਬਾਹਰ ਕੱਢੀ ਗਈ ਤਾਂ ਸਤਵੀਰ ਸਿੰਘ ਪਿਛਲੀ ਸੀਟ ਤੇ ਸੀ ਅਤੇ ਉਸ ਦੇ ਹੱਥ ਅਤੇ ਪੈਰ ਰੱਸੀ ਨਾਲ ਬੰਨ੍ਹੇ ਹੋਏ ਸੀ ਅਤੇ ਸਰੀਰ ਉੱਤੇ ਚਾਕੂ ਨਾਲ ਹਮਲਾ ਕੀਤੇ ਹੋਣ ਦੇ ਨਿਸ਼ਾਨ ਸਨ। ਉਨ੍ਹਾਂ ਮੰਗ ਕੀਤੀ ਕਿ ਨੌਜਵਾਨ ਦੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਾਤਲਾਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਥਾਣੇ ਦਾ ਘਿਰਾਓ ਕੀਤਾ ਜਾਵੇਗਾ।
ਉਧਰ, ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਸੂਬੇ ਦੇ ਲੋਕ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਪੰਜਾਬ ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਮਾਂ ਦਾ ਪੁੱਤ ਸਵੇਰੇ ਕੰਮ ’ਤੇ ਜਾਂਦਾ ਹੈ ਤਾਂ ਜਦੋਂ ਤੱਕ ਉਹ ਸ਼ਾਮ ਨੂੰ ਵਾਪਸ ਘਰ ਨਹੀਂ ਪਰਤਦਾ ਤਾਂ ਪਰਿਵਾਰ ਨੂੰ ਚਿੰਤਾ ਲੱਗੀ ਰਹਿੰਦੀ ਹੈ। ਇਸੇ ਤਰ੍ਹਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਟੈਕਸੀ ਚਾਲਕ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ।

Load More Related Articles

Check Also

ਮਾਨਸਿਕ ਤੌਰ ’ਤੇ ਤਣਾਅ ਮੁਕਤ ਰਹਿਣ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ: ਐਸਡੀਐਮ

ਮਾਨਸਿਕ ਤੌਰ ’ਤੇ ਤਣਾਅ ਮੁਕਤ ਰਹਿਣ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ: ਐਸਡੀਐਮ ਟਰੇਨਰ ਸ਼ਿਵਨੇਤਰ ਸਿੰਘ ਵੱਲੋਂ ਮ…