nabaz-e-punjab.com

ਸੈਕਟਰ-17 ਥਾਣੇ ਦੇ ਸਾਬਕਾ ਐਸਐਚਓ ਵੱਲੋਂ ਗ੍ਰਿਫ਼ਤਾਰੀ ਵਾਰੰਟ ਵਾਪਸ ਲੈਣ ਦੀ ਅਪੀਲ

ਵਿਦੇਸ਼ ਵਿੱਚ ਬੈਠੇ ਤਤਕਾਲੀ ਥਾਣਾ ਮੁਖੀ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਦਾਇਰ ਕੀਤੀ ਅਰਜ਼ੀ

ਅਦਾਲਤ ਨੇ ਪੰਜਾਬ ਸਰਕਾਰ ਨੂੰ 9 ਨਵੰਬਰ ਤੱਕ ਆਪਣਾ ਜਵਾਬ ਦਾਖ਼ਲ ਲਈ ਕਿਹਾ

ਐਸ.ਏ.ਐਸ. ਨਗਰ (ਮੁਹਾਲੀ), 3 ਨਵੰਬਰ:
ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਦੇ ਸੈਕਟਰ-17 ਥਾਣਾ ਦੇ ਤਤਕਾਲੀ ਐਸਐਚਓ ਕੇ.ਆਈ.ਪੀ. ਸਿੰਘ ਨੇ ਮੁਹਾਲੀ ਅਦਾਲਤ ਤੋਂ ਉਨ੍ਹਾਂ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਵਾਪਸ ਲੈਣ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ। ਬੀਤੀ 19 ਅਕਤੂਬਰ ਨੂੰ ਪੀੜਤ ਪਰਿਵਾਰ ਦੀ ਅਪੀਲ ’ਤੇ ਅਦਾਲਤ ਨੇ ਤਤਕਾਲੀ ਥਾਣਾ ਮੁਖੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਪੀੜਤ ਪਰਿਵਾਰ ਸ਼ੁਰੂ ਤੋਂ ਇਹ ਮੰਗ ਕਰਦਾ ਆ ਰਿਹਾ ਸੀ ਕਿ ਜਿਸ ਥਾਣੇ ਵਿੱਚ ਮੁਲਤਾਨੀ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਗੈਰ ਕਾਨੂੰਨੀ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ, ਉਸ ਸਮੇਂ ਦੇ ਐਸਐਚਓ ਖ਼ਿਲਾਫ਼ ਕਿਉਂ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਵਿਦੇਸ਼ ਵਿੱਚ ਬੈਠੇ ਤਤਕਾਲੀ ਥਾਣਾ ਮੁਖੀ ਕੇਆਈਪੀ ਸਿੰਘ ਨੇ ਆਪਣੇ ਵਕੀਲ ਐਸਪੀਐਸ ਭੁੱਲਰ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਕਿ ਉਸ ਦੇ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਕਾਨੂੰਨ ਤੋਂ ਭੱਜੇ ਨਹੀਂ ਹਨ ਬਲਕਿ ਨੌਕਰੀ ਦੇ ਸਿਲਸਿਲੇ ਵਿੱਚ ਵਿਦੇਸ਼ ਗਏ ਹੋਏ ਹਨ। ਇਸ ਸਬੰਧੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 9 ਨਵੰਬਰ ਤੱਕ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।
ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਪਰਦੀਪ ਸਿੰਘ ਵਿਰਕ ਨੇ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਸੀ ਕਿ 29 ਸਾਲ ਪਹਿਲਾਂ 11 ਦਸੰਬਰ 1991 ਨੂੰ ਸਾਬਕਾ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਇੱਥੋਂ ਦੇ ਫੇਜ਼-7 ਸਥਿਤ ਘਰੋਂ ਚੁੱਕ ਕੇ ਸੈਕਟਰ-17 ਦੇ ਥਾਣੇ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਜਿੱਥੇ ਉਸ ’ਤੇ ਬੇਤਹਾਸ਼ਾ ਤਸ਼ੱਦਦ ਢਾਹਿਆਂ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪ੍ਰੰਤੂ ਸਬੰਧਤ ਥਾਣੇ ਦੇ ਉਸ ਸਮੇਂ ਦੇ ਐਸਐਚਓ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਤਰ੍ਹਾਂ ਜਦੋਂ ਸਾਬਕਾ ਡੀਜੀਪੀ ਖ਼ਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਗਿਆ ਤਾਂ ਉਦੋਂ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਤਤਕਾਲੀ ਥਾਣਾ ਮੁਖੀ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਪਰ ਉਹ ਹੁਣ ਤੱਕ ਕਾਨੂੰਨੀ ਕਾਰਵਾਈ ਤੋਂ ਬਚਦਾ ਆ ਰਿਹਾ ਸੀ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸਮੇਤ ਐਸਪੀ ਬਲਦੇਵ ਸਿੰਘ ਸੈਣੀ ਅਤੇ ਪੰਜ ਸੇਵਾਮੁਕਤ ਇੰਸਪੈਕਟਰਾਂ ਸਤਵੀਰ ਸਿੰਘ, ਹਰ ਸਹਾਏ ਸ਼ਰਮਾ, ਜਗੀਰ ਸਿੰਘ, ਅਨੋਖ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਖ਼ਿਲਾਫ਼ ਧਾਰਾ 364, 201, 344, 330 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਕਤ ਦੀ ਧਾਰਾ 302 ਵੀ ਜੋੜ ਦਿੱਤੀ ਗਈ ਹੈ। ਐਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਮੁਲਜ਼ਮ ਵਾਅਦਾ ਮੁਆਫ਼ ਗਵਾਹ ਬਣ ਚੁੱਕੇ ਹਨ। ਸੈਣੀ ਹੁਣ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਚਲਾ ਗਿਆ ਹੈ। ਉਸ ਨੇ ਸੁਪਰੀਮ ਕੋਰਟ ਵਿੱਚ ਉਸ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਕੇਸ ਨੂੰ ਮੁੱਢੋਂ ਰੱਦ ਕਰਨ ਅਤੇ ਪੱਕੀ ਜ਼ਮਾਨਤ ਦੀ ਗੁਹਾਰ ਲਗਾਈ ਗਈ ਹੈ। ਇਹ ਦੋਵੇਂ ਮਾਮਲੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹਨ। ਅਦਾਲਤ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਈ ਗਈ ਹੈ ਜਦੋਂਕਿ ਕੇਸ ਰੱਦ ਕਰਨ ਬਾਰੇ ਪੰਜਾਬ ਸਰਕਾਰ ਅਤੇ ਪੀੜਤ ਪਰਿਵਾਰ ਨੂੰ ਆਪਣਾ ਜਵਾਬ ਦਾਇਰ ਕਰਨ ਲਈ ਆਖਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …